ਦੋਹੇ ਅਤੇ ਨਜ਼ਮ/ਨਿਰਮਲ ਦੱਤ

ਸ਼ਬਦ ਚਾਨਣੀ---ਨਿਰਮਲ ਦੱਤ



ਦੋਹੇ 


ਸਤਰਾਂ ਦੀ ਉਲਝਣ ਜਿਹੀ, ਰੰਗਾਂ ਦਾ ਸੰਤਾਪ,

ਸੱਤ-ਸ਼ਿਵ-ਸੁੰਦਰ ਚੁੱਪ ਨੇ, ਹਰ ਮੂਰਤ ਵਿਰਲਾਪ.


ਸ਼ਬਦਾਂ ਦੀ 'ਨ੍ਹੇਰੀ ਵਗੇ, ਫ਼ਿਕਰੇ ਬਣੇਂ ਤੂਫ਼ਾਨ,

ਪਤਾ ਨਹੀਂ ਕੀ ਦੱਸ ਰਹੇ ਅਨਪੜ੍ਹ ਜਿਹੇ ਵਿਦਵਾਨ.


'ਨ੍ਹੇਰਾ ਹੀ ਬੱਸ ਜਾਣਦਾ ਧੁੱਪ ਦੇ ਦਿਲ ਦੇ ਰਾਜ਼,

ਜਿੱਦਾਂ ਚੁੱਪ ਦੀ ਦਾਸਤਾਂ ਦੱਸਦੀ ਹੈ ਆਵਾਜ਼.


ਬੇ-ਹੋਸ਼ਾਂ ਦੀ ਫ਼ੌਜ ਹੈ, ਕੱਲੀ-ਕਾਰੀ ਹੋਸ਼,

ਬੰਦ ਬੂਹਿਆਂ ਦਾ ਮਕਰ ਹੈ, ਦਸਤਕ ਦਾ ਨਹੀਂ ਦੋਸ਼. 


ਚਾਨਣ ਵਿੱਚ ਤਾਰੇ ਲੁਕੇ, 'ਨ੍ਹੇਰੇ ਵਿੱਚ ਫੁੱਲ-ਬਾਗ਼,

ਸਭ ਕੁਛ ਤੇਰੇ ਕੋਲ਼ ਹੈ, ਜੇ ਜਾਵੇਂ ਤੂੰ ਜਾਗ.


ਨਜ਼ਮ

ਯਥਾਰਥ 


ਸਰਹੱਦਾਂ ਦੇ ਜ਼ਖ਼ਮ

ਹਮੇਸ਼ਾ ਵਾਂਗ ਹਰੇ ਨੇ;


ਝੌਂਪੜੀਆਂ 'ਤੇ

ਸਦਾ ਵਾਂਗ ਹੀ 

ਸ਼ੀਸ਼ ਮਹਿਲ ਦੀ ਕਾਲ਼ੀ ਛਾਂ ਹੈ;


ਪਹਿਲਾਂ ਵਾਂਗੂੰ 

ਗੰਗਾ ਦੇ ਨਿਰਮਲ ਪਾਣੀ ਵਿੱਚ 

ਨਿੱਕੇ-ਵੱਡੇ ਪਾਪ ਘੁਲ਼ੇ ਰਹੇ;


ਖ਼ਾਹਸ਼ਾਂ ਤੇ ਖ਼ਾਬਾਂ ਦਾ 

ਇੱਕ ਕੋਹਰਾਮ 

ਨਿਰੰਤਰ 

ਨੀਂਦਾਂ ਦੇ ਪਿੰਡੇ ਨੂੰ ਲੜਦਾ;


ਪਰ ਮਾਂ ਦੀ ਲੋਰੀ

ਦੂਰ ਖ਼ਲਾਅ ਵਿੱਚ 

ਗੁੰਮ ਨਹੀਂ ਹੋਈ,

ਹੁਣੇ-ਹੁਣੇ ਜੰਮੀਂ ਬੱਚੀ ਦੇ 

ਲਹੂ-ਕਣਾਂ ਵਿੱਚ ਲਿਖੀ ਗਈ ਹੈ;


ਪੂਜਾ-ਘਰ ਦੇ ਬੁੱਤ

ਹਮੇਸ਼ਾ ਵਾਂਗ ਸਲਾਮਤ,

ਨਿੱਕੇ-ਵੱਡੇ ਡਰ ਤੇ ਸੰਸੇ 

ਧੂਪ ਧੁਖੇ ਤਾਂ 

ਪਤਾ ਨਹੀਂ ਕਿੰਝ ਉੱਡ ਜਾਂਦੇ ਨੇ;


ਸੰਤਾਂ ਦੀ ਬਾਣੀ 'ਚੋਂ 

ਕੁਝ-ਕੁਝ ਮਿੱਠਾ-ਮਿੱਠਾ 

ਮਸਤੀ ਵਰਗਾ 

ਦਿਲ ਦੀਆਂ ਕਸੀਆਂ ਨਾੜਾਂ ਨੂੰ 

ਸਹਿਲਾਅ ਜਾਂਦਾ ਹੈ;

ਮੀਂਹ ਪੈਂਦਾ ਹੈ 

ਮੋਰਾਂ ਦੇ ਪੈਰਾਂ ਵਿੱਚ 

ਸੁੱਤੇ ਨਿਰਤ ਜਾਗਦੇ,

ਫੁਲ ਉੱਗਦੇ ਨੇ,

ਸਿਰ ਤੋਂ ਨੰਗੀਆਂ ਮਹਿਕਾਂ 

ਪਿੰਡ ਦੀਆਂ ਜੂਹਾਂ ਦੇ ਵਿੱਚ 

ਨਸ਼ਿਆਈਆਂ-ਨਸ਼ਿਆਈਆਂ ਘੁੰਮਣ;


ਖੇਤਾਂ ਦੇ ਵਿੱਚ ਦਾਣੇ ਪੱਕਦੇ 

ਚਾਨਣੀਆਂ ਰਾਤਾਂ ਵਿੱਚ ਕੀਤੇ 

ਨਾਲ਼ ਜੀਣ ਦੇ 

ਨਾਲ਼ ਮਰਨ ਦੇ 

ਪੱਕੇ ਵਾਅਦੇ 

ਕਬਰਾਂ ਤੀਕ ਨਿਭਾਏ ਜਾਂਦੇ;


ਬੇ-ਸ਼ੱਕ 

ਸਰਹੱਦਾਂ ਦੇ ਜ਼ਖ਼ਮ 

ਹਮੇਸ਼ਾ ਤਾਜ਼ੇ 

ਸਰਹੱਦਾਂ ਤੋਂ ਐਧਰ-ਔਧਰ 

ਇੱਕ-ਅੱਧ ਸੁਪਨਾ ਅੱਖ ਵਿੱਚ ਰੱਖ ਕੇ 

ਇੱਕ-ਅੱਧ ਆਸ ਵਸਾ ਕੇ ਦਿਲ ਵਿੱਚ 


ਇੱਕ-ਅੱਧ ਗੀਤ ਸਜਾ ਬੁੱਲ੍ਹਾਂ 'ਤੇ

ਜੀਵਨ ਗਤੀਸ਼ੀਲ ਹੈ ਹਰਦਮ 

ਜੀਵਨ ਗਤੀਸ਼ੀਲ ਹੈ ਹਰਦਮ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

    



Post a Comment

0 Comments