ਇੱਕ ਯਾਦ
ਕਰੀਬ ਛੇ ਦਹਾਕੇ ਪਹਿਲਾਂ ਦੀ ਗੱਲ ਹੈ, ਉਦੋਂ ਮੈ ਆਪਣੇ ਜੱਦੀ ਪਿੰਡ ਪਿੱਥੋ ਜਿਲ੍ਹਾ ਬਠਿੰਡਾ ਦੇ ਮਿਡਲ ਸਕੂਲ ’ਚ ਪੜ੍ਹਦਾ ਸੀ। ਓਦੋਂ ਸਕੂਲ ਦਾ ਇੱਕ ਕਰਮਚਾਰੀ ਹੁੰਦਾ
ਸੀ ਜਿਸਨੂੰ ਸਾਰੇ ਮਾਲੀ ਹੀ ਕਿਹਾ ਕਰਦੇ ਸਨ, ਸ਼ਾਇਦ ਉਹ ‘ਮਾਲੀ’ ਦੀ ਅਸਾਮੀ ਤੇ ਹੀ ਭਰਤੀ ਹੋਇਆ ਹੋਵੇਗਾ ਅਤੇ ਉਸਦਾ
ਕੰਮ ਸਕੂਲ ਵਿੱਚ ਫੁੱਲ ਬੂਟੇ ਲਾਉਣ ਤੇ ਉਹਨਾਂ ਦੀ ਸੰਭਾਲ ਕਰਨ ਦਾ ਹੀ ਹੋਵੇਗਾ। ਉਸਦੇ ਨਾਂ ਅਤੇ
ਪਿੰਡ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ, ਉਸਦਾ ਨਾਂ ਇੰਦਰ ਸਿੰਘ ਤੇ ਪਿੰਡ ਸ਼ਾਇਦ ਦੀਵਾਨਾ ਸੀ ਹਠੂਰ ਦੇ ਨੇੜੇ। ਉਹ ਉਸ ਸਮੇਂ ਆਪਣੀ
ਜਵਾਨੀ ਦੀ ਉਮਰ ਲੰਘਾ ਚੁੱਕਾ ਸੀ,
ਲੰਬੇ ਕੱਦ ਦਾ
ਭਰਵੇਂ ਸਰੀਰ ਵਾਲੇ ਮਾਲੀ ਦੀ ਦਾਹੜੀ ਵੀ ਕਰੜ ਮਰੜ ਹੋ ਗਈ ਸੀ। ਉਹ ਸਟਾਫ਼ ਨੂੰ ਪਾਣੀ ਪਿਲਾਉਣ, ਘੰਟੀ ਵਜਾਉਣ, ਅਧਿਆਪਕਾਂ ਨੂੰ ਕੁਰਸੀ ਦੇਣ,
ਬੂਟਿਆਂ ਦੀ
ਦੇਖਭਾਲ ਕਰਨ ਤੋਂ ਇਲਾਵਾ ਛੋਟੇ ਬੱਚਿਆਂ ਦੀ ਰਾਖੀ ਵੀ ਪੂਰੀ ਸੁਹਿਰਦਤਾ ਨਾਲ ਕਰਦਾ ਸੀ। ਉਹ
ਚੜ੍ਹਦੀ ਉਮਰੇ ਭਰਤੀ ਹੋ ਕੇ ਆਇਆ ਸੀ ਤੇ ਉਸਦੀ ਰਿਹਾਇਸ ਸਕੂਲ ਦੇ ਨਾਲ ਲਗਦੇ ਗੁਰਦੁਆਰਾ ਸਾਹਿਬ
ਵਿੱਚ ਸੀ। ਉਸਨੇ ਵਿਆਹ ਵੀ ਨਹੀਂ ਸੀ ਕਰਵਾਇਆ। ਜਿੰਦਗੀ ਦਾ ਬਹੁਤ ਸਮਾਂ ਲੰਘਾ ਕੇ ਸੇਵਾਮੁਕਤ ਹੋਣ
ਤੋਂ ਬਾਅਦ ਉਹ ਆਪਣੇ ਪਿੰਡ ਚਲਾ ਗਿਆ। ਸਾਡੇ ਪਿੰਡ ਅਤੇ ਸਕੂਲ ਵਿੱਚ ਤਾਂ ਉਸਦਾ ਇੱਕ ਤਰ੍ਹਾਂ ਨਾਂ
ਹੀ ਮਾਲੀ ਪੈ ਗਿਆ ਸੀ, ਉਸਦਾ ਅਸਲ ਨਾਂ
ਤਾਂ ਲੋਕ ਭੁੱਲ ਭੁਲਾ ਹੀ ਗਏ ਸਨ।
ਉਹ ਭਲੇ ਸਮੇਂ ਦਾ ਭਲਾ ਆਦਮੀ ਸੀ। ਜੇ ਕੋਈ ਬੱਚਾ
ਸਕੂਲ ਵਿੱਚ ਬੀਮਾਰ ਹੋ ਜਾਂਦਾ ਤਾਂ ਉਹ ਉਸਨੂੰ ਘਰ ਤੱਕ ਵੀ ਛੱਡ ਆਉਂਦਾ। ਇੱਕ ਵਾਰ ਸਕੂਲ ਵਿੱਚ
ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਦੇ ਟੀਕੇ ਲਾਉਣ ਵਾਲੇ ਕਰਮਚਾਰੀ ਆਏ। ਇਹਨਾਂ ਟੀਕਿਆਂ ਨੂੰ ਉਦੋਂ
‘ਲੋਦੇ’ ਕਿਹਾ ਕਰਦੇ ਸਨ। ਇਹ ਡੌਲੇ ਤੇ ਭੰਬੀਰੀ ਵਾਂਗ ਘੁੰਮਾ
ਕੇ ਲਗਦੇ ਸਨ, ਜਿਸਦਾ ਕਾਫ਼ੀ ਦਰਦ
ਹੁੰਦਾ ਸੀ ਅਤੇ ਬੱਚਿਆਂ ਨੂੰ ਕਈ ਕਈ ਦਿਨ ਬੁਖਾਰ ਚੜ੍ਹਦਾ ਤੇ ਬਾਂਹ ਦੁਖਦੀ ਰਹਿੰਦੀ। ਸਕੂਲ ਦੇ
ਬੱਚੇ ਲੋਦੇ ਲਾਉਣ ਵਾਲਿਆਂ ਤੋਂ ਬਹੁਤ ਡਰਦੇ ਸਨ। ਜਦੋਂ ਟੀਕੇ ਲਾਉਣ ਵਾਲੇ ਮੁਲਾਜਮ ਆਏ ਤਾਂ ਸਟਾਫ਼
ਨੂੰ ਦੱਸ ਕੇ ਮਾਲੀ ਸਕੂਲ ਦੇ ਗੇਟ ਤੇ ਜਾ ਖੜ੍ਹਾ ਕਿ ਕੋਈ ਬੱਚਾ ਡਰਦਾ ਨਾ ਭੱਜ ਜਾਵੇ। ਮੈਂ ਉਦੋਂ
ਚੌਥੀ ਜਮਾਤ ਦਾ ਵਿਦਿਆਰਥੀ ਸੀ, ਮੈਂ ਆਪਣੇ ਦੋ
ਹੋਰ ਸਾਥੀਆਂ ਨਾਲ ਸਲਾਹ ਕੀਤੀ, ਕਿ ‘ਵਗਲ’ ਭਾਵ ਚਾਰਦੀਵਾਰੀ ਦੀ ਕੰਧ ਤਾਂ ਚਾਰ ਕੁ ਫੁੱਟ ਹੈ ਆਪਾਂ ਟੱਪ ਕੇ ਭੱਜ ਜਾਈਏ। ਅਸੀਂ ਪਾਣੀ ਪੀਣ
ਦੇ ਬਹਾਨੇ ਨਲਕੇ ਕੋਲ ਗਏ ਅਤੇ ਪਹਿਲਾਂ ਆਪਣੇ ਕਿਤਾਬਾਂ ਵਾਲੇ ਝੋਲੇ ਕੰਧ ਉੱਤੋਂ ਬਾਹਰ ਸੁੱਟ
ਦਿੱਤੇ ਅਤੇ ਫੇਰ ਇੱਕ ਗਮਲੇ ਤੇ ਪੈਰ ਰੱਖ ਕੇ ਕੰਧ ਉੱਤੋਂ ਦੀ ਬਾਹਰ ਛਾਲਾਂ ਮਾਰ ਕੇ ਭੱਜ ਗਏ।
ਮਾਲੀ ਸਾਡੇ ਮਗਰ ਭੱਜਿਆ, ਪਰ ਅਸੀਂ ਅਜਿਹੀ
ਸ਼ੂਟ ਵੱਟੀ ਕਿ ਪਿੰਡ ਦੀਆਂ ਗਲੀਆਂ ’ਚ ਜਾ ਵੜੇ।
ਦੂਜੇ ਦਿਨ ਮਾਲੀ ਨੇ ਸਾਨੂੰ ਬੁਲਾ
ਕੇ ਬਹੁਤ ਸਮਝਾਇਆ ਕਿ ਟੀਕੇ ਥੋਡੇ ਭਲੇ ਵਾਸਤੇ ਸਨ। ਸਕੂਲੋਂ ਭੱਜਣਾ ਵੀ ਬਹੁਤ ਮਾੜੀ ਗੱਲ ਹੁੰਦੀ
ਹੈ। ਉਹ ਇਸ ਤਰ੍ਹਾਂ ਆਪਣੀ ਡਿਉਟੀ ਤੋਂ ਵੀ ਕਿਤੇ ਵੱਧ ਕੰਮ ਕਰਦਾ ਸੀ। ਸਾਰੀ ਉਮਰ ਉਸਨੇ ਇੱਥੇ
ਬਤੀਤ ਕੀਤੀ ਅਤੇ ਕਦੇ ਵੀ ਉਸਦੀ ਕੋਈ ਗਲਤੀ ਨਹੀਂ ਸੀ ਸੁਣੀ, ਇਸੇ ਕਰਕੇ ਪਿੰਡ ਵਾਲੇ ਉਸਦਾ ਬਹੁਤ ਇੱਜਤ ਮਾਣ ਕਰਦੇ ਸਨ। ਗੁਰਦੁਆਰਾ ਸਾਹਿਬ ਦੇ ਗ੍ਰੰਥੀ
ਗੁਰਦੇਵ ਸਿੰਘ ਨਾਲ ਉਸਦੀ ਵਧੀਆ ਮਿੱਤਰਤਾ ਸੀ, ਦੋਵੇਂ ਗ੍ਰੰਥੀ ਤੇ ਮਾਲੀ ਦਹਾਕਿਆ ਤੱਕ ਇਕੱਠੇ ਰਹੇ। ਦੋਵੇਂ ਹੀ ਜਿੰਦਗੀ ਦੇ ਰੁਝੇਵਿਆਂ ਸਦਕਾ
ਵਿਆਹ ਕਰਵਾਉਣ ਤੋਂ ਖੁੰਝ ਗਏ ਸਨ। ਪਿੰਡ ਚੋਂ ਡਾਲੀ ਦੇ ਪ੍ਰਸ਼ਾਦੇ ਤੇ ਦੁੱਧ ਆਉਂਦਾ ਤੇ ਉਹ ਛਕ ਛਕਾ
ਛੱਡਦੇ ਤੇ ਆਪਣੀ ਆਪਣੀ ਡਿਊਟੀ ਨਿਭਾਉਂਦੇ ਰਹੇ।
ਪਿੰਡ ਦੇ ਪਰਿਵਾਰਾਂ ਦੀਆਂ ਤਿੰਨ
ਤਿੰਨ ਪੀੜ੍ਹੀਆਂ ‘ਮਾਲੀ’ ਦੇ ਹੁੰਦਿਆਂ ਸਕੂਲ ’ਚ ਪੜ੍ਹ ਕੇ ਗਈਆਂ। ਲੰਬੇ ਵਾਹ ਵਾਸਤੇ ਸਦਕਾ ਉਹ ਸਾਰੇ
ਪਿੰਡ ਨੂੰ ਹੀ ਘਰ ਦਾ ਜੀਅ ਲਗਦਾ ਸੀ। ਪਿੰਡ ਦੇ ਲੋਕ ਉਸਤੇ ਪੂਰਾ ਵਿਸਵਾਸ਼ ਕਰਦੇ ਸਨ। ਸੇਵਾਮੁਕਤੀ
ਬਾਅਦ ਕਈ ਦਹਾਕੇ ਲੰਘ ਜਾਣ ਦੇ ਬਾਵਜੂਦ ਵੀ ਉਹ ਅੱਜ ਤੱਕ ਯਾਦ ਤਾਂ ਬਹੁਤ ਆਉਂਦਾ ਹੈ, ਪਰ ਅਫਸੋਸ ਕਿ ਉਹ ਕਦੇ ਮੁੜ ਇਧਰ ਨਹੀਂ ਆਇਆ। ਹੁਣ
ਤਾਂ ਸ਼ਾਇਦ ਸਵਰਗਾਂ ਦੇ ਕਿਸੇ ਸਕੂਲ ਵਿੱਚ ਸੇਵਾ ਕਰਦਾ ਹੋਵੇਗਾ, ਜਿੱਥੇ ਵੀ ਹੈ ਉਹ ਸੁਖੀ ਰਹੇ ਇਹੋ ਦੁਆ ਕਰਦੇ ਹਾਂ।
ਮੋਬਾ: 098882 75913

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.