ਮੇਰੇ ਬਾਪੂ ਨੇ ਝੱਲੀਆਂ ਵਧੀਕੀਆਂ

ਆਪ-ਬੀਤੀ / ਜੱਗ ਬੀਤੀ

ਜੇ.ਐੱਸ.ਮੈਹਰਾ 

 ਮੇਰੇ ਬਾਪੂ ਨੇ ਝੱਲੀਆਂ ਵਧੀਕੀਆਂ


ਮੇਰਾ ਬਾਪੂ ਬਹੁਤ ਹੀ ਮਿਹਨਤੀ ਬੰਦਾ ਸੀ।ਖੇਤੀ ਦਾ ਸ਼ੌਂਕੀਨ।ਜਮੀਨ ਬਟਾਈ ਅਤੇ ਠੇਕੇ ਤੇ ਲੈ ਲੈਂਦਾ। ਕਣਕ,ਮੱਕੀ, ਮਾਂਹ,ਪਿਆਜ,ਲਸਣ ਆਦਿ ਦੇ ਘਰ ਵਿੱਚ ਖੁੱਲੇ ਭੰਡਾਰ ਪਏ ਹੁੰਦੇ ਸੀ। ਦੁੱਧ, ਦਹੀਂ,ਮੱਖਣੀ,ਲੱਸੀ,ਦੇਸੀ ਘੀ ਅਤੇ ਖੋਏ ਦੀਆਂ ਪਿੰਨੀਆਂ ਘਰ ਵਿੱਚ ਕਦੇ ਮੁੱਕਦੀਆਂ ਹੀ ਨਾ।ਵਾੜੇ ਵਿੱਚ ਖੜੀਆਂ ਦੋ-ਤਿੰਨ ਮੱਝਾਂ, ਵਲਾਇਤੀ ਗਾਂ ਅਤੇ ਉਨਾਂ ਦੇ ਕੱਟੇ-ਕੱਟੀਆਂ ਤੇ ਵੱਛੇ-ਵੱਛੀਆਂ। ਪਥਵਾੜੇ ਵਿੱਚ ਪੱਥੀਆਂ ਹੋਈਆਂ ਪਾਥੀਆਂ ਅਤੇ ਪਾਥੀਆਂ ਦਾ ਗੁਹਾਰਾ ਦੇਖ ਕੇ ਮਨ ਬਹੁਤ ਖੁਸ਼ ਹੁੰਦਾ। ਬਾਪੂ ਜਿੱਥੇ ਖੁਦ ਮਿਹਨਤੀ ਸੀ ਉੱਥੇ ਸਾਨੂੰ ਵੀ ਸਾਰਾ ਦਿਨ ਕੰਮ ਤੇ ਲਾਈ ਰੱਖਦਾ।ਬਚਪਨ ਵਿੱਚ ਅਸੀਂ ਬਾਪੂ ਦੇ ਖੇਤਾਂ ਨੂੰ ਜਾਣ ਮਗਰੋਂ ਟੈਲੀਵਿਜ਼ਨ ਲਗਾ ਕੇ ਫਿਲਮਾਂ ਦੇਖਦੇ। ਪਰ ਜਿਵੇਂ ਹੀ ਸਾਨੂੰ ਬਾਪੂ ਦੇ ਆਉਣ ਦੀ ਵਿੜਕ ਪੈਂਦੀ ਤਾਂ ਅਸੀਂ ਇੱਕਦਮ ਟੀਵੀ ਬੰਦ ਕਰਕੇ ਆਪੋ ਆਪਣੇ ਕੰਮਾਂ ਤੇ ਲੱਗ ਜਾਂਦੇ ਜਾਂ ਫਿਰ ਕਿਤਾਬਾਂ ਚੱਕ ਪੜ੍ਹਨ ਲੱਗ ਜਾਂਦੇ। ਜੇਕਰ ਕਿਤੇ ਬਾਪੂ ਸਾਨੂੰ ਟੈਲੀਵਿਜ਼ਨ ਦੇਖਦਿਆਂ ਨੂੰ ਦੇਖ ਲੈਂਦਾ ਤਾਂ ਕਹਿੰਦਾ, "ਸਾਲੇ ਕੁੱਤਿਓ!ਸਾਰਾ ਦਿਨ ਟੈਲੀਵਿਜ਼ਨ ਦੇਖੀ ਜਾਂਦੇ ਹੋ।ਪੜ੍ਹ ਵੀ ਲਿਆ ਕਰੋ ਕਦੇ"। ਮੱਝਾਂ ਨੇ ਗੋਹਾ ਮਿਧਿਆ ਹੁੰਦਾ ਜਾਂ ਫਿਰ ਉਹਨਾਂ ਦੀ ਖੁਰਲੀ ਵਿੱਚ ਕੱਖ ਨਾ ਹੁੰਦੇ ਤਾਂ ਵੀ ਬਾਪੂ ਸਾਨੂੰ ਝਿੜਕ ਦਿੰਦਾ।ਬਾਪੂ ਦਿਨ ਵਿੱਚ ਖੇਤੀ ਕਰਦਾ ਅਤੇ ਰਾਤ ਨੂੰ ਸਾਈਕਲ ਤੇ ਚੰਡੀਗੜ੍ਹ 25 ਕਿਲੋਮੀਟਰ ਦਾ ਸਫਰ ਤੈਅ ਕਰਕੇ ਡਿਊਟੀ ਤੇ ਜਾਦਾਂ। ਸਾਰੀ ਰਾਤ ਡਿਊਟੀ ਕਰਦਾ।ਸਾਈਕਲ ਤੇ ਜਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਾਡੀ ਫੀਸ ਜਮਾਂ ਕਰਵਾਉਂਦਾ ਅਤੇ ਕਿਤਾਬਾਂ ਲੈ ਕੇ ਆਉਂਦਾ।ਪਿੰਡ ਦੇ ਕਈ ਲੋਕ ਬਾਪੂ ਦੀ ਮਿਹਨਤ ਤੋਂ ਸਾੜਾ ਕਰਦੇ ਕਹਿੰਦੇ, "ਸਾਲੇ ਝਿਓਰ ਨੂੰ 24 ਘੰਟੇ ਟੇਕ ਨਹੀਂ।ਜਦ ਦੇਖੋ ਤੁਰਿਆ ਹੀ ਰਹਿੰਦਾ ਹੈ।''

ਜਦੋਂ ਬਾਪੂ ਕਈ ਵਾਰ ਉਹਨਾਂ ਨੂੰ ਇਸ ਗੱਲ ਦਾ ਠੋਕ ਕੇ ਜਵਾਬ ਦੇ ਦਿੰਦਾ ਤਾਂ ਉਹ ਸਾਡਾ ਆਪਣੀਆਂ ਡੋਲਾਂ ਅਤੇ ਪਹੀਆਂ ਤੋਂ ਲੰਘਣਾ ਬੰਦ ਕਰ ਦਿੰਦੇ ਤੇ ਕਹਿੰਦੇ, "ਓਏ! ਝਿਉਰ ਸਾਡੀ ਡੌਲ ਤੋਂ ਲੰਘਿਆ ਤਾਂ ਲੱਤਾਂ ਵੱਢ ਦਿਆਂਗੇ ਸਾਲੇ ਨਾਂਗੇ ਦੀਆਂ"।ਮੇਰਾ ਵੱਡਾ ਭਰਾ ਲੋਕਾਂ ਦੀਆਂ ਇਹਨਾਂ ਗੱਲਾਂ ਦਾ ਕਈ ਵਾਰ ਗੁੱਸਾ ਕਰ ਜਾਂਦਾ।ਪਰ ਮੈਂ ਉਸਨੂੰ ਆਪਣੇ ਸਮਝਾਉਂਦਾ ਤੇ ਕਹਿੰਦਾ, "ਤੂੰ ਟੈਨਸ਼ਨ ਨਾ ਕਰ।ਤੂੰ ਦੇਖੀ ਕੱਲ੍ਹ ਨੂੰ ਜਦੋਂ ਪੜ੍ਹ ਲਿਖ ਕੇ ਆਪਾਂ ਕੁੱਝ ਬਣ ਗਏ ਤਾਂ ਇਹੀ ਲੋਕ ਆਪਾਂ ਨੂੰ ਜੀ ਕਹਿ ਕੇ ਬਲਾਉਣਗੇ।''

     ਜ਼ੁਲਮ ਦੀ ਹੱਦ ਕੇਵਲ ਅਪਮਾਨ ਭਰੇ ਸ਼ਬਦਾਂ ਤੱਕ ਹੀ ਸੀਮਤ ਨਹੀਂ ਸੀ।ਇੱਕ ਵਾਰ ਪਿੰਡ ਦੇ ਇੱਕ ਉੱਚ ਘਰਾਣੇ ਦੇ ਬੰਦੇ ਨੇ ਕੁਝ ਹੋਰ ਬੰਦਿਆਂ ਨਾਲ ਮਿਲ ਕੇ ਬਾਪੂ ਦੀਆਂ ਅੱਖਾਂ ਦੀਆਂ ਪਲਕਾਂ ਰਜਾਈਆਂ ਨਗੁੰਦਣੇ ਵਾਲੇ ਸੂਏ ਨਾਲ ਸਿਉਂ ਦਿੱਤੀਆਂ ਸਨ।ਇੱਥੇ ਹੀ ਬਸ ਨਹੀਂ ਇੱਕ ਵਾਰ ਦਿਵਾਲੀ ਦੀ ਰਾਤ ਨੂੰ ਅਮੀਰੀ ਦੇ ਨਸ਼ੇ ਵਿੱਚ ਭੂਸਰੇ ਹੋਏ ਇੱਕ ਨੌਜਵਾਨ ਨੇ ਬਾਪੂ ਦੇ ਉੱਤੇ ਬਲਦਾ ਹੋਇਆ ਬੰਬ ਸੁੱਟ ਦਿੱਤਾ ਸੀ।ਅਸੀਂ ਬਾਪੂ ਦੇ ਕੱਪੜਿਆਂ ਤੇ ਲੱਗੀ ਅੱਗ ਬੁਝਾਉਂਦੇ ਹੋਇਆਂ ਅਤੇ ਬਾਪੂ ਨੂੰ ਲੜਾਈ ਝਗੜੇ ਤੋਂ ਬਚਾਉਂਦਿਆਂ ਘਰ ਲਿਆਕੇ ਕੁੰਡਾ ਲਾ ਲਿਆ ਸੀ। ਪਰ ਉਹ ਨਸ਼ੇ ਨਾਲ ਭੂਸਰਿਆ ਨੌਜਵਾਨ ਸਾਡੇ ਦਰਵਾਜੇ ਤੇ ਲੱਤਾਂ ਮਾਰਦਾ ਹੋਇਆ, "ਓਏ! ਝਿਉਰ ਨਿਕਲ ਬਾਹਰ"।ਗਾਲਾਂ ਕੱਢਦਾ ਰਿਹਾ।ਉਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ।ਕਿਸੇ ਦੀ ਉੱਚੀ ਆਵਾਜ਼ ਸੁਣ ਕੇ ਸਹਿਮ ਜਾਂਦੇ ਸੀ।

     ਬਾਪੂ ਪਿੰਡ ਤੋਂ ਦੋ-ਦੋ ਮੀਲ ਦੂਰ ਖੇਤਾਂ ਵਿੱਚ ਪਸ਼ੂਆਂ ਲਈ ਘਾਹ ਖੋਤਣ ਲਈ ਜਾਂਦਾ।ਲਗਭਗ 70-80 ਕਿਲੋ ਦੀ ਪੰਡ ਇਕੱਲਾ ਹੀ ਗੋਡਾ ਮਾਰ ਸਿਰ ਉੱਤੇ ਚੁੱਕ ਲੈਂਦਾ। ਇੱਕ ਵਾਰ ਬਾਪੂ ਨੇ ਕੱਖਾਂ ਦੀ ਪੰਡ ਬੰਨ ਕੇ ਰੱਖ ਦਿੱਤੀ ਅਤੇ ਦੂਰ ਚਲਦੀ ਕਿਸੇ ਮੋਟਰ ਉੱਤੇ ਪਾਣੀ ਪੀਣ ਚਲੇ ਗਿਆ।ਬਾਪੂ ਦੇ ਜਾਣ ਮਗਰੋਂ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਪੰਡ ਖੋਲ ਕੇ ਉਸ ਵਿੱਚ ਪੱਠੇ ਕੁਤਰਨ ਵਾਲੀ ਮੋਟਰ ਲੁਕਾ ਕੇ ਪੰਡ ਦੁਬਾਰਾ ਬੰਨ ਦਿੱਤੀ ਅਤੇ ਨੇੜੇ ਖੜ੍ਹ ਬਾਪੂ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ। ਜਦੋਂ ਬਾਪੂ ਨੇ ਆ ਕੇ ਪੰਡ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪੰਡ ਚੁੱਕੀ ਨਾ ਗਈ।ਫਿਰ ਇਹਨਾਂ ਲੋਕਾਂ ਨੇ ਆਪਣੀ ਚਾਲ ਨੂੰ ਸਫਲ ਬਣਾਉਣ ਲਈ ਹਮਦਰਦੀ ਜਤਾਉਂਦੇ  ਹੋਇਆ ਪੰਡ ਬਾਪੂ ਦੇ ਸਿਰ ਤੇ ਚੁਕਾ ਦਿੱਤੀ।ਬਾਪੂ ਪੰਡ ਚੱਕ ਪਿੰਡ ਵੱਲ ਚਲ ਪਿਆ ਤੇ ਇਹ ਲੋਕ ਪਿੱਛੇ-ਪਿੱਛੇ ਦੰਦੀਆਂ ਕੱਢਦੇ ਚੱਲਣ ਲੱਗੇ ਕਿ ਦੇਖਦੇ ਹਾਂ ਕਿ ਕਿੱਥੋਂ ਤੱਕ ਲਿਜਾਂਦਾ ਹੈ। ਵਜਨ ਇੰਨਾ ਜਿਆਦਾ ਸੀ ਕਿ ਬਾਪੂ ਨੇ ਥੋੜੀ ਕੁ ਦੂਰ ਜਾ ਕੇ ਪੰਡ ਵਗਾ ਕੇ ਮਾਰੀ ਤੇ ਪੰਡ ਵਿੱਚ ਲਕੋਈ ਕੋਈ ਪੱਠੇ ਕੁਤਰਨ ਵਾਲੀ ਮੋਟਰ ਪੱਲੀ ਨੂੰ ਫਾੜ ਕੇ ਦੂਰ ਜਾ ਗਿਰੀ। ਬਾਪੂ ਨੂੰ ਹੌਂਕੜੀ ਚੜ੍ਹ ਗਈ ਸੀ ਤੇ ਉਹ ਢਿੱਡ ਫੜ ਖੇਤ ਵਿੱਚ ਹੀ ਲੰਬਾ ਪੈ ਗਿਆ।ਇਹ ਦੇਖ ਉਹ ਲੋਕੀ ਉੱਚੀ-ਉੱਚੀ ਹੱਸ ਤਾੜੀਆਂ ਮਾਰ ਕੇ ਹੱਸਣ ਲੱਗੇ। ਬਾਪੂ ਨੂੰ ਕਬੀਲਦਾਰੀ ਦੇ ਬੋਝ ਥੱਲੇ ਦੱਬਿਆ ਇਹੋ ਜਿਹਾ ਮਜ਼ਾਕ ਵੀ ਸਹਿਣ ਕਰਨਾ ਪੈਂਦਾ।

     ਬਾਪੂ ਇਨਸਾਫ ਦੀ ਤਲਾਸ਼ ਵਿੱਚ ਸਾਈਕਲ ਤੇ ਥਾਣੇ ਜਾਂਦਾ ਪਰ ਅੱਗੇ ਥਾਣੇਦਾਰ ਪੈਸੇ ਖਾਈ ਬੈਠਾ ਹੁੰਦਾ। ਪੁਲਿਸ ਵਾਲੇ ਬਾਪੂ ਨੂੰ ਗਾਲੀ-ਗਲੋਚ ਦੇ ਅਪਮਾਨਤ ਕਰ ਘਰ ਵਾਪਸ ਭੇਜ ਦਿੰਦੇ।ਪਿੰਡ ਦੀ ਪੰਚਾਇਤ ਪਿੰਡ ਵਿੱਚ ਹੀ ਮੁਜਰਮਾਂ ਤੋਂ ਮਾਫੀ ਮੰਗਵਾ ਕੇ ਸਮਝੌਤਾ ਕਰਵਾ ਦਿੰਦੀ ਤਾਂ ਜੋ ਅਮੀਰਜਾਦਿਆਂ ਦੀ ਇੱਜਤ ਢਕੀ ਰਹੇ।

     ਇੱਕ ਵਾਰ ਮੈਂ ਇੱਕ ਜਿਮੀਦਾਰ ਦੇ ਖੇਤ ਵਿੱਚੋਂ ਦੀ ਲੰਘਣ ਲੱਗਾ ਤਾਂ ਉਸਨੇ ਮੈਨੂੰ ਬੜੇ ਹੀ ਅਪਮਾਨਯੋਗ ਸ਼ਬਦਾਂ ਦੇ ਨਾਲ ਕਿਹਾ,"ਓਏ! ਝਿਉਰ ਪਰਾਂ ਨੂੰ ਹੋ ਕੇ ਲੰਘ ਓਏ"।ਇਹ ਗੱਲ ਮੈਂ ਆਪਣੇ ਬਾਪੂ ਨੂੰ ਰੋਂਦੇ ਹੋਏ ਨੇ ਦੱਸੀ ਅਤੇ ਕਿਹਾ, "ਬਾਪੂ! ਹੁਣ ਮੈਥੋਂ ਤੇਰਾ ਤੇ ਆਪਣਾ ਅਪਮਾਨ ਸਹਿਣ ਨਹੀਂ ਹੁੰਦਾ।ਛੱਡ ਤੂੰ ਆਪਾਂ ਨਹੀਂ ਕਰਨੀ ਖੇਤੀਬਾੜੀ।''

 ਮੇਰੇ ਹੰਝੂਆਂ ਨੇ ਬਾਪੂ ਦਾ ਮਨ ਖੇਤੀਬਾੜੀ ਨਾਲੋਂ ਖੱਟਾ ਕਰ ਦਿੱਤਾ ਸੀ। ਉਸ ਦਿਨ ਤੋਂ ਬਾਅਦ ਅਸੀਂ ਖੇਤੀਬਾੜੀ ਅਤੇ ਪਸ਼ੂ-ਪਾਲਣਾ ਬੰਦ ਕਰ ਦਿੱਤਾ।

     ਸਮਾਂ ਬੀਤਦਾ ਗਿਆ।ਮੈਂ ਤੇ ਮੇਰਾ ਭਰਾ ਪੜ੍ਹ-ਲਿਖ ਕੇ ਸਕੂਲਾਂ-ਕਾਲਜਾਂ ਵਿੱਚ ਅਧਿਆਪਕ ਲੱਗ ਗਏ ਸਾਂ।ਬਾਪੂ ਦੀ ਉਮਰ ਵੀ ਰਿਟਾਇਰ ਹੋਣ ਜੋਗੀ ਹੋ ਗਈ ਸੀ।ਹੁਣ ਬਾਪੂ ਦਿਨੇ ਡਿਊਟੀ ਜਾਂਦਾ ਅਤੇ ਸ਼ਾਮ ਨੂੰ ਘਰ ਆ ਜਾਂਦਾ ਸੀ। ਇੱਕ ਦਿਨ ਬਾਪੂ ਸ਼ਾਮ ਨੂੰ ਡਿਊਟੀ ਤੋਂ ਘਰ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਇੱਕ ਤੇਜ ਰਫਤਾਰ ਨਾਲ ਆ ਰਹੀ ਗੱਡੀ ਬਾਪੂ ਨੂੰ ਸਾਈਡ ਮਾਰ ਕੇ ਲੰਘ ਗਈ। ਬਸ ਉਸ ਦਿਨ ਤੋਂ ਬਾਅਦ ਬਾਪੂ ਪਹਿਲਾਂ ਵਾਲਾ ਬਾਪੂ ਨਾ ਰਿਹਾ।ਸਾਰਾ ਦਿਨ ਮੰਜੇ ਤੇ ਖਾਮੋਸ਼ ਪਿਆ ਰਹਿੰਦਾ। ਜੇਕਰ ਅਸੀਂ ਕੁਝ ਪੁੱਛਦੇ ਤਾਂ ਹੀ ਕੁਝ ਬੋਲਦਾ। ਹਰ ਗੱਲ ਦਾ ਜਵਾਬ ਕੇਵਲ ਹਾਂ ਜਾਂ ਨਾਂਹ ਵਿੱਚ ਹੀ ਦਿੰਦਾ।

     ਅੱਜ ਡੇਢ ਦਹਾਕਾ ਬੀਤ ਗਿਆ। ਪਰ ਹੁਣ ਬਾਪੂ ਦੀਆਂ ਝਿੜਕਾਂ ਨਹੀਂ ਸੁਣਦੀਆਂ।ਕਈ ਵਾਰ ਜਦੋਂ ਮੈਂ ਸ਼ਾਮ ਨੂੰ ਆਉਂਦਾ ਹੋਇਆ ਕੁਝ ਜਿਆਦਾ ਹੀ ਹੋ ਜਾਂਦਾ ਤਾਂ ਆ ਕੇ ਦੇਖਦਾ, ਬਾਪੂ ਮੰਜੇ ਤੇ ਪਿਆ ਹੁੰਦਾ।ਬਾਪੂ ਦੀ ਖਾਮੋਸ਼ੀ ਮੈਨੂੰ ਬਹੁਤ ਚੁਭਦੀ। ਮੈਂ ਚਾਹੁੰਦਾ ਬਾਪੂ  ਕੁੱਝ ਬੋਲੇ। ਪਰ ਉਹ ਤਾਂ ਜਿਵੇਂ ਮੈਨੂੰ ਦੇਖਦਾ ਹੀ ਨਾ। ਮਜਬੂਰ ਹੋ ਮੈਂ ਬਾਪੂ ਦੇ ਮੰਜੇ ਕੋਲ ਜਾਕੇ ਉਸ ਦੇ ਪੈਰ ਫੜ੍ਹ ਕੇ ਤਰਲਾ ਕਰਨਾ , "ਬਾਪੂ! ਉੱਠ ਯਾਰ। ਕੁੱਝ ਬੋਲ ,ਬੇਸ਼ਕ ਥੋੜ੍ਹੀਆਂ ਜਿਹੀਆਂ ਝਿੜਕਾਂ ਹੀ ਦੇ ਦੇ। ਤੇ ਫਿਰ ਮੇਰੀ ਜਿਵੇਂ ਭੁੱਬ ਹੀ ਨਿਕਲ ਜਾਣੀ।

ਸੰਪਰਕ -95924-30420

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -



Post a Comment

0 Comments