ਪੁਸਤਕ ਰੀਵਿਊ
ਅੰਤਰਮਨ ਦੀ ਯਾਤਰਾ ਕਰਦਾ ਗ਼ਜ਼ਲ ਸੰਗ੍ਰਹਿ ਵੰਝਲੀ ਦੀ ਤਾਨ
ਜਗਜੀਤ ਕੌਰ ਢਿੱਲਵਾਂ ਨੇ
ਆਪਣਾ ਸਾਹਿਤਕ ਸਫ਼ਰ ਪਲੇਠੀ ਵਾਰਤਕ ਪੁਸਤਕ ' ਸਿਰ ਸੋਹੰਦੀ
ਫੁਲਕਾਰੀ' ਨਾਲ 2015 ਵਿੱਚ
ਸ਼ੁਰੂ ਕੀਤਾ ਸੀ ਅਤੇ ਵਰਤਮਾਨ ਸਾਲ ਵਿਚ ਉਹ ਵਾਰਤਕ ਤੋਂ ਕਾਵਿ ਵਿਧਾ ਗ਼ਜ਼ਲ ਵੱਲ ਮੁੜੀ ਹੈ। ਆਮ
ਤੌਰ ਤੇ ਅਤੇ ਜਿਆਦਾਤਰ ਲੇਖਕ ਕਾਵਿ ਵਿਧਾ ਤੋਂ ਵਾਰਤਕ ਵੱਲ ਕਦਮ ਵਧਾਉਂਦੇ ਹਨ। ਖ਼ੈਰ! ਢਿੱਲਵਾਂ
ਦਾ ਪਲੇਠਾ ਗ਼ਜ਼ਲ ਸੰਗ੍ਰਹਿ "ਵੰਝਲੀ ਦੀ ਤਾਨ' ਪਾਠਕਾਂ ਦੀ ਸੱਥ
ਵਿੱਚ ਪੁੱਜਾ ਹੈ। ਤੇਜਿੰਦਰ ਚੰਡਿਹੋਕ
ਗ਼ਜ਼ਲ ਆਪਣੇ ਮੂਲ ਤੋਂ ਹੁਣ
ਬਹੁਤ ਅੱਗੇ ਨਿਕਲ ਗਈ ਹੈ। ਗ਼ਜ਼ਲ ਦਾ ਅਰਥ, ਵਿਸ਼ਾ ਅਤੇ
ਸੰਰਚਨਾ ਬਹੁਤ ਵਿਸ਼ਾਲ ਹੋ ਗਏ ਹਨ। ਵਰਤਮਾਨ ਸਮੇਂ ਗ਼ਜ਼ਲ ਪ੍ਰੇਮ ਪ੍ਰਸੰਗ ਨੂੰ ਪਿੱਛੇ ਛੱਡ ਕੇ
ਹਾਲਾਤਾਂ ਅਨੁਸਾਰ ਸਮਾਜਿਕ, ਰਾਜਨੀਤਕ, ਆਰਥਿਕ, ਵਾਤਾਵਰਨ, ਧਾਰਮਿਕ ਆਦਿ ਕਈ
ਵਿਸ਼ਿਆਂ ਨੂੰ ਲੈ ਕੇ ਸਿਰਜੀ ਜਾ ਰਹੀ ਹੈ। ਕਿਉੰਕਿ ਹੁਣ ਗ਼ਜ਼ਲ ਦੇ ਅਰਥ ਬਦਲ ਗਏ ਹਨ। ਹੁਣ ਹਰ
ਲੇਖਕ ਨੂੰ ਗ਼ਜ਼ਲ ਵਿਧਾ ਚੰਗੀ ਲੱਗਣ ਲੱਗ ਪਈ ਹੈ। ਖੁੱਲੀ ਕਵਿਤਾ ਅਤੇ ਤੁਕਾਂਤਮਈ ਕਵਿਤਾ ਦਾ ਆਪੋ
ਆਪਣਾ ਟੇਸਟ ਹੈ। ਗ਼ਜ਼ਲ ਤੇ ਵਿਦਵਾਨਾਂ ਨੇ ਐਨੀਆਂ ਬੰਦਸ਼ਾਂ ਲਾ ਦਿੱਤੀਆਂ ਹਨ ਕਿ ਬਹੁਤੇ ਗ਼ਜ਼ਲ
ਲੇਖਕਾਂ ਦੀ ਸਮਝ ਤੋਂ ਬਾਹਰ ਹੋ ਗਈ ਹੈ।
ਵੰਝਲੀ ਦੀ
ਤਾਨ ਨੂੰ ਵਾਚੀਏ ਤਾਂ ਪੁਸਤਕ ਦਾ ਨਾਂ ਉਸ ਕਾਵਿਕ ਰੂਪ ਵਿੱਚ ਰੱਖਿਆ ਗਿਆ ਹੈ ਜਿਸ ਨੂੰ ਲੈਅ
-ਬੱਧ ਹੋਣਾ ਚਾਹੀਦਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ 76 ਗ਼ਜ਼ਲਾਂ ਸ਼ਾਮਲ ਹਨ। ਸ਼ਾਇਰਾ ਇਹ ਪੁਸਤਕ
ਸ਼ਾਇਰੀ ਦੀ ਗੁੜ੍ਹਤੀ ਅਤੇ ਸੂਖਮ ਅਹਿਸਾਸ ਦੇਣ ਵਾਲੇ ਪਿਤਾ ਮਾਤਾ ਨੂੰ ਸਮਰਪਿਤ ਕਰਦਿਆਂ ਬਦਲਦੇ
ਹਾਲਾਤ ਅਤੇ ਮਨੁੱਖ ਦੀ ਸੋਚ, ਅੱਗਾ ਦੌੜ ਦੀ ਗੱਲ
ਕਰਦੀ, ਗੁਰੂ ਨਾਨਕ ਅੱਗੇ
ਅਰਦਾਸ ਕਰਦੀ ਸ਼ਾਇਰੀ ਦਾ ਆਗਾਜ਼ ਕਰਦੀ ਹੈ। ਉਸ ਦੀਆਂ ਗ਼ਜ਼ਲਾਂ ਵਿਚ ਵਹਿਸ਼ਤ, ਔਰਤ ਦਾ
ਸ਼ਸ਼ਤੀਕਰਣ, ਪ੍ਰੇਮ ਭਾਵ ਸੀ
ਘਾਟ,
ਲੋਕਾਂ ਦਾ ਪੈਸੇ ਵਾਲਿਆਂ ਅਤੇ ਅਮੀਰ ਲੋਕਾਂ ਮੇਲਜੋਲ, ਨਫ਼ਰਤਾਂ, ਜਨਤਾ ਵਿੱਚ
ਵਧੀਕੀਆਂ ਅਤੇ ਪੰਛੀਆਂ ਦਾ ਪਰਵਾਸ ਕਰਨਾ ਆਦਿ ਸਪਸ਼ਟ ਝਲਕਦਾ ਹੈ। ਭਾਵੇਂ ਪੁਸਤਕ ਦਾ ਨਾਮਕਰਨ ਇਕ
ਸੂਖਮਤਾ ਦਰਸਾਉਂਦਾ ਹੈ, ਪ੍ਰੇਮ ਭਾਵ ਦਾ
ਅਭਾਵ ਪੇਸ਼ ਕਰਦਾ ਹੈ ਪਰ ਇਸ ਪੁਸਤਕ ਵਿਚਲੀ ਸ਼ਾਇਰੀ ਵਿੱਚੋ ਅਸ਼ਲੀਲਤਾ ਬਿਲਕੁੱਲ ਨਹੀਂ ਝਲਕਦੀ।
ਪੁਸਤਕ ਦੀ ਸਿਰਲੇਖ ਗ਼ਜ਼ਲ ਵੰਝਲੀ ਦੀ ਤਾਨ ਨੂੰ ਤੀਜਾ ਸਥਾਨ ਹਾਸਲ ਹੈ, ਜਿਸ ਵਿੱਚ ਪੰਜਾਬ
ਵਿੱਚ ਵਗਦੇ ਛੇਵੇਂ ਦਰਿਆ ਨਸ਼ੇ ਦੀ ਗੱਲ ਕੀਤੀ ਗਈ ਹੈ ਜਿਹੜਾ ਅੱਜਕਲ ਚਿੱਟੇ ਦੇ ਨਾਂ ਹੇਠ ਲੋਕਾਂ
ਦੇ ਆਚਰਣ, ਸਰੀਰ ਅਤੇ ਆਤਮਾ
ਨੂੰ ਕਾਲਾ ਕਰਦਾ ਜਾ ਰਿਹਾ ਹੈ। ਸ਼ਾਇਰਾ ਕੁਦਰਤ ਦੇ ਵਾਂਝੇ ਰਹੇ ਨਜ਼ਾਰਿਆਂ ਤੋਂ ਚਿੰਤਤ ਪ੍ਰਤੀਤ ਹੁੰਦੀ ਹੈ। ਇਸ ਦਾ ਇੱਕ
ਸ਼ਿਅਰ ਹੈ -
ਕੂਕਦੇ ਕਿਉਂ ਮੋਰ ਨਾ, ਕਾਲ਼ੀ ਘਟਾ ਨੂੰ
ਵੇਖ ਕੇ ?
ਤਿਤਲੀਆਂ ਹੁਣ ਕਾਸਤੋਂ, ਫੁੱਲਾਂ ਦੁਆਲੇ ਭਾਉਣ ਨਾ?
ਪੁਸਤਕ ਵਿਚ ਔਰਤ ਦੀ
ਤ੍ਰਾਸਦੀ ਨੂੰ ਬਿਆਨ ਕੀਤਾ ਗਿਆ ਹੈ ਕਿ ਅੱਜ ਦੇ ਆਧੁਨਿਕ ਅਤੇ ਅਗਾਂਹ ਵਧੂ ਜ਼ਮਾਨੇ ਵਿਚ ਵੀ ਔਰਤ
ਦੀ ਇਹ ਸਥਿਤੀ ਬਦਲੀ ਕਿਉਂ ਨਹੀਂ।ਮਰਦ ਬਰਾਬਰ ਹੱਕ ਰੱਖਣ ਵਾਲੀ ਔਰਤ ਅੱਜ ਵੀ ਉਹ ਮਰਦ ਪ੍ਰਧਾਨ
ਸਮਾਜ ਵਿੱਚ ਤਾਹਨੇ - ਮਿਹਣੇ ਸੁਣਦੀ, ਹਉਕੇ ਭਰਦੀ, ਡਰਦੀ ਅਤੇ ਨਿੱਤ
ਦਿਨ ਮਰਦੀ ਹੈ ਔਰਤ। ਗ਼ਜ਼ਲ ਦਾ ਸ਼ਿਅਰ ਹੈ -
ਤਾਹਨੇ - ਮਿਹਣੇ ਜਰਦੀ ਔਰਤ।
ਕਿਉਂ ਹੈ ਏਨੀ ਡਰਦੀ ਔਰਤ?
ਸ਼ਾਇਰਾ ਆਪਣੀ ਪੁਸਤਕ ਵਿਚ ਲੋਕਾਈ ਨੂੰ ਸੁਝਾਅ ਦਿੰਦੀ ਵੀ ਪ੍ਰਤੀਤ ਹੁੰਦੀ ਹੈ ਜਦੋਂ ਸ਼ਾਇਰੀ
ਆਖਦੀ ਹੈ ਕਿ -
ਫੁੱਲ ਤਰ੍ਹਾਂ ਕਿਰਦਾਰ ਬਣਾ ਕੇ ਵੇਖ ਜ਼ਰਾ।
ਦਰਦਾਂ ਨੂੰ ਗ਼ਮਖ਼ਾਰ ਬਣਾ ਕੇ ਵੇਖ ਜ਼ਰਾ।
ਬੁੱਲ੍ਹੇ ਵਾਂਗੂੰ ਮਸਤੀ ਸਿਰ ਚੜ੍ਹ ਬੋਲੇਗੀ,
ਰੂਹ ਅਪਣੀ ਨੂੰ ਯਾਰ ਬਣਾ ਕੇ ਵੇਖ ਜ਼ਰਾ।
ਇਸੇ ਤਰ੍ਹਾਂ ਉਸ ਦੀ
ਸ਼ਾਇਰੀ ਜ਼ੁਲਮ ਤੇ ਸਿਆਸਤ ਦਾ ਟਾਕਰਾ ਕਰਨ ਲਈ ਤਿਆਰ ਦਿਖਾਈ ਦਿੰਦੀ ਹੈ। ਉਹ ਹਰ ਤਰ੍ਹਾਂ ਦੀਆਂ
ਸਿਆਸੀ ਚਾਲਾਂ ਨੂੰ ਵੰਗਾਰਦਿਆਂ ਦੋ ਸ਼ੇਅਰ ਗੌਰ ਤਲਬ ਹਨ। ਆਓ ਉਹਨਾਂ ਸ਼ਿਅਰਾਂ ਨੂੰ ਦੇਖੀਏ -
ਭਲਾ ਕਿਉਂ ਸੋਚਦਾ ਜ਼ਾਲਮ ਕਿ ਜਜ਼ਬਾ ਠਾਰ ਦੇਵੇਗਾ,
ਸਜ਼ਾ ਜੇ ਉਸਦੀ ਲੁਹਵੀਂ ਅਸਾਡੇ ਸਿਰੜ ਵੀ ਤੱਤੇ।
ਸਿਆਸਤ ਦਾ ਨਸ਼ਾ ਭੈੜਾ ਬੜਾ ਹੈ ਸੱਚ ਕਹਿੰਦੀ ਹਾਂ,
ਸਿਆਸੀ ਲੋਕ ਐਵੇਂ ਤਾਂ ਨਹੀਂ ਹਨ ਖੇਡਦੇ ਪੱਤੇ।
ਭਾਵੇਂ ਸ਼ਾਇਰਾ ਜਗਜੀਤ ਕੌਰ ਢਿੱਲਵਾਂ ਅਸਲੋਂ ਨਵੀਂ ਗ਼ਜ਼ਲਗੋ ਹੈ ਪਰ ਇਹ ਉਸ ਦਾ ਪਲੇਠਾ ਉੱਦਮ ਹੋਣ ਕਰਕੇ ਕੁਝ ਗ਼ਜ਼ਲਾਂ, ਬਹਿਰਾਂ ਵਿਚ ਦੋਸ਼ ਵੀ ਹਨ। ਇਸ ਨੇ ਚੰਗੇ ਵਿਸ਼ਿਆਂ ਦੀ ਚੋਣ ਕੀਤੀ ਹੈ ਅਤੇ ਸਰਲ ਭਾਸ਼ਾ ਨੂੰ ਅਪਣਾਇਆ ਹੈ। 87 ਪੰਨਿਆਂ ਦੀ ਇਸ ਪੁਸਤਕ ਨੂੰ ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ ਕੀਮਤ 150/- ਰੁਪਏ ਹੈ। ਇਸ ਪੁਸਤਕ ਨੂੰ ਖ਼ੁਸ਼ ਆਮਦੀਦ ਆਖਦਿਆਂ ਅਤੇ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਚੰਗੀ ਸ਼ਾਇਰੀ ਦੀ ਆਸ ਕਰਦੇ ਹਾਂ।
ਪ੍ਰਧਾਨ, ਲੇਖਕ ਪਾਠਕ ਸਾਹਿਤ
ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.