ਨਿਰਮਲ ਦੱਤ ਦੇ ਪੰਜ ਦੋਹੇ ਅਤੇ ਤਿੰਨ ਨਜ਼ਮਾਂ

ਸ਼ਬਦ ਚਾਨਣੀ---ਨਿਰਮਲ ਦੱਤ




ਦੋਹੇ

 

ਫੁੱਲ ਰੰਗਾਂ ਨੂੰ ਕਹਿ ਰਹੇ ਸਭ ਕੁਝ ਨਹੀਂ ਹੈ ਠੀਕ,

ਕਿੱਥੇ ਗਈਆਂ ਤਿਤਲੀਆਂ, ਲੰਮੀਂ ਹੋਈ ਉਡੀਕ.

 

ਭੀੜ ਤਮਾਸ਼ਾ ਵੇਖਦੀ, ਰੌਲ਼ਾ ਪਵੇ ਬੜਾ,

ਦੋ ਮੁਸ਼ਟੰਡੇ ਆਪਣੇ ਰੱਬ ਨੇ ਰਹੇ ਲੜਾ.

 

ਭੀੜ ਜੈਕਾਰੇ ਮਾਰਦੀ ਹੋਵੇ ਲਹੂ-ਲੁਹਾਣ,

ਤੇ ਮੁਸ਼ਟੰਡੇ ਸਾਜ਼ਿਸ਼ੀ ਗੱਦੀਆਂ 'ਤੇ ਆ ਜਾਣ.

 

ਦਿਲ ਧਰਤੀ ਦਾ ਬਿੰਨ੍ਹ ਰਹੀ ਜ਼ਾਲਮ ਦੀ ਤਲਵਾਰ,

ਗੁੰਮ-ਸੁੰਮ ਬੈਠ ਦੇਖਦੇ ਗਿਰਵੀ-ਪਏ ਅਵਤਾਰ. 

 

ਠਰਦੀ-ਠਰਦੀ ਧੁੱਪ ਦਵੇਂ, ਸੜਦੀ ਚੰਨ ਦੀ ਰਾਤ,

ਯਾਰੀ ਹੈ ਕਿ ਦੁਸ਼ਮਣੀਂ, ਸਜਾ ਹੈ ਕਿ ਸੌਗਾਤ?

 

ਨਜ਼ਮਾਂ

 



ਬਾਗ਼ੀ

 

ਛੱਡ ਆਏ ਹਾਂ ਬਹੁਤ ਪਿੱਛੇ

ਉਹ ਬੁੱਤਾਂ ਦਾ ਸ਼ਹਿਰ

ਜਿਸਦੀਆਂ ਮਮਟੀਆਂ 'ਤੋਂ

ਹੋਇਆ ਨਾ ਕਦੇ ਚੰਨ ਦਾ ਦੀਦਾਰ

ਜਿੱਥੇ ਸੂਰਜ ਦਾ ਤਸੱਵਰ ਵੀ ਗੁਨਾਹ ਵਰਗਾ ਸੀ;

 

ਉੱਥੇ, ਉਸ ਸ਼ਹਿਰ '

ਕਈ ਸਦੀਆਂ ਪੁਰਾਣੇ ਟੂਣੇ

ਕਿੰਨੇ ਹੀ ਧੂਫ਼-ਧੁਆਂਖੇ ਮੰਤਰ

ਪੀੜ ਤੋਂ ਬਚਣ ਲਈ

ਰੂਪ ਤੋਂ, ਰੰਗ ਤੋਂ,

ਖ਼ੂਸ਼ਬੂ ਤੋਂ ਅਤੇ ਗੀਤਾਂ ਤੋਂ

ਜਾਨ ਤੋਂ ਪਿਆਰੀਆਂ, ਮੋਹ-ਭਿੱਜੀਆਂ ਪ੍ਰੀਤਾਂ ਤੋਂ

ਮੁਕਰਨ ਦੀ ਸਲਾਹ ਦਿੰਦੇ ਸਨ;

 

ਜਦੋਂ ਤੋਂ ਹੋਏ ਨੇ ਚੰਨ ਦੇ ਦਰਸ਼ਨ

ਜਦ ਤੋਂ ਮਿਲਿਆ ਹੈ ਸੂਰਜ ਦਾ ਪਤਾ

ਬੁੱਤਾਂ ਤੋਂ, ਟੂਣਿਆਂ ਤੋਂ, ਮੰਤਰਾਂ ਤੋਂ ਬਾਗ਼ੀ ਹਾਂ

ਸਾਰੀ ਕਾਇਨਾਤ 'ਚ ਦਿਸਦੀ ਹੈ ਇੱਕ ਨਵੀਂ ਤਰਤੀਬ.

 

ਮੇਰੇ ਲਈ ਰੱਬ

 

ਮੈਂ ਐਸੇ ਰੱਬ ਨੂੰ ਮੰਨਣ ਤੋਂ

ਕੋਈ ਇਨਕਾਰ ਨਹੀਂ ਕਰਦਾ

ਕਿ ਜਿਹੜਾ ਰੱਬ

ਨਿਰਾਸ਼ੇ ਪੁੱਤ ਦੇ

ਵਾਲ਼ਾਂ 'ਚ ਫ਼ਿਰਦੇ

ਮਾਂ ਦੇ ਹੱਥ ਵਰਗਾ;

 

ਮੈਂ ਐਸੇ ਰੱਬ ਨੂੰ ਮੰਨਣ ਤੋਂ

ਕੋਈ ਇਨਕਾਰ ਨਹੀਂ ਕਰਦਾ

ਕਿ ਜਿਹੜਾ ਰੱਬ

ਮੇਰੇ ਵਗਦੇ ਹੋਏ ਨੈਣਾਂ ਲਈ

ਪਤਨੀ ਦਾ ਪੱਲਾ ਹੈ;

 

ਮੈਂ ਐਸੇ ਰੱਬ ਨੂੰ ਮੰਨਣ ਤੋਂ

ਕੋਈ ਇਨਕਾਰ ਨਹੀਂ ਕਰਦਾ

ਕਿ ਜਿਸ ਦੀ ਆਰਤੀ ਲਈ

ਮੇਰੇ ਬੱਚੇ ਦੇ

ਪਿਆਰੇ, ਤੋਤਲੇ ਜਿਹੇ ਬੋਲ ਕਾਫ਼ੀ ਨੇ;

 

ਮੈਂ ਐਸੇ ਰੱਬ ਨੂੰ ਮੰਨਣ ਤੋਂ

ਕੋਈ ਇਨਕਾਰ ਨਹੀਂ ਕਰਦਾ

ਕਿ ਜਿਹੜਾ ਰੱਬ

ਮੇਰੇ ਵੇਹੜੇ '

ਤਪਦੇ ਹਾੜ੍ਹ ਵਿੱਚ ਵਰ੍ਹਦੀ ਹੋਈ

ਕਮਲ਼ੀ ਜਿਹੀ ਬੱਦਲੀ...!

 

ਰੱਬ ਤੇਰਾ ਦੁਸ਼ਮਣ ਨਹੀਂ
 

ਰੱਬ ਤੇਰਾ ਦੁਸ਼ਮਣ ਨਹੀਂ

ਤੂੰ ਐਵੇਂ ਸਿਰ ਫੜਕੇ ਨਾ ਬਹਿ

ਏਸ ਦੁਨੀਆਂ, ਓਸ ਦੁਨੀਆਂ ਦੇ

ਨਾ ਤੂੰ ਚੱਕਰ 'ਚ ਪੈ.

 

ਇੱਕ ਦੁਨੀਆਂ ਸੱਚ ਹੈ

ਤੇ ਦੂਸਰੀ ਸੰਭਾਵਨਾ

ਇੱਕ ਦੁਨੀਆਂ ਸਵਾਦ ਹੈ

ਤੇ ਦੂਸਰੀ ਹੈ ਕਾਮਨਾ.

 

ਇੱਕ ਦੁਨੀਆਂ ਬੀਜ ਹੈ

ਤੇ ਦੂਸਰੀ ਖ਼ੁਸ਼ਬੂ ਦਾ ਖ਼ਾਬ

ਇੱਕ ਜੇ ਆਵਾਜ਼

ਦੂਜੀ ਹੈ ਤਰੰਨੁਮ ਦਾ ਸ਼ਬਾਬ.

 

ਧਰਤ ਨੂੰ ਬਾਹਾਂ 'ਚ ਲੈ ਕੇ

ਅਰਸ਼ ਵਿੱਚ ਲਾ ਤਾਰੀਆਂ

ਨਹੀਂ ਮਨਾਹੀ, ਫ਼ਲ ਵੀ ਖਾ

ਤੇ ਰੱਖ ਖ਼ੁਦਾ ਨਾਲ਼ ਯਾਰੀਆਂ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

 

Post a Comment

0 Comments