ਗ਼ਜ਼ਲ

ਕੇਸਰ ਕਰਮਜੀਤ ਆਸਟ੍ਰੇਲੀਆ

ਬਹਾਰਾਂ ਤੋਂ ਉਸਦਾ ਨਗਰ ਪੁੱਛ ਲੈਣਾ।

ਮਹਿਕਦੀ ਹਵਾ ਤੋਂ ਖ਼ਬਰ ਪੁੱਛ ਲੈਣਾ।

 

ਸੀ ਕਿਸਨੇ ਚੁਰਾਇਆ ਜਿਗਰ ਪੁੱਛ ਲੈਣਾ।

ਉਹ ਨਾ ਹੀ ਕਹੇਗਾ ਮਗਰ ਪੁੱਛ ਲੈਣਾ।

 

ਸੀ ਹਾਂ ਰੌਸ਼ਨੀ ਦੀ ਤਮੰਨਾ ਤਾਂ ਲੇਕਿਨ,

ਭਟਕਿਆ ਮੈਂ ਕਿੱਥੇ, ਡਗਰ ਪੁੱਛ ਲੈਣਾ।

 

ਕੋਈ ਇਹ ਕਹੇਗਾ, ਕੋਈ ਉਹ ਕਹੇਗਾ,

ਇੱਧਰ ਪੁੱਛ ਲੈਣਾ, ਉੱਧਰ ਪੁੱਛ ਲੈਣਾ।

 

ਤਸੱਵਰ ਚ ਰੱਖਣਾ ਮਿਰੇ ਯਾਰ ਦਾ ਦਰ,

ਬੜੀ ਬੇਬਸੀ ਤੋਂ ਸਬਰ ਪੁੱਛ ਲੈਣਾ।

 

ਕਹੇਗਾ ਕਿ ਮੁਸ਼ਕਿਲ ਹੈ ਸ਼ਬਦਾਂ ਚ ਕਹਿਣ,

ਹਾਂ ਚੁੱਪੀ  ਚ ਪੁੱਛਣਾ, ਮਗਰ ਪੁੱਛ ਲੈਣਾ।

 

ਕਿ ਅਪਣੇ ਹੀ ਅੰਦਰ ਉਹ ਉੱਤਰ ਜੋ ਨਿਕਲੇ,

ਕਿਸੇ ਵੀ ਤਰਾਂ ਇਸ ਕਦਰ ਪੁੱਛ ਲੈਣਾ।

ਇਹ ਵੀ ਪੜ੍ਹੋ -

ਦਲਜੀਤ ਰਾਏ ਕਾਲੀਆ ਦੇ ਦੋ ਗੀਤ