ਕਵਿਤਾ ਦੇ ਪੈਰਾਂ ਵਿੱਚ ਕਵੀ

ਪੁਸਤਕ ਰੀਵਿਊ 


ਸੁਖਮਿੰਦਰ ਸੇਖੋਂ ਦੀ ਪੁਸਤਕ ਕਵਿਤਾ ਦੇ ਪੈਰਾਂ ਵਿੱਚ ਕਵੀ 

ਸੁਖਮਿੰਦਰ ਸੇਖੋਂ ਬਹੁ-ਪੱਖੀ ਲੇਖਕ ਹੈ।ਜਿਸ ਦੀਆਂ ਹੁਣ ਤੱਕ ਡੇਢ ਦਰਜਨ ਮੌਲਿਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।ਉਹ ਇੱਕ ਕਹਾਣੀਕਾਰ, ਨਾਟਕਕਾਰ, ਮਿੰਨੀ ਕਹਾਣੀ ਲੇਖਕ ਅਤੇ ਵਿਅੰਗਕਾਰ ਤੋਂ ਬਾਅਦ ਇੱਕ ਸ਼ਾਇਰ ਵੀ ਬਣ ਗਿਆ ਹੈ। ਬੇਸ਼ਕ ਉਸ ਦੀਆਂ ਕਵਿਤਾਵਾਂ ਵੱਖ ਵੱਖ ਅਖ਼ਬਾਰਾਂ/ਰਸਾਲਿਆਂ ਵਿੱਚ ਸਮੇਂ ਸਮੇਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਪਰ ਪੁਸਤਕ ਰੂਪ ਵਿੱਚ ਹੁਣ ਉਸ ਦਾ ਪਲੇਠਾ ਕਾਵਿ ਸੰਗ੍ਰਹਿ;ਕਵਿਤਾ ਦੇ ਪੈਰਾਂ ਵਿੱਚ ਕਵੀ ਪ੍ਰਕਾਸ਼ਿਤ ਹੋ ਕੇ ਪਾਠਕਾਂ ਤੱਕ ਪੁੱਜਾ ਹੈ।

ਸੁਖਮਿੰਦਰ ਸੇਖੋਂ ਦਾ ਲਿਖਣ ਦਾ ਆਪਣਾ ਇੱਕ ਵੱਖਰਾ ਅੰਦਾਜ਼ ਹੈ।ਉਹ ਕਹਾਣੀ ਬਿਆਨ ਕਰਦਾ ਕਰਦਾ ਆਪਣੀ ਲੋੜ ਅਨੁਸਾਰ ਕਿਸੇ ਜਗ੍ਹਾ ਨਾਟਕ ਵਾਂਗੂੰ ਦ੍ਰਿਸ਼ ਸਿਰਜ ਸਕਦਾ ਹੈ ਜਾਂ ਉਸ ਤਰ੍ਹਾਂ ਡਾਇਲਾਗ ਲਿਖ ਸਕਦਾ ਹੈ। ਨਾਵਲ ਵਿੱਚ ਵੀ ਉਸ ਨੇ ਕਈ ਨਵੇਂ ਤਜਰਬੇ ਕੀਤੇ ਹਨ।ਇਸ ਤੋਂ ਇਲਾਵਾ ਉਹ ਫ਼ਿਲਮ ਨਗਰੀ ਬਾਰੇ ਵੀ ਵੱਡਮੁੱਲੀ ਜਾਣਕਾਰੀ ਰੱਖਦਾ ਹੈ। ਫ਼ਿਲਮੀ ਹਸਤੀਆਂ ਬਾਰੇ ਵੀ ਉਸ ਦੇ ਲੇਖ ਛਪਦੇ ਰਹਿੰਦੇ ਹਨ। ਅਨੁਵਾਦ ਕਾਰਜ ਵੀ ਉਹ ਕਰਦਾ ਰਹਿੰਦਾ ਹੈ।

ਹੱਥਲੇ ਕਾਵਿ ਸੰਗ੍ਰਹਿ ਵਿੱਚ ਵੀ ਉਸ ਦੀ ਵੱਖਰੀ ਸ਼ੈਲੀ ਵੇਖਣ ਨੂੰ ਮਿਲਦੀ ਹੈ।ਉਸ ਨੇ ਜਿੱਥੇ ਕਵਿਤਾ ਰਾਹੀਂ ਲੋਕ ਪੱਖੀ ਗੱਲ ਕੀਤੀ ਹੈ ਉੱਥੇ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਸ਼ਾਇਰਾਂ ਨੂੰ ਸੰਬੋਧਨ ਹੁੰਦਿਆਂ ਕਈ ਸਵਾਲ ਵੀ ਕੀਤੇ ਹਨ ਅਤੇ ਕਵੀਆਂ ਦੀਆਂ ਕਿਸਮਾਂ ਵੀ ਬਿਆਨ ਕੀਤੀਆਂ ਹਨ।ਇਸ ਪੁਸਤਕ ਵਿੱਚ ਖੁਲ੍ਹੀਆਂ ਅਤੇ ਲੈਅਬੱਧ ਦੋਵੇਂ ਤਰ੍ਹਾਂ ਦੀਆਂ ਕਵਿਤਾਵਾਂ ਦਰਜ ਹਨ। ਆਪਣੇ ਅਹਿਸਾਸ ਪ੍ਰਗਟ ਕਰਨ ਲਈ ਉਸ ਨੇ ਕੁੱਝ ਛੋਟੀਆਂ ਕਵਿਤਾਵਾਂ ਵੀ ਇਸ ਪੁਸਤਕ ਵਿੱਚ ਸ਼ਾਮਿਲ ਕੀਤੀਆਂ ਹਨ।

ਇੱਥੇ ਆਪਾਂ ਇਸ ਪੁਸਤਕ ਵਿੱਚੋਂ ਕਵਿਤਾਵਾਂ ਦੇ ਕੁੱਝ ਅੰਸ਼ ਮਾਣਦੇ ਹਾਂ;

ਕਦੇ ਚੁੱਪ ਨਹੀਂ ਰਹਿੰਦੀ 

ਕਵਿਤਾ ਸੱਚ ਦੀ ਆਵਾਜ਼ ਬਣੇ

ਦੁਖੀਏ ਲਈ ਫਰਿਆਦ ਬਣੇ

ਕਾਤਲ ਲਈ ਤਲਵਾਰ ਬਣੇ

ਮਜ਼ਲੂਮਾਂ ਲਈ ਢਾਲ ਬਣੇ

—---

ਇੱਕ ਹੋਰ ਵੰਨਗੀ ਵੇਖੋ;

ਵੇਖੇ ਰੁਲਦੇ ਅੱਜ ਉਹ ਬਾਜ਼ਾਰਾਂ ਵਿਚ 

ਨਾਮ ਜਿਨ੍ਹਾਂ ਦਾ ਸੀ ਕਦੇ ਸਰਦਾਰਾਂ ਵਿਚ 

ਘੱਟੇ ਵਿਚ ਬਚਪਨ ਐਵੇਂ ਰੁਲ ਗਿਆ 

ਜਵਾਨੀ ਬੁੱਢੀ ਹੋ ਗਈ ਕੰਮਾਂ ਕਾਰਾਂ ਵਿਚ 

—--

ਇੱਕ ਵੰਨਗੀ ਹੋਰ;

ਬਾਜ਼ਾਰ ਚੌਵੀ ਘੰਟੇ ਖੁੱਲ੍ਹਾ ਹੈ 

ਤੁਹਾਡੇ ਸਿਰ ‘ਤੇ ਸਵਾਰ 

ਖਰੀਦਦਾਰ ਹੋ 

ਕੀ ਕੀ ਖਰੀਦੋਗੇ?

ਤਨ ਮਨ ਤਾਂ ਹੈ 

ਪਹਿਲਾਂ ਹੀ ਗਿਰਵੀ 

ਜ਼ਮੀਰ ਕਿੱਥੇ ਗਵਾਚੀ 

ਈਮਾਨ ਕਿੱਥੋਂ ਲੱਭੋਗੇ?

ਦਿਲ ਦੇ ਮਕਾਨ ਦੀ 

ਆਖਰੀ ਕਿਸ਼ਤ ਦੀ ਅਦਾਇਗੀ 

ਜੇਕਰ ਹੈ ਅਜੇ ਬਾਕੀ 

ਤਾਂ ਸਾਰੇ ਮਾਲਕਾਨਾ ਹੱਕ ਜ਼ਬਤ 

ਕਾਰਪੋਰੇਟ ਦੇ ਜਬਾੜਿਆਂ ਤੋਂ 

ਆਖਰ ਕਦੋਂ ਤੱਕ ਬਚੋਗੇ?

80 ਪੰਨਿਆਂ ਦੀ ਇਸ ਪੁਸਤਕ ਵਿੱਚ ਉਸ ਦੀਆਂ 70 ਕਵਿਤਾਵਾਂ ਸ਼ਾਮਿਲ ਹਨ। ਪੁਸਤਕ ਨੂੰ ਪ੍ਰਕਾਸ਼ਿਤ ਕੀਤਾ ਹੈ ਸਾਹਿਤਯ ਕਲਸ਼ ਪਬਲੀਕੇਸ਼ਨ ਪਟਿਆਲਾ ਨੇ ਅਤੇ ਕੀਮਤ 200/ਰੁਪਏ ਹੈ।

ਸਰਬਜੀਤ ਧੀਰ 

ਮੋਬਾਈਲ -8872218418

Email- editor@sahitaksanjh.com

ਵੀਡੀਓ ਦੇਖਣ ਲਈ ਕਲਿੱਕ ਕਰੋ 

Post a Comment

0 Comments