ਆਪ ਬੀਤੀ -ਜੱਗ ਬੀਤੀ

ਹੀਰਾ ਸਿੰਘ ਤੂਤ

ਕੋਰੋਨਾ ਤੋਂ ਬਚਿਆ ਬੰਦਾ
ਉਹ ਸਮਾਂ ਜਦ ਕੋਰੋਨਾ ਨੇ ਸਾਰੀ ਦੁਨੀਆਂ ਨੂੰ ਲਪੇਟ ਵਿੱਚ ਲੈਣਾ ਸ਼ੁਰੂ
ਕਰ ਦਿੱਤਾ ਸੀ। ਪਹਿਲਾਂ- ਪਹਿਲਾਂ ਜਦ ਚੀਨ ਨੇ ਵਿਹਾਨ ਸ਼ਹਿਰ ਦੇ ਨਾਲੋਂ ਹੋਰ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ ਤਾਂ ਮੈਂ ਸੋਚਦਾ ਸੀ ਕਿ
ਕਿਸੇ ਦੇ ਕੀ ਪਿਓ ਦਾ ਰਾਜ ਹੈ?
ਤੁਸੀਂ ਕਿਸੇ ਦੇਸ਼
ਦੇ ਅੰਗ ਨੂੰ ਕਿਵੇਂ ਅਲੱਗ ਕਰ ਸਕਦੇ ਹੋ? ਪਰ ਉਹਨਾਂ ਨੇ ਇੰਜ
ਹੀ ਕੀਤਾ ਤਾਂ ਜੋ ਕੋਰੋਨਾ ਫੈਲ ਨਾ ਸਕੇ। ਲੋਕ ਇਕ-ਦੂਜੇ ਦੇ ਸੰਪਰਕ ਵਿੱਚ ਨਾ ਆ ਸਕਣ।
ਵਿਕਸਿਤ ਦੇਸ਼ਾਂ ਵਿੱਚ ਮਰਨ ਦਰ ਦਿਨੋਂ-ਦਿਨ ਵਧਣ ਲੱਗੀ। ਕੰਟਰੋਲ ਕਰਨਾ ਔਖਾ ਹੋ ਗਿਆ ਸੀ।
ਮੈਂ ਸੋਚਦਾ ਜੇ ਅਮਰੀਕਾ,ਇੰਗਲੈਂਡ ਤੇ ਚੀਨ
ਵਰਗੇ ਦੇਸ਼ ਬਿਮਾਰੀ ਉੱਪਰ ਕਾਬੂ ਨਹੀਂ ਪਾ ਸਕੇ ਤਾਂ ਭਾਰਤ ਪਾਕਿਸਤਾਨ ਵਰਗੇ ਦੇਸ਼ਾਂ ਦਾ ਤਾਂ ਰੱਬ
ਹੀ ਰਾਖਾ ਹੈ। ਬਹੁਤ ਲੋਕ ਮਰਨਗੇ। ਮੈਂ ਕਿਆਸ- ਅਰਾਈਆਂ ਲਾਉਂਦਾ ਰਹਿੰਦਾ ।
ਹਾਲੇ
ਮੈਂ ਕੋਟਕਪੂਰਾ ਤੋਂ ਫਰੀਦਕੋਟ ਹੀ ਪਹੁੰਚਾ ਸੀ ਕਿ ਸੋਸ਼ਲ- ਮੀਡੀਆ ‘ਤੇ ਇਹ ਖਬਰ ਅੱਗ
ਵਾਂਗ ਫੈਲ ਗਈ ਸੀ ਕਿ ਭਾਰਤ ਵਿੱਚ ਲਾਕਡਾਊਨ ਲਗਾ
ਦਿੱਤਾ ਗਿਆ ਹੈ। ਮੈਡੀਕਲ ਸਟੋਰ ਹੀ ਖੁੱਲਣਗੇ ਜਾਂ ਹਸਪਤਾਲ। ਲੋਕ ਆਪਣੇ ਹੀ ਘਰਾਂ ਵਿੱਚ ਕੈਦੀ ਬਣ
ਕੇ ਰਹਿ ਗਏ। ਕੱਪੜੇ ਦੀਆਂ ਲੀਰਾਂ ਤੋਂ ਲੋਕਾਂ ਨੇ
ਪਤਾ ਨਹੀਂ ਕਿੰਨੀ ਕਮਾਈ ਕੀਤੀ ਹੋਵੇਗੀ। ਸੈਨੀਟਾਈਜਰ ਕੀ ਹੁੰਦਾ ਹੈ? ਮਾਸਕ ਕੀ ਹੁੰਦੇ ਹਨ? ਇਹਨਾਂ ਚੀਜ਼ਾਂ ਦੀ
ਲੋੜ ਇਹਨਾਂ ਦਿਨਾਂ ਵਿੱਚ ਮਹਿਸੂਸ ਕੀਤੀ ਗਈ ।ਨਹੀਂ ਤਾਂ ਅਸੀਂ ਸੈਨੀਟਾਈਜ਼ਰ ਮਾਸਕ ਵਰਗੀਆਂ
ਚੀਜ਼ਾਂ ਟੈਲੀਵੀਜ਼ਨ ਉੱਪਰ ਹੀ ਵੇਖੀਆਂ ਸਨ। ਪਰ ਅੱਜ ਅਸੀਂ ਵੀ ਆਪਣੇ ਨੱਕ-ਮੂੰਹ ਢੱਕ ਕੇ ਰੱਖ ਰਹੇ
ਸੀ।
ਲਾਕਡਾਊਨ
ਕਦੇ ਹਫਤਾ, ਕਦੇ ਪੰਦਰਾਂ ਦਿਨ, ਕਦੇ ਮਹੀਨੇ ਭਰ
ਲੱਗਣ ਲੱਗਾ। ਸਕੂਲ ਬੰਦ ਹੋ ਗਏ। ਇਸ ਸਮੇਂ ਦੌਰਾਨ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋਇਆ। ਜਿਨਾਂ
ਦੀ ਆਟੇ ਦੀ ਡਰੰਮੀ ਵਿੱਚ ਆਟਾ ਨਹੀਂ ਸੀ ਉਹ ਫ਼ੋਨਾਂ ਵਿੱਚ ਡਾਟਾ ਕਿੱਥੋਂ ਪਾਉਣ? ਇਹਨੀਂ ਦਿਨੀਂ ਕਈ
ਸਿੱਖ ਤੇ ਹੋਰ ਸੰਸਥਾਵਾਂ ਮੂਹਰੇ ਆਈਆਂ । ਗਰੀਬ ਲੋਕਾਂ ਦੇ ਘਰ ਸੁੱਕਾ ਰਾਸ਼ਨ ਪਹੁੰਚਣ ਲੱਗ ਪਿਆ
ਸੀ। ਲੋਕ ਘਰਾਂ ਵਿੱਚ ਬੈਠੇ ਹੀ ਵਾਰ-ਵਾਰ ਹੱਥ ਧੋਂਦੇ। ਇੱਕ ਦੂਜੇ ਤੋਂ ਦੂਰ-ਦੂਰ ਹੋ ਕੇ ਬੈਠਦੇ।
ਖਾਂਦੇ ਪੀਂਦੇ ਤੇ ਮੰਜਿਆਂ ਉੱਪਰ ਉਸਲ-ਵੱਟੇ ਲੈਂਦੇ। ਪਿੰਡਾਂ- ਸ਼ਹਿਰਾਂ ਦੀਆਂ ਗਲੀਆਂ ਸੁੰਨੀਆਂ
ਹੋ ਗਈਆਂ ਸਨ। ਲੋਕਾਂ ਨੂੰ ਵੀ ਅਹਿਸਾਸ ਹੋਇਆ ਕਿ
ਜੀਵ- ਜੰਤੂਆਂ ਨੂੰ ਕੈਦ ਕਰਨ ‘ਤੇ ਉਹਨਾਂ ਉੱਪਰ ਕੀ
ਬੀਤਦੀ ਹੋਵੇਗੀ। ਇੰਜ ਲੱਗਦਾ ਸੀ ਜਿਵੇਂ ਹਰ ਪਿੰਡ, ਸ਼ਹਿਰ, ਮਹੱਲੇ ਦੀਆਂ ਗਲੀਆਂ ਵਿੱਚ ਕੋਰੋਨਾ ਦਾ ਦੈਂਤ ਆਦਮ -ਬੋਅ! ਆਦਮ-ਬੋਅ
ਕਰਦਾ ਹੋਇਆ ਪੱਟਾਂ ‘ਤੇ ਥਾਪੀਆਂ ਮਾਰ
ਰਿਹਾ ਹੋਵੇ।ਉਹ ਖੁੱਲਾ ਦੌੜ ਰਿਹਾ ਹੋਵੇ ਤੇ
ਉਸ ਦਾ ਖੌਫ ਲੋਕ ਮਹਿਸੂਸ ਕਰ ਰਹੇ ਹੋਣ।
ਪਰ ਹੌਲੀ-ਹੌਲੀ ਕੁਝ ਖੁੱਲ੍ਹਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਸਕੂਲ
ਵੀ ਖੁੱਲ੍ਹੇ।ਫਿਰ ਬੰਦ ਹੋਏ। ਫਿਰ ਖੁੱਲ੍ਹੇ । ਠੇਕੇ ਖੋਲ੍ਹੇ ਗਏ। ਠੇਕੇ ਬੰਦ ਕਰਨ ਨਾਲ ਦੇਸ਼ ਦੀ
ਆਰਥਿਕਤਾ ਨੂੰ ਵੱਡੀ ਠੇਸ ਲੱਗਦੀ ਹੈ। ਸਰਕਾਰਾਂ ਆਖਦੀਆਂ ਕਿ ਇਹਨਾਂ ਨੂੰ ਖੋਲ੍ਹਣਾ ਸਾਡੀ ਮਜਬੂਰੀ
ਹੈ।
ਸਮਾਂ ਮਈ 2021 ਦਾ ਹੋਵੇਗਾ। ਕੋਟਕਪੂਰੇ
ਤੋਂ ਸਾਡੇ ਇੱਕ ਰਿਸ਼ਤੇਦਾਰ ਨੂੰ ਕੋਰੋਨਾ ਹੋ ਗਿਆ। ਮੈਨੂੰ ਮਾਸਟਰ ਹਰਬੰਸ ਸਿੰਹੁ ਦਾ ਫੋਨ ਆਇਆ , “ ਤੂਤ ਸਾਬ! ਤੁਸੀਂ
ਆਓ! ਆਪਾਂ ਵੇਖੀਏ ! ਸਾਡੇ ਪ੍ਰਾਹੁਣੇ ਨੂੰ ਕੋਰੋਨਾ
ਹੋ ਗਿਆ ਹੈ। ਆਓ ਕੋਈ ਹੱਲ ਕੱਢੀਏ!”
ਮੈਂ
ਮਾਸਟਰ ਹਰਬੰਸ ਸਿੰਘ ਦੀ ਲੜਕੀ ਦਾ ਰਿਸ਼ਤਾ ਕਰਵਾਇਆ ਸੀ। ਵਿਆਹ ਹੋਏ ਨੂੰ ਹਾਲੇ ਸਾਲ ਵੀ ਨਹੀਂ
ਹੋਇਆ ਸੀ। ਮੈਂ ਆਪਣੀ ਪਤਨੀ ਤੇ ਨੌ ਸਾਲ ਦੇ ਬੱਚੇ ਨੂੰ ਵੀ ਨਾਲ ਲੈ ਗਿਆ ਸਾਂ। ਜਦ ਅਸੀਂ ਉਸ
ਘਰ ਗਏ ਤਾਂ ਇੱਕ ਡਾਕਟਰ ਐਂਟੀਡੌਟ- ਡਰਿਪ ਲਗਾ
ਰਿਹਾ ਸੀ। ਉਹ ਦਾਅਵਾ ਕਰ ਰਿਹਾ ਸੀ ਕਿ ਮੈਂ ਕਈ
ਮਰੀਜ਼ ਘਰਾਂ ਵਿੱਚ ਹੀ ਠੀਕ ਕਰ ਦਿੱਤੇ ਹਨ। ਉਹ ਆਪਣੀ 500 ਰੁਪਏ ਦੀ ਫੀਸ ਰੋਜਾਨਾ ਤਿੰਨ ਦਿਨਾਂ
ਤੋਂ ਲੈ ਕੇ ਜਾ ਰਿਹਾ ਸੀ ।
ਤਿੰਨ ਚਾਰ
ਦਿਨ ਅਸੀਂ ਉਥੇ ਹੀ ਰਹੇ ਪਰ ਮਰੀਜ਼ ਦੀ ਹਾਲਤ ਓਦਾਂ ਦੀ ਹੀ ਰਹੀ । ਕੋਈ ਸੁਧਾਰ ਨਾ ਹੋਇਆ। ਸਾਹ
ਲੈਣਾ ਹੋਰ ਔਖਾ ਹੋ ਰਿਹਾ ਸੀ। ਆਕਸੀਜਨ ਲੈਵਲ ਵੀ ਥੱਲੇ ਆ ਗਿਆ ਸੀ। ਮਰੀਜ਼ ਮੈਡੀਕਲ ਹਸਪਤਾਲ
ਫਰੀਦਕੋਟ ਜਾਣ ਨੂੰ ਤਿਆਰ ਨਹੀਂ ਸੀ। ਲੋਕਾਂ ਵਿੱਚ ਉਦੋਂ ਇਹ ਭਰਮ ਫੈਲ ਚੁੱਕਾ ਸੀ ਕਿ ਜੋ ਵੀ ਹਸਪਤਾਲ ਵਿੱਚ ਜਾਂਦਾ ਹੈ, ਦਾਖਲ ਹੋ ਜਾਂਦਾ ਹੈ
ਤਾਂ ਫਿਰ ਉਹਦੀ ਲੋਥ ਹੀ ਘਰ ਆਉਂਦੀ ਹੈ। ਘਰੇਲੂ
ਡਾਕਟਰ ਨੇ ਕਿਹਾ ਸੀ, “ ਜੇ ਤੁਸੀਂ ਗੈਸ ਦਾ
ਸਿਲੰਡਰ ਲੈ ਆਓ ਤਾਂ ਆਪਾਂ ਘਰੇ ਹੀ ਆਕਸੀਜਨ ਲਗਾ ਦੇਵਾਂਗੇ ।
ਮਾਸਟਰ
ਜੀ ਆਖਣ ਲੱਗੇ, “ ਆਪਾਂ ਐਂ ਕਰੀਏ! ਬਈ ਗੈਸ ਦਾ ਪਤਾ ਕਰੀਏ! ਕੀ ਪਤਾ ਮਿਲ
ਹੀ ਜਾਵੇ! ਛੋਟਾ ਜਿਹਾ ਸਿਲੰਡਰ ਲੈ ਆਵਾਂਗੇ ! ਉਹਦੇ ਮੂਹਰੇ ਜਿਹੜੀ ਪਾਈਪ ਲੱਗਦੀ ਹੈ ਉਹ ਆਪਾਂ
ਮੁੱਲ ਲੈ ਲਵਾਂਗੇ! ਕੀ ਖਿਆਲ ਆ!”
“ਮਾਸਟਰ ਜੀ! ਤੁਸੀਂ
ਵੀ ਕੀ ਗੱਲਾਂ ਕਰਦੇ ਹੋ ! ਸਰਕਾਰ ਨੇ ਸਭ ਕਾਰਖਾਨਿਆਂ ਨੂੰ ਸਪਲਾਈ ਬੰਦ ਕਰ ਦਿੱਤੀ ਹੈ ! ਆਪਾਂ
ਨੂੰ ਕੀਹਨੇ ਦੇਣੀ ਆ ਗੈਸ?” ਮੈਂ ਆਪਣਾ ਪੱਖ
ਸਪਸ਼ਟ ਕਰ ਦਿੱਤਾ ਸੀ।
“ਓ ਹੋ! ਉਹ ਯਾਰ ਗੱਲ ਤਾਂ ਸੁਣ! ਆਪਾਂ ਆਪਣੀ ਕੋਸ਼ਿਸ਼ ਤਾਂ
ਕਰੀਏ! ਅੱਗੇ ਰੱਬ ਰਾਖਾ! ਤੂੰ ਗੱਡੀ ਕੱਢ, ਮੈਂ ਸ਼ੂਗਰ ਦਾ ਟੀਕਾ ਲਾ ਲਵਾਂ ।” ਉਸਨੇ ਆਪਣੀ ਕਮੀਜ਼ ਉਤਾਂਹ ਕਰਕੇ ਆਪਣੇ ਪੇਟ ਉੱਪਰ
ਸ਼ੂਗਰ ਦਾ ਟੀਕਾ ਲਗਾ ਲਿਆ ਸੀ।
ਅਸੀਂ ਪਹਿਲਾਂ
ਫ਼ਰੀਦਕੋਟ ਦੇ ਕਿਸੇ ਡੈਂਟਲ ਹਸਪਤਾਲ ਵਿੱਚ ਪਹੁੰਚ ਗਏ ਸਾਂ। ਉਥੇ ਸਾਡੀ ਰਿਸ਼ਤੇਦਾਰੀ ਚੋਂ ਕੋਈ
ਜਾਣ ਪਛਾਣ ਵਾਲਾ ਬੰਦਾ ਸੀ । ਉੱਥੋ ਦੇ ਕੰਟਰੋਲਰ ਨਾਲ਼ ਅਸੀਂ ਗੱਲ ਕੀਤੀ। ਅਸੀਂ ਉਸ ਨੂੰ ਬੇਨਤੀ
ਕੀਤੀ ਤਾਂ ਉਸਨੇ ਕਿਹਾ, “ ਦੇਖੋ! ਮੈਂ ਤੁਹਾਡੀ
ਮਜਬੂਰੀ ਸਮਝਦਾਂ ਜੀ ।ਜੇ ਮੈਂ ਤੁਹਾਨੂੰ ਆਕਸੀਜਨ
ਦੇ ਵੀ ਦੇਵਾਂ ਪਰ ਤੁਹਾਨੂੰ ਇਹ ਪਤਾ ਹੈ ਕਿ ਇਹ ਕਿੰਨੀ ਮਾਤਰਾ 'ਚ ਮਰੀਜ਼ ਨੂੰ ਦੇਣੀ
ਹੈ। ਇਥੇ ਕਈ ਲੋਕ ਆਪਣੇ ਘਰਾਂ ਵਿੱਚ ਤਜਰਬੇ ਕਰ ਚੁੱਕੇ ਨੇ। ਇੱਕ ਵਾਰ ਤਾਂ ਆਕਸੀਜਨ ਦਾ ਲੈਵਲ
ਉੱਪਰ ਆ ਜਾਂਦਾ ਹੈ ਪਰ ਫਿਰ ਇੱਕਦਮ ਲੈਵਲ ਥੱਲੇ ਚਲਿਆ ਜਾਂਦਾ ਹੈ ਤੇ ਮਰੀਜ਼ ਦੀ ਜਾਨ ਨੂੰ ਖਤਰਾ
ਬਣ ਜਾਂਦਾ ਹੈ। ਹੁਣ ਤੁਸੀਂ ਦੱਸੋ ਕਿਵੇਂ ਕਰਨੀ ਹੈ? ਗੈਸ ਵੀ ਕੱਲ੍ਹ
ਸ਼ਾਮ ਤੱਕ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਮੇਰੇ ਕੋਲ ਭੋਰਾ ਵੀ ਗੈਸ ਮੌਜੂਦ ਨਹੀਂ ਹੈ।”
ਇਹ ਸੁਣ ਕੇ
ਅਸੀਂ ਦੋਵੇਂ ਇੱਕ- ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ। ਫਿਰ ਅਸੀਂ ਦੋਚਿੱਤੀ ਵਿੱਚ ਪਏ ਰਹੇ ਕਿ
ਕੀ ਕਰੀਏ? ਗੱਲ ਤਾਂ ਅਫਸਰ ਦੀ
ਵੀ ਠੀਕ ਹੈ। ਉਸ ਦੀ ਗੱਲ ਵਿੱਚ ਵੀ ਤਰਕ ਹੈ। ਫਿਰ ਸੋਚਿਆ ਕਿ ਉਹ ਘਰੇਲੂ ਡਾਕਟਰ ਆਪੇ ਸਭ ਕਰ ਲਵੇਗਾ। ਅਸੀਂ ਉਸ ਤੇ ਭਰੋਸਾ
ਕਰਨਾ ਸ਼ੁਰੂ ਕੀਤਾ ਸੀ। ਤੇ ਫਿਰ ਅਸੀਂ ਫਰੀਦਕੋਟ ਦੇ ਸਿਨੇਮਾ ਘਰ ਕੋਲ ਇੱਕ ਗੈਸ-ਵੈਲਡਰ ਦੀ ਦੁਕਾਨ
ਤੇ ਚਲੇ ਗਏ। ਅੱਧਾ ਘੰਟਾ ਗੱਡੀ ਵਿੱਚ ਬੈਠੇ ਉਡੀਕਦੇ ਰਹੇ । ਉਹ ਗਿਆਰਾਂ ਕੁ ਵਜੇ ਆਇਆ ਤੇ ਆਪਣੀ
ਦੁਕਾਨ ਖੋਲ੍ਹੀ । ਮਾਸਟਰ ਜੀ ਹੱਥ ਜੋੜ ਕੇ ਆਖਣ ਲੱਗੇ, “ ਸਾਬ੍ਹ ਜੀ! ਸਾਡੀ ਹੱਥ ਜੋੜ ਕੇ ਬੇਨਤੀ ਹੈ , ਜੇ ਥੋੜੀ ਜਿਹੀ ਗੈਸ
ਮਿਲਜੇ ਤਾਂ ਸਾਡੇ ਮਰੀਜ਼ ਦੀ ਜਾਨ ਬਚਜੇ। ਕਰੋ ਕਿਰਪਾ ਜੀ।”
“ਭਾਂਡਾ ਹੈਗਾ
ਤੁਹਾਡੇ ਕੋਲ?” ਉਸ ਨੇ ਰੁੱਖਾ ਜਿਹਾ
ਜਵਾਬ ਦਿੱਤਾ ਸੀ।
“ਨਹੀਂ! ਭਾਂਡਾ ਤਾਂ ਹੈ
ਨਹੀਂ ਜੀ ।”
“ਫਿਰ ਕਿਹਦੇ ‘ਚ ਪਾ ਕੇ ਦੇਵਾਂ
ਮੈਂ? ਬੁੱਕਾਂ ਵਿੱਚ ਪਾ
ਕੇ ਦੇ ਦਵਾਂ ! ਤੁਹਾਨੂੰ ਪਤਾ ਸਰਕਾਰ ਕਿੰਨੀ ਸਖਤ ਹੈ ਇਸ ਮਸਲੇ ‘ ਤੇ?
ਤੇ ਇਹ ਲਿਜਾਣੀ ਵੀ ਚੋਰੀ ਪੈਣੀ ਹੈ । ਜੇ ਰਾਹ ‘ਚ ਫੜੇ ਗਏ ਤਾਂ
ਮੇਰਾ ਨਾਂ ਨਹੀਂ ਲੈਣਾ। ਪਰਚਾ ਹੈ ਸਿੱਧਾ ਹੀ। ਇਹ ਵੱਡਾ ਸਲੰਡਰ ਹੀ ਲੈ ਜਾਓ। ਬਵੰਜਾ ਸੌ ਲੱਗਣਗੇ ।ਦੇਣੇ ਦਸ ਹਜ਼ਾਰ ਰੁਪਏ ਪੈਣਗੇ
ਸਕਿਉਰਟੀ ਦੇ ਤੌਰ ‘ਤੇ। ਸਿਲੰਡਰ
ਮੋੜੋਗੇ ਤਾਂ 4800 ਰੁਪਏ ਵਾਪਸ
ਕਰਦੂੰਗਾ।” ਉਸਨੇ ਸਾਨੂੰ ਦੱਸਿਆ
ਸੀ।
ਫੇਰ
ਅਸੀਂ ਘਰ ਨੂੰ ਵਾਪਸ ਮੁੜ ਆਏ ਸਾਂ। ਇਹ ਵੀ ਕੀ
ਜੱਭ ਹੈ? ਸੱਪ ਦੇ ਮੂੰਹ ‘ਚ ਕੋਹੜ-ਕਿਰਲੀ
ਵਾਲੀ ਗੱਲ ਬਣ ਗਈ ਸੀ। ਘਰ ਆਏ ਤਾਂ ਮਰੀਜ਼ ਦੀ ਹਾਲਤ ਹੋਰ ਖਰਾਬ ਹੋ ਗਈ ਸੀ। ਆਕਸੀਜਨ ਲੈਵਲ ਹੋਰ
ਥੱਲੇ ਆ ਗਿਆ ਸੀ । ਅਸੀਂ ਸਿੰਗਲਾ ਹਸਪਤਾਲ ਕੋਟਕਪੂਰੇ ਆ ਗਏ ਸਾਂ। ਡਾਕਟਰ ਦੀ ਪਰਚੀ ਕਟਾ ਕੇ ਅਸੀਂ
ਡਾਕਟਰ ਨੂੰ ਮਿਲੇ। ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਉਸਨੇ ਸਪੱਸ਼ਟ ਕਹਿ ਦਿੱਤਾ ਸੀ, “ ਮਰੀਜ਼ ਨੂੰ ਮੈਡੀਕਲ
ਫਰੀਦਕੋਟ ਲੈ ਜਾਓ, ਜੇ ਬਚਾਉਣਾ ਹੈ।
ਪਰਸੋਂ ਤੱਕ ਤੁਹਾਡਾ ਬੰਦਾ ਨਹੀਂ ਰਹਿਣਾ। ਜਿਵੇਂ ਮਰਜੀ ਲੈ ਕੇ ਜਾਓ। ਭਾਵੇਂ ਬੰਨ ਕੇ ਲਿਜਾਓ। ਜੇ
ਲੱਖ- ਡੇਢ ਲੱਖ ਰੁਪਏ ਹੈਗੇ ਆ ਤਾਂ ਪ੍ਰਾਈਵੇਟ ‘ਚ ਲੈ ਜਾਓ।”
ਇਹ
ਸੁਣ ਕੇ ਮਾਸਟਰ ਜੀ ਦੇ ਹੋਸ਼ ਉੱਡ ਗਏ ਸਨ। ਉਹ ਕਦੇ ਮੇਰੇ ਵੱਲ ਤੇ ਕਦੇ ਡਾਕਟਰ ਦੇ ਮੂੰਹ ਵੱਲ
ਵੇਖਣ ਲੱਗਾ ਲੱਗ ਪਏ ਸੀ। ਅਸੀਂ ਘਰ ਆ ਕੇ ਮਰੀਜ਼
ਨੂੰ ਲੇਲੇ-ਪੇਪੇ ਕਰਕੇ ਮੈਡੀਕਲ ਹਸਪਤਾਲ ਲੈਗੇ ਸਾਂ। ਦੋ ਤਿੰਨ ਘੰਟੇ ਐਮਰਜੈਂਸੀ ਵਾਰਡ ਵਿੱਚ ਰਹੇ
।ਫਿਰ ਜਨਰਲ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਸੀ। ਹਸਪਤਾਲ ਦੀ ਹਰ ਲਿਫਟ ਕੋਲ ਥੱਲੇ ਵੀ ਤੇ ਉੱਪਰ ਵੀ
ਚਿੱਟੇ ਲਿਫਾਫੇ ਵਿੱਚ ਪੈਕ ਕੀਤੀਆਂ ਤਿੰਨ-ਤਿੰਨ, ਚਾਰ- ਚਾਰ ਲਾਸ਼ਾਂ ਪਈਆਂ ਸਨ। ਇਹ ਸਭ ਦੇਖ ਕੇ ਮੇਰੇ ਮੂੰਹੋਂ ਨਿਕਲਿਆ
ਸੀ, “ ਉਹ ਮਾਈ ਗੋਡ!
ਇੰਨੀਆਂ ਮੌਤਾਂ!” ਹਸਪਤਾਲ ਦੀਆਂ
ਕੰਧਾਂ ਨਾਲ ਬੈਠੇ ਬਹੁਤ ਸਾਰੇ ਲੋਕਾਂ ਨੂੰ ਮੈਂ ਰੋਂਦੇ ਵੇਖਿਆ। ਦਿਲ ਬਹੁਤ ਡੋਲਿਆ ਸੀ। ਇੰਨੀਆਂ
ਲਾਸ਼ਾਂ! ਕਦੇ ਮੈਂ ਸੋਚਦਾ ਕਿ ਅਸੀਂ ਖੁਦ ਹੀ, ਮਰਨ ਵਾਸਤੇ ਮਰੀਜ਼
ਨੂੰ ਇੱਥੇ ਤਾਂ ਨਹੀਂ ਲੈ ਆਏ ਕਿਤੇ? ਮਨ ਵਿੱਚ ਕਈ
ਉਤਰਾਅ- ਚੜਾ ਆਉਂਦੇ ਰਹੇ।
ਪਰ
ਹਸਪਤਾਲ ਵਿੱਚ ਪ੍ਰਬੰਧਾਂ ਦੀ ਘਾਟ ਨਹੀਂ ਸੀ। ਆਕਸੀਜਨ ਦਾ ਪੂਰਾ ਪ੍ਰਬੰਧ ਸੀ। ਵੈਂਟੀਲੇਟਰ ਸਨ।
ਸਟਾਫ 24 ਘੰਟੇ ਮਰੀਜ਼ਾਂ ਉੱਪਰ ਸੀ। ਸਿਕਿਉਰਟੀ ਦਾ ਪ੍ਰਬੰਧ ਸੀ। ਜਿਲੇ ਦੇ ਮੁੱਖ ਅਧਿਕਾਰੀ, ਡੀਸੀ, ਐਸਐਮਓ ਤੇ ਵੱਡੇ
-ਵੱਡੇ ਅਧਿਕਾਰੀ ਰਾਉਂਡ ਮਾਰਦੇ ਸਨ। ਨਰਸਾਂ ਤਿੰਨ ਟਾਈਮ ਤਿੰਨ- ਤਿੰਨ ਟੀਕੇ ਲਾਉਂਦੀਆਂ। ਵਿਟਾਮਿਨ
(ਸੀ) ਦੀਆਂ ਗੋਲੀਆਂ ਦਿੰਦੀਆਂ ਅਤੇ ਮਰੀਜ਼ਾਂ ਨੂੰ ਹੌਸਲਾ ਵੀ ਦਿੰਦੀਆਂ। ਟੀਕੇ ਲਾਉਣ ਸਮੇਂ ਉਹ
ਪ੍ਰੋਟੈਕਸ਼ਨ ਕਿੱਟ ਪਹਿਨਦੀਆਂ। ਜਦ ਉਹ ਉਸ ਕਿੱਟ ਨੂੰ ਓਤਾਰ ਕੇ ਡਸਟਬਿਨ ਵਿੱਚ ਸਿੱਟਦੀਆਂ ਤਾਂ ਉਹ
ਮੁੜ੍ਹਕੇ ਨਾਲ ਭਿੱਜੀਆਂ ਹੁੰਦੀਆਂ। ਜਿੰਨਾਂ ਸਮਾਂ ਸਟਾਫ ਦੀ ਡਿਊਟੀ ਹੁੰਦੀ , ਉਹ ਆਪਣੇ ਇਸ ਸਮੇਂ
ਦੌਰਾਨ ਮਸਾਂ ਟੀਕੇ ਹੀ ਲਾਉਂਦੀਆਂ। ਰੋਟੀ ਵਧੀਆ ਢੰਗ ਨਾਲ ਪੈਕ ਹੋ ਕੇ ਗੁਰਦੁਆਰੇ ‘ਚੋਂ ਆ ਜਾਂਦੀ।
ਲਾਸ਼ਾਂ ਵੀ ਕੋਈ ਆਪਣੇ ਘਰ ਨਾ ਲੈ ਕੇ ਜਾਂਦਾ। ਹਸਪਤਾਲ ਦੇ ਨੇੜੇ ਹੀ ਬਣੇ ਸ਼ਮਸ਼ਾਨ ਘਾਟ ਵਿੱਚ ਲਾਸ਼ਾਂ
ਨੂੰ ਫੂਕ ਦਿੱਤਾ ਜਾਂਦਾ। ਉਥੋਂ ਹੀ ਉਹਨਾਂ ਦੇ ਫੁੱਲ ਚੁਗ ਲਏ ਜਾਂਦੇ।
ਕਿਸੇ ਆਦਮੀ ਨੇ ਫੇਸਬੁਕ ਤੇ ਪੋਸਟ ਪਾਈ ਸੀ
ਜਿਹਦੇ ਵਿੱਚ ਉਸਨੇ ਕੁਛ ਹੋਮਿਓਪੈਥਿਕ ਦਵਾਈਆਂ ਦਾ ਜ਼ਿਕਰ ਕੀਤਾ ਸੀ ਅਤੇ ਉਸਨੇ ਇਹ ਵੀ ਦਾਅਵਾ
ਕੀਤਾ ਸੀ ਕਿ ਉਹਨਾਂ ਦੇ ਬਜ਼ੁਰਗ ਨੂੰ ਜੋ ਕਿ 80 ਸਾਲ ਦਾ ਸੀ ਹਸਪਤਾਲ ਵਾਲਿਆਂ ਨੇ ਜਵਾਬ ਦੇ
ਦਿੱਤਾ ਪਰ ਇਹਨਾਂ ਦਵਾਈਆਂ ਨੇ ਉਸ ਬਜ਼ੁਰਗ ਦੀ ਜਾਨ ਵੀ ਬਚਾਈ ਅਤੇ ਉਹ ਤੀਜੇ ਦਿਨ ਖਾਣ-ਪੀਣ ਵੀ
ਲੱਗ ਗਿਆ ਸੀ। ਮੈਂ ਉਸ ਬੰਦੇ ਨਾਲ ਸੰਪਰਕ ਕੀਤਾ ਤੇ ਉਸ ਨੇ ਪ੍ਰੋਫੈਸਰ ਜਗਦੀਪ ਸਿੰਘ ਜੀ ਦਾ ਨਾਂ
ਲਿਆ ਕਿ ਉਹ ਹੋਮਿਓਪੈਥਿਕ ਦਾ ਕੰਮ ਕਰਦੇ ਹਨ। ਉਹਨਾਂ ਦੀ ਸਲਾਹ ਲਵੋ।
ਪ੍ਰੋਫੈਸਰ
ਜਗਦੀਪ ਸਿੰਘ ਜੀ ਜਿਹੜੇ ਸਾਨੂੰ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਪੰਜਾਬੀ ਪੜਾਉਂਦੇ ਸਨ, ਮੈਂ ਉਹਨਾਂ ਨੂੰ
ਚੰਗੀ ਤਰ੍ਹਾਂ ਜਾਣਦਾ ਸਾਂ। ਮੈਂ ਉਹਨਾਂ ਕੋਲ ਪੜ੍ਹਿਆ ਵੀ ਹਾਂ। ਮੈਂ ਉਹਨਾਂ ਨਾਲ ਸਾਰੀ ਗੱਲ
ਸਾਂਝੀ ਕੀਤੀ। ਉਹਨਾਂ ਨੇ ਮੈਨੂੰ ਕੁਝ ਦਵਾਈਆਂ ਨੋਟ ਕਰਵਾਈਆਂ ਜੋ ਕਿ ਸਿਰਫ 475 ਕੁ ਰੁਪਏ ਦੀਆਂ
ਹੀ ਆਈਆਂ ਸਨ। ਮੈਂ ਉਹ ਮਰੀਜ਼ ਨੂੰ ਤਿੰਨ ਟਾਈਮ ਤਿੰਨ-ਤਿੰਨ ਬੂੰਦਾਂ ਉਹਦੀ ਜੀਭ ਤੇ ਪਾਉਂਦਾ।
ਸਿਰਹਾਣੇ ਬੈਠਾ ਮੂਲ-ਮੰਤਰ ਦਾ ਪਾਠ ਕਰਦਾ ਰਹਿੰਦਾ। ਕੋਲ਼ ਬੈਠਾ ਤਿੰਨ-ਤਿੰਨ ਮਾਸਕ ਮੂੰਹ ਉੱਪਰ
ਬੰਨ ਕੇ ਰੱਖਦਾ। ਉੱਪਰ ਦੀ ਰੁਮਾਲ ਬੰਨ੍ਹਦਾ। ਪੈਰਾਂ ਵਿੱਚ ਦੋ-ਦੋ ਜੋੜੇ ਜੁਰਾਬਾਂ ਪਹਿਨਦਾ। ਘਰ ਆ
ਕੇ ਸਭ ਤੋਂ ਪਹਿਲਾਂ ਕੱਪੜੇ ਉਤਾਰ ਕੇ ਗੇਟ ਕੋਲ ਹੀ ਸੁੱਟ ਦਿੰਦਾ। ਰਾਤ ਸਮੇਂ ਮਰੀਜ਼ ਦੇ ਸਾਲੇ ਆ
ਜਾਂਦੇ। ਦਿਨ ਸਮੇਂ ਮੈਂ ਤੇ ਮਾਸਟਰ ਜੀ ਉੱਥੇ ਹੀ ਰਹਿੰਦੇ। ਪ੍ਰੋਫੈਸਰ ਜਗਦੀਪ ਜੀ ਨੇ ਕਿਹਾ ਸੀ,”
ਮਰੀਜ਼ ਨੂੰ ਪਹਿਲਾਂ ਹੀ ਐਂਟੀਡੌਟ ਜਿਆਦਾ ਮਾਤਰਾ ਵਿੱਚ ਦਿੱਤੇ ਜਾ
ਚੁੱਕੇ ਹਨ। ਇਸ ਲਈ ਇਹਨਾਂ ਦਵਾਈਆਂ ਨਾਲ ਤੀਜੇ ਦਿਨ ਤੁਹਾਡਾ ਮਰੀਜ਼ ਰੋਟੀ ਖਾਣ ਲੱਗ ਜਾਵੇਗਾ।
ਆਕਸੀਜਨ ਦਾ ਲੈਵਲ ਵੀ ਉੱਪਰ ਆ ਜਾਵੇਗਾ। ਤੁਸੀਂ ਚਿੰਤਾ ਨਾ ਕਰੋ।”
ਤੇ
ਹੋਇਆ ਵੀ ਇੰਜ ਹੀ । ਮੈਂ ਤੇ ਮਾਸਟਰ ਜੀ ਤਿੰਨ-ਤਿੰਨ ਵਾਰੀ ਬਾਹਰੋਂ ਚਾਹ ਪੀਂਦੇ। ਗਲੇ ਨੂੰ ਗਰਮ
ਰੱਖਦੇ। ਕੋਈ ਠੰਡੀ ਚੀਜ਼ ਨਾ ਖਾਂਦੇ। ਹੌਲੀ ਹੌਲੀ ਮਰੀਜ ਨੇ ਖਾਣਾ ਸ਼ੁਰੂ ਕਰ ਦਿੱਤਾ ਸੀ। ਉਸਨੂੰ
ਦੋ ਟਾਈਮ ਦੋ-ਦੋ ਆਂਡੇ ਦੇਣੇ ਸ਼ੁਰੂ ਕਰ ਦਿੱਤੇ ਸੀ। ਥੋੜੀ ਜਿਹੀ ਰੋਟੀ ਵੀ ਖਾਣ ਲੱਗ ਪਿਆ ਸੀ।
ਹਾਲਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਸੀ । ਡਾਕਟਰ ਆਕਸੀਜਨ ਥੋੜੇ ਟਾਈਮ ਲਈ ਉਤਾਰ ਦਿੰਦੇ।
ਫਿਰ ਲਗਾ ਦਿੰਦੇ। ਘੰਟਾ ਉਤਾਰ ਕੇ ਰੱਖਦੇ। ਫਿਰ ਦੋ ਘੰਟੇ। ਫਿਰ ਚਾਰ ਘੰਟੇ। ਫਿਰ ਅੱਧਾ-ਅੱਧਾ
ਦਿਨ। ਇਸ ਤਰ੍ਹਾਂ ਕਰਦਿਆਂ- ਕਰਦਿਆਂ ਆਕਸੀਜਨ ਦਾ ਲੈਵਲ ਸੈਟ ਹੋ ਗਿਆ ਸੀ। ਮਰੀਜ਼ ਭਾਵੇਂ ਠੀਕ ਹੋ
ਵੀ ਗਿਆ ਸੀ ਪਰ ਅਸੀਂ ਪੰਜ ਚਾਰ ਦਿਨ ਹੋਰ ਉਥੇ ਐਵੇਂ ਹੀ ਰਹਿ ਪਏ ਸੀ । ਨਰਸਾਂ ਨੇ ਕੁਝ ਕਸਰਤਾਂ
ਕਰਨੀਆਂ ਦੱਸੀਆਂ ਸਨ ਜੋ ਉਹ ਰੋਜਾਨਾ ਕਰਦਾ। ਨਾਰੀਅਲ ਪਾਣੀ ਸੌ ਰੁਪਏ ਤੋਂ ਪਾਰ ਹੋ ਚੁੱਕਾ ਸੀ
।ਪਪੀਤਾ 70-80 ਰੁਪਏ ਕਿਲੋ ਹੋ ਚੁੱਕਾ ਸੀ। ਇੱਕ ਦਿਨ ਮਰੀਜ਼ ਨੇ ਸੇਬ ਖਾਣ ਦੀ ਇੱਛਾ ਕੀਤੀ ਤਾਂ
ਅਸੀਂ ਬਾਹਰ ਸੜਕ ਤੇ ਚਲੇ ਗਏ। ਮੈਂ ਭਈਏ ਨੂੰ ਰੇਟ ਪੁੱਛਿਆ ਤਾਂ ਉਹ ਆਖਣ ਲੱਗਾ,” ਤੀਨ ਸੌ ਪਚਾਸ ਕੇ
ਏਕ ਕਿਲੋ ਹੈ।”
“ ਤਿੰਨ ਸੌ ਪੰਜਾਹ
ਰੁਪਏ! ਉਹ ਸ਼ਰਮ ਕਰੋ! ਕੋਈ ਹਿਸਾਬ ਨਾਲ ਲਾਓ ਯਾਰ! ਉਤੋਂ ਰੱਬ ਦਾ ਕਹਿਰ ਆ! ਉਤੋਂ ਤੁਸੀਂ ਲੁੱਟਣ
ਨੂੰ ਪਏ ਓਂ ! ਕੋਈ ਯਾਰ ਹਿਸਾਬ ਨਾਲ ਰੇਟ ਲਾਓ।” ਮੈਂ ਕਿਹਾ ਸੀ।
“ਬਾਊ ਜੀ! ਲੇਣਾ ਹੈ
ਤੋ ਲੋ! ਨਹੀਂ ਤੋ ਜਾਓ। ਇਸ ਸੇ ਕਮ ਨਹੀਂ ਹੋਗਾ।” ਮੈਨੂੰ ਗੁੱਸਾ ਚੜ ਗਿਆ ਸੀ। ਮੈਂ ਗੁੱਸੇ ਵਿੱਚ ਕਰਾਰੀਆਂ ਜਿਹੀਆਂ
ਦੋ-ਚਾਰ ਗਾਲਾਂ ਵੀ ਕੱਢ ਦਿੱਤੀਆਂ ਸਨ। ਮੈਂ ਕਿਹਾ,” ਖੜ ਮੈਂ ਤੇਰੀ…।”
ਮੈਂ ਹਾਲੇ ਹੱਥ ਚੁੱਕਿਆ ਹੀ ਸੀ ਕਿ ਮਾਸਟਰ ਜੀ ਨੇ ਮੇਰਾ ਹੱਥ ਫੜ ਲਿਆ
ਸੀ।
ਉਹ ਆਪ ਤਾਂ
ਝੋਪੜੀ ਵਿੱਚ ਵੜ ਗਿਆ ਪਰ ਇੱਕ ਵੱਡੀ ਉਮਰ ਦਾ ਸਿਆਣਾ ਭਈਆ ਆ ਕੇ ਆਖਣ ਲੱਗਾ, “ ਬਾਊ ਜੀ! ਕੋਈ ਬਾਤ ਨਹੀਂ ਆਪ ਤੀਨ ਦੇ ਦੇਣਾ। ਕਿਆ ਕਰੇਂ ਸੌਦੇ
ਮਹਿੰਗੇ ਹੂਏ ਪੜੇ ਹੈਂ! “
ਮਾਸਟਰ ਜੀ ਨੇ ਸੇਬ ਖਰੀਦ ਲਏ ਸਨ । ਫਿਰ ਅਸੀਂ ਇੱਕ ਰੇਹੜੀ ਉੱਪਰ ਚਾਹ
ਪੀਣ ਬੈਠ ਗਏ ਸਾਂ। ਮਾਸਟਰ ਜੀ ਆਖਣ ਲੱਗੇ, “ ਤੂਤ ਸਾਬ! ਕਾਹਨੂੰ ਗੁੱਸਾ ਕਰਦੇ ਆਂ ?
ਇਹਨਾਂ ਲੋਕਾਂ ਨੂੰ ਤਾਂ ਮੌਕਾ ਮਿਲਿਆ ਹੋਇਆ ਲੁੱਟਣ ਦਾ! ਆਪਣੀ ਮਜਬੂਰੀ
ਆ! ਆਪਾਂ ਤਾਂ ਮਰੀਜ਼ ਨੂੰ ਫਲ ਲੈ ਕੇ ਦੇਣੇ ਈ ਆ! ਯਾਰ ਤੂੰ ਤੱਤਾ ਵੀ ਹੋ ਜਾਂਦਾ ਹੁੰਨਾਂ?
ਮੈਂ ਤਾਂ ਪਹਿਲੀ ਵਾਰੀ ਵੇਖਿਆ!”
ਇੱਕ
ਰਾਤ ਕੋਈ ਵੀ ਰਹਿਣ ਵਾਸਤੇ ਨਾ ਆਇਆ। ਮਾਸਟਰ ਜੀ ਕਹਿੰਦੇ, “ ਅੱਜ ਰਾਤ ਆਪਾਂ ਹੀ ਰਹਾਂਗੇ।”
“ ਨਾ ਭਰਾਵਾਂ! ਮੈਂ
ਨਹੀਂ ਰਹਿਣਾ ਰਾਤ। ਮੈਥੋਂ ਨਹੀਂ ਪੈ ਹੁੰਦਾ ਥੱਲੇ ਫਰਸ਼ ‘ਤੇ ।ਨਾਲੇ ਮੱਛਰ ਐ, ਨਾਲੇ ਗਰਮੀ ਹੈ । ਤੁਸੀਂ ਕੋਈ ਹੋਰ ਪ੍ਰਬੰਧ ਕਰੋ।”
“ਤੂਤ ਸਾਬ! ਤੂੰ ਨਾ
ਬਹੁਤਾ ਨਾ ਘਬਰਾਇਆ ਕਰ, ਇਧਰ ਵੇਖ ਯਾਰ! ਮੈਂ
ਸ਼ੂਗਰ ਦਾ ਮਰੀਜ਼ ਆਂ , ਮੈਂ ਵੀ ਤੇਰੇ ਨਾਲ
ਹੀ ਆਂ , ਕੁਝ ਨਹੀਂ ਹੁੰਦਾ।
ਅੱਧੀ ਰਾਤ ਤੂੰ ਜਾਗ ਲਵੀਂ, ਅੱਧੀ ਰਾਤ ਮੈਂ ਜਾਗ
ਲਵਾਂਗਾ । ਇੰਨੀ ਕੁ ਗੱਲ ਆ ਬਸ! ਐਵੇਂ ਹੀ ਦਿਲ ਜੇਹਿਆ ਨਾ ਢਾਇਆ ਕਰ। ਹੌਸਲਾ ਰੱਖਿਆ ਕਰ ।”
“ਪਰ ਨਹੀਂ ਭਰਾਵਾ!
ਮੈਂ ਨਹੀਂ ਰਹਿ ਸਕਦਾ। ਸੱਦਲੋ ਜੇ ਕੋਈ ਆਉਂਦਾ ਤਾਂ ਪੰਦਰਾਂ ਦਿਨ ਹੋ ਗਏ ਆ ਮੈਨੂੰ ਇੱਥੇ
ਜੱਭਦੇ ਨੂੰ !”
“ ਮੈਂ ਤਾਂ ਸਿਰ ਤੇ
ਕੱਫਣ ਬੰਨ ਕੇ ਆਇਆਂ। ਕੁਝ ਨਹੀਂ ਹੁੰਦਾ ! ਜੇ
ਮੈਂ ਮਰ ਜਾਊਂਗਾ!”
“ ਉਹ ਭਰਾਵਾ! ਮੇਰਾ
ਵੀ ਪਰਿਵਾਰ ਐ! ਨੌ ਸਾਲਾਂ ਦਾ ਮੇਰਾ ਜਵਾਕ ਆ। ਮੈਂ ਕਿਸੇ ਦਾ ਪੁੱਤ ਨਹੀਂ ਹੈਗਾ!”
“ ਉਹ ਕੁਝ ਨਹੀਂ
ਹੁੰਦਾ ਯਾਰ! ਇੱਕ ਰਾਤ ਦੀ ਤਾਂ ਗੱਲ ਹੈ। ਤੂੰ ਸੌਂਜੀ, ਮੈਂ ਜਾਗਦਾ ਰਹੂੰਗਾ ਬਸ! ਹੋਰ ਦੱਸ ?” ਤੇ ਫਿਰ ਮੈਂ
ਅਣਮੰਨੇ ਜਿਹੇ ਮਨ ਨਾਲ ਮੰਨ ਹੀ ਗਿਆ ਸਾਂ।
ਮਰੀਜ਼ ਨੇ ਇਕ ਦਿਨ
ਪੇਟ ਸਾਫ ਕਰਨ ਦੀ ਇੱਛਾ ਜਾਹਿਰ ਕੀਤੀ ਤਾਂ ਨਰਸ ਨੇ ਉਹਨਾਂ ਨੂੰ ਪਿਕਲਿਨ ਦੋ ਚਮਚੇ ਪਿਆ ਦਿੱਤੇ ਸਨ
ਪਰ ਸ਼ਾਮ ਤੱਕ ਵੀ ਪੇਟ ਸਾਹਿਬ ਨਾ ਹੋਇਆ। ਨਰਸਾਂ ਨੇ ਫਿਰ ਦੋ ਪਿੱਕਲੀਨ ਦੇ ਚਮਚੇ ਦਿੱਤੇ ਤੇ
ਦੁਪਹਿਰ ਸਮੇਂ ਉਸਨੇ ਫਲੱਸ਼ ਜਾਣ ਦੀ ਇੱਛਾ ਜਾਹਰ ਕੀਤੀ । ਮੈਂ ਉਸਨੂੰ ਇੱਕ ਵੀਲ ਚੇਅਰ ਤੇ ਬਿਠਾ
ਕੇ ਲੈ ਗਿਆ ਅਤੇ ਆਪ ਫਲਸ਼ ਦੇ ਬਾਹਰ ਖੜਾ ਰਿਹਾ। ਇਸ ਦੌਰਾਨ ਹੀ ਮਰੀਜ ਦਾ ਸਾਹ ਉਖੜ੍ਹਨਾ ਸ਼ੁਰੂ
ਹੋ ਗਿਆ ਸੀ ਤੇ ਫਿਰ ਉਸਨੇ ਕਿਹਾ ਕਿ ਮੈਂ ਹੁਣ ਵਾਪਸ ਆਪਣੇ ਬੈਡ ‘ਤੇ ਜਾਣਾ ਚਾਹੁੰਦਾ
ਹਾਂ। ਜਦ ਮੈਂ ਵੀਲ ਚੇਅਰ ਨੂੰ ਖਿੱਚਣ ਲੱਗਾ ਤਾਂ ਵੀ ਚੇਅਰ ਦੇ ਚੱਕੇ ਦੀ ਦੋ ਤਾਰਾਂ ਟੁੱਟ ਗਈਆਂ
ਸਨ। ਉਹ ਨਾ ਅੱਗੇ ਹੋ ਰਹੀ ਸੀ ਨਾ ਪਿੱਛੇ ਹੋ ਰਹੀ ਸੀ ।ਮਰੀਜ਼ ਸਾਹ ਲੈਣ ‘ਚ ਥੋੜੀ ਤਕਲੀਫ
ਮਹਿਸੂਸ ਕਰ ਰਿਹਾ ਸੀ। ਮੈਂ ਭੱਜਾ-ਭੱਜਾ ਗਿਆ ਤੇ ਦੋ ਹੋਰ ਬੰਦਿਆਂ ਨੂੰ ਸੱਦਿਆ। ਜਿਨਾਂ ਨੇ ਉਹ
ਵੀਲ ਚੇਅਰ ਨੂੰ ਚੱਕ ਕੇ ਬਾਹਰ ਕੀਤਾ ਅਤੇ ਫਿਰ ਉਸ ਨੂੰ ਬੈਡ ਉੱਪਰ ਲਿਟਾ ਦਿੱਤਾ ।ਇੱਕ ਵਾਰ ਫਿਰ
ਉਸਦੇ ਨੱਕ ਉੱਪਰ ਆਕਸੀਜਨ ਦੀ ਪਾਈਪ ਲਗਾ ਦਿੱਤੀ ਸੀ ਅਤੇ ਸਾਹ ਠੀਕ ਹੋ ਗਿਆ ਸੀ।
ਕੁਝ ਦਿਨਾਂ ਬਾਅਦ ਜਦ ਛੁੱਟੀ ਮਿਲੀ ਸੀ ਤਾਂ
ਮੈਂ ਆਉਂਦੇ ਸਮੇਂ ਸਟਾਫ ਰੂਮ ਵਿੱਚ ਡਾਕਟਰਾਂ ਦਾ ਧੰਨਵਾਦ ਕਰਨ ਗਿਆ ਤੇ ਮੈਂ ਕਿਹਾ ਸੀ,” ਜੇ ਇਜਾਜਤ ਹੋਵੇ
ਤਾਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਸਵਾਲ ਇਹ ਹੈ ਕਿ ਲੋਕਾਂ ਵਿੱਚ ਇੱਕ ਤਰ੍ਹਾਂ ਦਾ ਭਰਮ
ਫੈਲਿਆ ਹੋਇਆ ਹੈ ਕਿ ਜੋ ਵੀ ਮਰੀਜ਼ ਹਸਪਤਾਲ ਜਾਂਦਾ ਹੈ , ਉਹ ਜਿਉਂਦਾ ਵਾਪਸ ਨਹੀਂ ਆਉਂਦਾ। ਉਹਦੇ ਅੰਗ ਕੱਢ ਲਏ
ਜਾਂਦੇ ਹਨ। ਇਹਨਾਂ ਗੱਲਾਂ ਵਿੱਚ ਕੀ ਸੱਚਾਈ ਹੈ? ਲੋਕ ਕਿਉਂ ਆਉਣ ਤੋਂ ਡਰਦੇ ਹਨ ਹਸਪਤਾਲ ਵਿੱਚ?”
“ ਸਰ! ਅਸਲ ਗੱਲ ਇਹ
ਹੈ ਕਿ ਕਈ ਲੋਕ ਸਾਡੇ ਕੋਲ ਆਉਂਦੇ ਹੀ ਆਖਰੀ ਸਟੇਜ ਤੇ ਆ! ਉਹਨਾਂ ਦਾ ਅਸੀਂ ਦੱਸੋ ਭਲਾ ਕੀ ਕਰ
ਸਕਦੇ ਹਾਂ? ਤੁਹਾਡਾ ਮਰੀਜ਼ ਵੀ
ਹੁਣ ਠੀਕ ਹੋ ਕੇ ਚੱਲਿਆ ਹੀ ਹੈ ਨਾ! ਜੇਕਰ ਤੁਸੀਂ ਵੀ ਟਾਈਮ ਸਿਰ ਨਾ ਲਿਆਉਂਦੇ ਤਾਂ ਕੁਝ ਵੀ ਵਾਪਰ
ਸਕਦਾ ਸੀ!” ਉਹਨਾਂ ਨੇ ਆਪਣਾ
ਪੱਖ ਸਪਸ਼ਟ ਕਰ ਦਿੱਤਾ ਸੀ। ਤੇ ਅਸੀਂ ਵਾਪਸ ਘਰ ਪਰਤ ਆਏ ਸਾਂ। ਸਾਰੇ ਖੁਸ਼ ਸਨ ਕਿ ਮਿਹਨਤ ਦਾ
ਮੁੱਲ ਪੈ ਗਿਆ ਹੈ। ਸ਼ੁਕਰ ਹੈ ਕਿ ਉਦੋਂ ਸਭ ਸਰਕਾਰੀ-ਪ੍ਰਾਈਵੇਟ ਅਦਾਰੇ ਬੰਦ ਸਨ। ਛੁੱਟੀਆਂ ਸਨ ।
ਜੇਕਰ ਕੰਮ ਤੇ ਜਾਣਾ ਪੈਂਦਾ ਤਾਂ ਏਨੀਆਂ ਛੁੱਟੀਆਂ ਕਿਥੋਂ ਮਿਲਨੀਆਂ ਸੀ।
ਸਮਾਂ ਬੀਤਦਾ
ਰਿਹਾ। ਮਾਸਟਰ ਜੀ ਦੇ ਪੈਰਾਂ ਵਿੱਚ ਜਖਮ ਹੋ ਗਿਆ ਤੇ ਜਖਮ ਠੀਕ ਹੀ ਨਹੀਂ ਹੋ ਰਿਹਾ ਸੀ। ਜਖਮ ਏਨਾ
ਵੱਧ ਗਿਆ ਕਿ ਪੈਰ ਦਾ ਅੰਗੂਠਾ ਕੱਟਣਾ ਪਿਆ ਸੀ ਪਰ ਸਮਾਂ ਪਾ ਕੇ ਹੌਲੀ-ਹੌਲੀ ਉਹ ਵੀ ਠੀਕ ਹੋ ਗਿਆ
ਸੀ। ਜਦ ਵੀ ਉਹ ਕੋਈ ਮੇਰੀ ਨਵੀਂ ਕਿਤਾਬ ਪੜ੍ਹਦੇ ਤਾਂ ਉਹ ਮੈਨੂੰ ਫੋਨ ਜਰੂਰ ਕਰਦੇ। ਲੰਮੀਆਂ-
ਲੰਮੀਆਂ ਗੱਲਾਂ ਕਰਦੇ। ਇੱਕ ਦਿਨ ਉਹਨਾਂ ਦਾ ਫੋਨ ਆਇਆ ਤਾਂ ਕਹਿਣ ਲੱਗੇ,” ਤੂਤ ਸਾਬ ਜੀ! ਮੈਂ
ਜਗਰਾਉਂ ਬੱਸ ਚ ਬੈਠਾ ਸੀ। ਇੱਕ ਬੰਦਾ ਸਪੋਕਸਮੈਨ ਅਖਬਾਰ ਪੜ੍ਹ ਰਿਹਾ ਸੀ ਤੇ ਮੈਂ ਵੀ ਇੱਕ ਪੰਨਾ
ਲੈ ਕੇ ਉਹਨਾਂ ਤੋਂ ਪੜ ਲਿਆ। ਮੈਂ ਜਦ ਤੁਹਾਡਾ ਨਾ ਤੇ ਆਰਟੀਕਲ ਪੜਿਆ ਤਾਂ ਮੈਂ ਕਿਹਾ ਇਹ ਤਾਂ
ਸਾਡਾ ਤੂਤ ਸਾਬ ਆ! ਮੈਂ ਉਸ ਬੰਦੇ ਨੂੰ ਦੱਸਿਆ ਵੀ ਕਿ ਇਹ ਤਾਂ ਸਾਡਾ ਸਾਡਾ ਰਿਸ਼ਤੇਦਾਰ ਹੈ। ਬੜੀ ਖੁਸ਼ੀ ਹੋਈ ਮੈਨੂੰ। ਫਿਰ
ਮੈਂ ਦੱਸਿਆ ਕਿ ਤੂਤ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ । ਦੂਰਦਰਸ਼ਨ ਜਲੰਧਰ ਵੀ ਗਿਆ ਹੈ।
ਸਰਕਾਰੀ ਅਧਿਆਪਕ ਹੈ ।ਜਦੋਂ ਮੈਂ ਤੂਤ ਸਾਬ! ਤੁਹਾਡੀਆਂ ਪ੍ਰਾਪਤੀਆਂ ਵੇਖਦਾ ਤਾਂ ਮੈਨੂੰ ਬੜੀ
ਖੁਸ਼ੀ ਹੁੰਦੀ ਹੈ । ਤੁਸੀਂ ਸਮਾਜ ਦੀ ਅਸਲ ਤਸਵੀਰ ਪੇਸ਼ ਕਰਦੇ ਹੋ। ਇੱਕ ਬਹੁਤ ਵੱਡਾ ਕਾਰਜ ਕਰ
ਰਹੇ ਹੋ। ਮਾਰਗ ਦਰਸ਼ਕ ਵੀ ਹੋ। ਤੇ ਮੇਰਾ ਆਸ਼ੀਰਵਾਦ ਹੈ ਕਿ ਤੁਸੀਂ ਹੋਰ ਤਰੱਕੀਆਂ ਕਰੋ। ਸਾਹਿਤ
ਲਿਖਦੇ ਰਹੋ ! ਅਸੀਂ ਪੜ੍ਹਦੇ ਰਹੀਏ ਤੇ ਮਾਣ ਮਹਿਸੂਸ ਕਰਦੇ ਰਹੀਏ! ਸਤਿ ਸ੍ਰੀ ਅਕਾਲ ।”
“ ਸ਼ੁਕਰੀਆ ਜੀ!” ਮੈਂ ਇਨਾ ਹੀ
ਆਖਦਾ। ਉਹ ਕਈ ਵਾਰ ਜਦ ਕਦੇ ਫੋਨ ਲਾਉਂਦੇ ਤਾਂ
ਲੰਮੀਆਂ-ਲੰਮੀਆਂ ਗੱਲਾਂ ਕਰਦੇ। ਮੇਰੀਆਂ ਘੱਟ ਸੁਣਦੇ ਤੇ ਆਪਣੀਆਂ ਸੁਣਾਈ ਜਾਂਦੇ। ਕਦੇ ਮੈਨੂੰ ਲੱਗਦਾ ਕਿ ਕਿਤੇ ਐਵੇਂ ਹੀ ਤਾਂ ਨਹੀਂ ਪ੍ਰਸ਼ੰਸਾ ਕਰਦੇ ਰਹਿੰਦੇ। ਉਹ ਕਿਤੇ ਐਵੇਂ ਤਾਂ ਨਹੀਂ
ਵਡਿਆਈ ਕਰਦੇ!
ਸਮਾਂ ਬੀਤਦਾ ਰਿਹਾ ਤੇ ਫਿਰ ਕੁਝ ਸਾਲਾਂ ਬਾਅਦ ਮੈਨੂੰ ਪਤਾ ਲੱਗਾ ਕਿ ਉਹ ਫੌਤ ਹੋ ਗਏ ਹਨ।
ਉਸੇ ਦਿਨ ਹੀ ਫਰੀਦਕੋਟ ਤੋਂ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਜੀ ਵੀ ਇਸ ਦੁਨੀਆ ਤੋਂ ਚਲੇ ਗਏ
ਸਨ। ਇਹਨਾਂ ਦੋਨਾਂ ਵਿਅਕਤੀਆਂ ਦਾ ਇਸ ਤਰਾਂ ਤੁਰ ਜਾਣਾ ਮੇਰੇ ਲਈ ਅਸਹਿ ਸੀ। ਖਾਲਸਾ ਜੀ ਦੀ ਮੌਤ
ਤੋਂ ਬਾਅਦ ਮੈਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਫਰੀਦਕੋਟ ਜਿਲੇ ਨਾਲੋਂ ਮੇਰਾ ਸੀਰ ਮੁੱਕ ਗਿਆ
ਹੋਵੇ। ਤੇ ਮਾਸਟਰ ਜੀ ਦੇ ਜਾਣ ਨਾਲ ਮੇਰਾ ਉਸਦੇ ਪਿੰਡ ਤੇ ਉਸਦੇ ਘਰ ਨਾਲੋਂ ਵੀ ਸੀਰ ਟੁੱਟ ਗਿਆ
ਹੋਵੇ।
ਪਿਛਲੇ
ਸਾਲ ਅਸੀਂ ਵਿਸਾਖੀ ਦੇ ਦਿਨ ਮਾਸਟਰ ਜੀ ਦੇ ਘਰ ਗਏ ਸਾਂ। ਉਹ ਸ਼ਿਖਰ ਦੁਪਹਿਰੇ ਪਤਾ ਨੀ ਕਿਥੋਂ
ਗੋਭੀ ਦਾ ਫੁੱਲ ਲੱਭ ਕੇ ਲੈ ਆਏ। ਮੈਂ ਕਿਹਾ, “ ਇਹ ਕੀ ਕਰਨਾ ਸੀ!”
ਤਾਂ ਆਖਣ ਲੱਗੇ,” ਲੈ ਯਾਰ ਸਾਡਾ ਤੂਤ ਸਾਬ ਆਇਆ! ਮੈਂ ਕਿਹਾ ਗੋਭੀ ਦੇ ਪਕੌੜੇ ਜਰੂਰ
ਖਵਾਈਏ! ਬਸ ਲੱਭ ਲਿਆ ਕਿਤੋਂ! ਬਸ ਹੁਣ ਤੂੰ ਇਹ ਨਾ ਪੁਛੀਂ, ਕਿ ਕਿੱਥੋਂ ਲੈ ਕੇ ਆਇਆ।”
ਤੇ ਜਦ
ਉਹਨਾਂ ਦਾ ਮੈਨੂੰ ਆਖਰੀ ਵਾਰ ਫੋਨ ਆਇਆ ਸੀ ਤਾਂ ਉਹ ਆਖ ਰਹੇ ਸੀ,” ਤੂਤ ਜੀ! ਬੰਦੇ ਦਾ
ਕੋਈ ਪਤਾ ਨਹੀਂ ਲੱਗਦਾ। ਤੁਸੀਂ ਮੇਰੀ ਬੇਟੀ ਦਾ ਖਿਆਲ ਰੱਖਣਾ। ਤੁਸੀਂ ਉਸਦੇ ਘਰ ਦੇ ਥੰਮ ਹੋ।
ਮੈਨੂੰ ਮਾਣ ਹੈ ਕਿ ਮੈਂ ਤੂਤ ਦਾ ਸਾਥ ਮਾਣਿਆ ਹੈ। ਤੁਸੀਂ ਉਥੇ ਆਉਂਦੇ ਜਾਂਦੇ ਰਹੋ। ਮੇਰੀ ਇਹੀ
ਬੇਨਤੀ ਹੈ ਕਿ ਮੇਰੀ ਬੇਟੀ ਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣੀ ਚਾਹੀਦੀ। ਮੈਨੂੰ
ਤੁਹਾਡੇ ਤੋਂ ਬਹੁਤ ਆਸਾਂ ਨੇ। ਜਿਉਂਦੇ ਰਹੋ !”
ਮੈਂ ਕਿਹਾ,” ਤੁਸੀਂ ਫਿਕਰ ਨਾ ਕਰੋ । ਅਸੀਂ ਜੇ ਝੋਲੀ ਪਾ ਕੇ ਲੈ ਕੇ ਗਏ ਆਂ ਤਾਂ ਹਰ
ਸਮੇਂ ਖਿਆਲ ਰੱਖਾਂਗੇ। ਜੇ ਕੋਈ ਸਾਨੂੰ ਅੱਧੀ ਰਾਤ ਨੂੰ ਵੀ ਆਵਾਜ਼ ਮਾਰੇ ਤਾਂ ਅਸੀਂ ਹਾਜ਼ਰ
ਹੋਵਾਂਗੇ। ਤੁਸੀਂ ਕਿਸੇ ਕਿਸਮ ਦਾ ਫਿਕਰ ਨਾ ਕਰਿਆ ਕਰੋ ਜੀ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।”
“ ਤੂਤ ਯਾਰ! ਆਹ ਹੋਈ
ਨਾ ਗੱਲ ਫਿਰ! ਹਾਏ ਮੈਂ ਸਦਕੇ ਜਾਵਾਂ! ਨੀ ਮੈਂ ਵਾਰੇ ਜਾਵਾਂ ! ਨੀ ਮੈਂ ਮਰਜਾਂ! ਤੂਤ ਜੀ ਬੜੇ
ਦਿਨਾਂ ਤੋਂ, ਬੜੇ ਦਿਨਾਂ ਤੋਂ
ਫੋਨ ਲਾ ਰਿਹਾ ਸੀ। ਅੱਜ ਮੇਰਾ ਸੀਨਾ ਠੰਡਾ ਠਾਰ ਹੋ ਗਿਆ। ਮੇਰਾ ਹਿਰਦਾ ਸੀਤ ਹੋ ਗਿਆ ਹੈ।” ਉਨ੍ਹਾਂ ਕਿਹਾ ਸੀ ।
ਮਾਸਟਰ ਜੀ
ਇੱਕ ਹੌਸਲਾ ਵਧਾਉਣ ਵਾਲੇ ਇਨਸਾਨ ਸਨ। ਉਤਸ਼ਾਹਿਤ ਰਹਿਣ ਵਾਲੇ ਤੇ ਉਤਸ਼ਾਹਿਤ ਕਰਨ ਵਾਲੇ, ਸੁਚਾਰੂ ਸੋਚ ਵਾਲੇ, ਚੜਦੀ ਕਲਾ ਵਿੱਚ
ਰਹਿਣ ਵਾਲੇ, ਦੋ ਵੇਲੇ ਪਾਠ ਕਰਨ
ਵਾਲੇ ਤੇ ਦੁਨੀਆ ਵਿੱਚ ਹਰੇਕ ਵਿਅਕਤੀ ਨਾਲ ਆਪਣੇ
ਢੰਗ ਨਾਲ ਵਰਤਣ ਵਾਲੇ ਮਨੁੱਖ ਸਨ। ਅਸੀਂ ਦੋਵਾਂ ਨੇ ਰਲ਼ ਕੇ ਤੇ ਬੜੀ ਮਿਹਨਤ ਨਾਲ਼ ਉਸ ਬੰਦੇ ਨੂੰ
ਬਚਾ ਲਿਆ ਸੀ ਜੋ ਮਾਸਟਰ ਹਰਬੰਸ ਸਿੰਘ ਜੀ ਦਾ
ਜਵਾਈ ਹੈ ਤੇ ਮੈਂ ਉਸ ਜਵਾਈ ਦਾ ਜਵਾਈ ।
ਮੋਬ. 9872455994
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.