ਨਿਰਮਲ ਦੱਤ ਦੇ ਦੋਹੇ ਅਤੇ ਦੋ ਨਜ਼ਮਾਂ

ਸ਼ਬਦ ਚਾਨਣੀ---ਨਿਰਮਲ ਦੱਤ




ਦੋਹੇ

 

ਇੱਕ ਭੁੱਖ ਤੰਗ ਕਰਦੀ ਰਹੇ ਜਦ ਤੱਕ ਖਾਲੀ ਪੇਟ,

ਪੇਟ ਭਰੇ, ਇੱਕ ਹੋਰ ਭੁੱਖ, ਪੇਟੋਂ ਥ੍ਹੋੜਾ ਹੇਠ.

 

ਪੇਟ ਭਰਨ ਦਾ ਹਰ ਜਗ੍ਹਾ, ਹੈ ਹਰ ਇੱਕ ਉਪਚਾਰ,

ਪੇਟੋਂ ਨਿਚਲੀ ਭੁੱਖ ਪਰ ਜੱਗ ਦੇ ਵੱਸ ਤੋਂ ਬਾਹਰ.

 

ਪੇਟੋਂ ਨਿਚਲੀ ਭੁੱਖ ਦਾ ਹੈ ਇੱਕ ਹੀ ਬੱਸ ਹੱਲ,

ਛੱਡ ਬਾਹਰ ਵੱਲ ਵੇਖਣਾਂ, ਚੱਲ, ਅੰਦਰ ਵੱਲ ਚੱਲ.

 

ਅੰਦਰ ਤਾਂ ਪਰ ਕੁਝ ਨਹੀਂ, ਖਾਲੀ-ਖਾਲੀ 'ਨ੍ਹੇਰ,

ਅੰਦਰ ਕੋਈ ਕੀ ਟਿਕੂ, ਤੇ ਕਿਨ੍ਹੀਂ ਕੁ ਦੇਰ?

 

ਹੈ ਥੋੜ੍ਹਾ ਜੇ ਸਬਰ ਤਾਂ ਕਰ ਨਾ ਕੋਈ ਸਵਾਲ,

ਅੰਦਰ ਜਦ ਕੋਈ ਟਿਕ ਗਿਆ, ਹੋਵੇ ਇੱਕ ਕਮਾਲ.

 

ਨਜ਼ਮਾਂ

 

ਮੇਰੇ ਵਿਹੜੇ    

 

ਮੇਰੇ ਵਿਹੜੇ

ਨਿੱਤ ਆ ਵੜਦੇ

ਕਿੰਨੇਂ ਸਾਰੇ ਵਹਿਮ;

 

ਮੇਰੀ ਕੱਚੀ ਛੱਤ 'ਚੋਂ 

ਹਰਦਮ

ਟਿੱਪ-ਟਿੱਪ ਚੋਂਦੇ ਸਹਿਮ;

 

ਇਹਨਾਂ ਮੈਨੂੰ

ਹੋਰ ਸਤਾਉਣਾ

ਜੇ ਮੰਗਾਂਗਾ ਰਹਿਮ;

 

ਵਿਹੜੇ ਅੱਗੇ ਫਾਟਕ ਲਾਉਣਾ,

ਕੱਚੀ ਛੱਤ, ਪੱਕੀ ਕਰਵਾਉਣਾ

ਹੈ ਮੇਰੇ ਲਈ ਅਹਿਮ.


ਮਹਿਕਾਂ ਮੰਗਦੇ ਫੁੱਲ
 

ਮਹਿਕਾਂ ਮੰਗਦੇ ਫੁੱਲ ਫਿਰਦੇ ਨੇ

ਫੜ ਹੱਥਾਂ ਵਿੱਚ ਕਾਸੇ

ਹੰਝੂਆਂ ਦੇ ਬਾਜ਼ਾਰਾਂ ਵਿੱਚੋਂ

ਕਲੀਆਂ ਭਾਲਣ ਹਾਸੇ.

 

ਬੁੱਧ-ਬੋਲਾਂ ਨੂੰ ਤਰਸੇ ਭਿਕਸ਼ੂ

ਭਟਕ ਰਹੇ ਬੇ-ਆਸੇ

ਨਾ ਕੋਈ ਵਜਦ, ਨਾ ਮਸਤੀ ਕਿਧਰੇ

ਸੂਫ਼ੀ ਫਿਰਨ ਉਦਾਸੇ.

 

ਜ਼ੋਰ ਰਾਤ ਦਾ, ਸ਼ੋਰ ਰਾਤ ਦਾ

'ਨ੍ਹੇਰਾ ਚਾਰੇ ਪਾਸੇ

ਕਿਸ ਨੂੰ ਖੋਜ-ਖ਼ਬਰ ਸੂਰਜ ਦੀ

ਦੇਵੇ ਕੌਣ ਦਿਲਾਸੇ?

 

ਫੜਕੇ ਅਪਣੀ ਉਂਗਲੀ ਮਿੱਤਰਾ

ਚੱਲ, ਤੁਰ ਚੱਲ, ਇੱਕ ਪਾਸੇ

ਆਪੇ ਮਨ ਦੀ ਮਿੱਟੀ ਵਿੱਚੋਂ

ਲੱਭ ਲੈ ਲਾਲ ਗੁਆਚੇ.

 

ਬੁੱਧ ਵੀ ਐਥੇ, ਵਜਦ ਵੀ ਐਥੇ

ਐਥੇ ਈ ਮਹਿਕਾਂ, ਹਾਸੇ

ਐਥੇ ਹੀ ਰਾਤਾਂ ਸੰਗ ਰਚਦਾ

ਸੂਰਜ ਰੋਜ਼ ਤਮਾਸ਼ੇ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

Post a Comment

0 Comments