ਸਫ਼ਰ-ਏ-ਸ਼ਹਾਦਤ
.. ਸਿੱਖ ਇਤਿਹਾਸ ਦੇ
ਪੰਨੇ ਪੜ੍ਹਦਿਆਂ,
ਜਦ ਵੀ ਮੇਰੀ ਨਜ਼ਰ,
ਆਨੰਦਪੁਰੀ ਵੱਲ ਜਾਦੀ ਏ
ਪੋਹ ਦੀ ਸਰਦ ਰੁੱਤ 'ਚ,
ਇੱਕ ਕਾਫ਼ਲਾ ਅੱਧੀ ਰਾਤੀਂ
ਘੁੱਗ ਵਸਦੀ ਨਗਰੀ, ਆਨੰਦਪੁਰੀ ਤੋਂ ਰੁਖ਼ਸਤ ਹੋ ਰਿਹੈ,
ਚਾਰੇ ਸਾਹਿਬਜ਼ਾਦੇ, ਮਾਂ ਗੁਜਰੀ
ਮਹਿਲ ਗੁਰਾਂ ਦੇ ਤੇ ਲਾਡਲੇ ਸਿੰਘ
ਨੀਲੇ ਦਾ ਸ਼ਾਹ ਅਸਵਾਰ, ਬਾਜ਼ਾਂ ਵਾਲਾ ਪ੍ਰੀਤਮ,ਕਰ ਰਿਹਾ ਸਭ ਦੀ ਅਗਵਾਹੀ।
ਨਾ ਜਾਹ ਬਾਜ਼ਾਂ ਵਾਲੜਿਆ,ਨਾ ਜਾਹ ਕਲਗੀਆਂ ਵਾਲੜਿਆ,
ਪੂਰੇ ਸ਼ਹਿਰ 'ਚ ਗੂੰਜ ਰਹੀ,
ਆਨੰਦਪੁਰੀ ਦੀ ਹਾਲ
ਦੁਹਾਈ ।।
.. ਮੇਰੀ ਨਜ਼ਰ ਜਦ ਵੀ
ਸਰਸਾ ਨਦੀ ਦੀਆਂ ਛੱਲਾਂ ਵੱਲ ਜਾਂਦੀ ਏ,
ਤਾਂ ਅ੍ਰੰਮਿਤ ਵੇਲੇ ਦਾ ਦੀਵਾਨ ਲੱਗਿਆ ਨਜਰ ਆਉਂਦਾ ਏ,
ਸਾਜ ਤਾਊਸ ਦੀਆਂ ਤੰਦਾਂ ਨੂੰ ਛੋਹ ਕੇ,
ਮਾਂ ਗੁਜਰੀ ਦਾ ਲਾਲ ਪਿਆ, ਆਸਾ ਰਾਗ ਵਜਾਉਂਦਾ
ਏ,
ਸੰਗਤੀ ਰੂਪ 'ਚ ਸਿੰਘ ਗਾ ਰਹੇ,ਆਸਾ ਦੀ ਵਾਰ,
ਉਧਰ ਦੂਜੇ ਕੰਢੇ, ਮੁਗਲਾਂ ਦਾ ਹੱਲਾ ਰੋਕਣ ਲਈ,ਖੜਕ ਰਹੀ ਸਿੰਘਾਂ ਦੀ ਤਲਵਾਰ,
ਕੀ ਆਖਾਂ ਤੈਨੂੰ ਸਰਸਾ ਨਦੀਏ,
ਕੀ ਮਾਰਿਆ ਲੋਹੜਾ,
ਤੇਰੇ ਕੰਢੇ ਜ਼ਾਲਮ ਨਦੀਏ,ਪਿਆ ਪ੍ਰੀਵਾਰ ਵਿਛੋੜਾ।।
.. ਮੇਰੀ ਨਜ਼ਰ ਜਦ
ਚਮਕੌਰ ਗੜ੍ਹੀ ਵੱਲ ਜਾਂਦੀ ਏ,
ਬਾਹਰ ਦਸ ਲੱਖ ਫੌਜਾਂ ਦਾ ਹਜ਼ੂਮ ਹਰਲ- ਹਰਲ ਕਰ ਰਿਹੈ,
ਗੜ੍ਹੀ ਅੰਦਰ ਦਸਮੇਸ਼ ਪਿਤਾ ਚਾਲੀ ਸਿੰਘਾਂ ਨੂੰ,
ਖਾਲਸੇ ਦੀ ਪਰਖ ਤੇ ਸਵਾ ਸਵਾ ਲੱਖ ਨਾਲ,ਲੜਨ ਲਈ ਤਿਆਰ ਬਰ
ਤਿਆਰ ਕਰ ਰਿਹੈ,
ਦੋਵੇਂ ਵੱਡੇ ਸਾਹਿਬਜ਼ਾਦੇ ਪਿਤਾ ਦੀ ਅਸੀਸ ਝੋਲੀ ਪਵਾ ਲਾੜੀ ਮੌਤ
ਵਿਆਉਣ ਲਈ,
ਪੰਜ- ਪੰਜ ਸਿੰਘਾਂ ਦੀ ਬਰਾਤ ਲੈ ਕੇ,
ਮੈਦਾਨੇ ਜੰਗ ਅੰਦਰ ਕੁੱਦ ਪਏ,
ਤੇਗਾਂ ਖੜਕੀਆਂ,ਨੇਜੇ ਚੱਲੇ, ਤੀਰਾਂ ਦੀ ਬਰਸਾਤ ਹੋਈ,
ਜਦ ਸਾਹਿਬਜ਼ਾਦਿਆਂ ਲਾੜੀ ਮੌਤ ਵਿਆਹੀ,ਤਦ ਸੀ ਅੱਧੀ ਰਾਤ
ਹੋਈ,
ਗੜੀ ਦੀ ਮੰਮਟੀ ਤੋਂ ਦਸਮੇਸ਼ ਪਿਤਾ ਨੇ,
ਜੋਸ਼ ਵਿੱਚ ਛੱਡੇ ਜੈਕਾਰੇ,
ਪੂਰੀ ਕਾਇਨਾਤ ਗੂੰਜ ਉੱਠੀ,
ਧੰਨ ਦਸ਼ਮੇਸ਼ ਪਿਤਾ, ਤੈਥੋਂ ਬਲਿਹਾਰੇ, ਧੰਨ ਦਸ਼ਮੇਸ਼ ਪਿਤਾ ਤੈਥੋਂ ਬਲਿਹਾਰੇ।।
.. ਮਾਛੀਵਾੜੇ ਦਾ ਜੰਗਲ,ਚੰਨ ਚਾਨਣੀ ਰਾਤ
ਜੰਡ ਦੇ ਹੇਠਾਂ,
ਖੂਹ ਦੀ ਟਿੰਡ ਦਾ ਸਿਰਹਾਣਾ ਲਾ ਕੇ, ਕੌਂਣ ਬੇਫ਼ਿਕਰ ਸੌਂ
ਸਕਦਾ,
ਕੌਣ "ਮਿੱਤਰ ਪਿਆਰੇ ਹਾਲ ਮੁਰੀਦਾਂ'' ਦਾ
ਗਾ ਸਕਦਾ,
ਕੌਣ ਸਾਰਾ ਸਰਬੰਸ ਵਾਰ ਕੇ, ਤੇਗ਼ ਸੀਨੇ ਨਾਲ ਲਾ ਸਕਦਾ,
ਬਾਜਾਂ ਵਾਲੇ ਪ੍ਰੀਤਮ ਮੇਰੇ, ਕੋਈ ਨਹੀ ਤੇਰਾ ਸਾਨੀ,
ਧੰਨ ਤੇਰੀ ਕੁਰਬਾਨੀ, ਧੰਨ ਤੇਰੀ ਕੁਰਬਾਨੀ।।
.. ਮੇਰੀ ਨਜ਼ਰ ਇਤਿਹਾਸ
ਦੇ ਪੰਨਿਆ 'ਚ,ਜਦ ਪਈ ਸਰਹੰਦ ਤੇ,
ਇੱਕ ਖ਼ੂਨੀ ਇਬਾਰਤ ਲਿਖੀ ਜਾ ਰਹੀ,ਕਹਿਰੀ ਜ਼ੁਲਮੀ ਕੰਧ ਤੇ,
ਠੰਡੇ ਬੁਰਜ 'ਚ ਦਾਦੀ ਦੋ ਮਾਸੂਮਾਂ ਨੂੰ,
ਧਰਮ ਹੇਤ ਕੁਰਬਾਨ ਹੋਣ ਦੇ,ਬਹਿ ਕੇ ਸਬਕ ਸਿਖਾਵੇ,
ਬੱਚਿਓ ਸਿਰ ਜਾਵੇ ਤਾਂ ਜਾਵੇ, ਪਰ ਸਿੱਖੀ ਸਿਦਕ ਨਾ ਜਾਵੇ,
ਨਾਲ ਜਲਾਦਾਂ ਤੁਰ ਪਏ ਦੋਵੇਂ, ਬੰਨ੍ਹ ਸ਼ਹੀਦੀ ਗਾਨੇ,
ਨਾ ਉਹ ਡੋਲੇ,ਨਾ ਉਹ ਕੰਬੇ,ਨਾ ਉਹ ਸਿਸਕੇ,ਨਾ ਉਹ ਰੋਏ,
ਲਾੜੀ ਮੌਤ ਵਿਆਹ ਗਏ ਦੋਨੋਂ,ਬਣ ਕੌਮੀ ਪ੍ਰਵਾਨੇ,
ਅੰਬਰ ਰੋਇਆ, ਧਰਤੀ ਰੋਈ, ਰੋਇਆ ਚਾਰ ਚੁਫ਼ੇਰਾ,
ਮਾਂ ਗੁਜਰੀ ਦੇ ਚੰਨ, ਦਸਮੇਸ਼ ਪਿਤਾ ਜੀ,
ਧੰਨ ਜਿਗਰਾ ਤੇਰਾ, ਧੰਨ ਜਿਗਰਾ ਤੇਰਾ।।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਸੰਪਰਕ -
ਬਲਵਿੰਦਰ ਕੌਰ ਲਗਾਣਾ
ਵਾਰਡ ਨੰਬਰ 9
ਦਸਮੇਸ਼ ਨਗਰ, ਦਸੂਹਾ
ਜ਼ਿਲ੍ਹਾ ਹੁਸ਼ਿਆਰਪੁਰ
ਮੋਬਾਈਲ - 9464928014
religious
.jpeg)
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.