ਏਸ਼ੀਆਈ ਖੇਡਾਂ ’ਚ ਭਾਰਤ ਦੀ ਕਾਰਗੁਜਾਰੀ ਤਸੱਲੀਬਖ਼ਸ

ਉਲੰਪਿਕ ਲਈ ਉਮੀਦ ਜਾਗੀ

ਇਨਸਾਨ ਜਦੋਂ ਧਰਤੀ ਤੇ ਪੈਦਾ ਹੋਇਆ ਤਾਂ ਖੇਡਾਂ ਦੀ ਮਨੋਬਿਰਤੀ ਨਾਲ ਲੈ ਕੇ ਹੀ ਜੰਮਿਆ ਸੀ। ਅੱਜ ਵੀ ਜਨਮ ਉਪਰੰਤ ਜਦੋਂ ਉਹ ਆਪਣੇ ਆਸੇ ਪਾਸੇ ਦੀਆਂ ਵਸਤਾਂ ਦੀ ਹਿੱਲਜੁੱਲ ਵੇਖ ਕੇ ਆਪਣੇ ਹੱਥ ਪੈਰ ਹਿਲਾਉਂਦਾ ਹੈ, ਇਹ ਉਸਦੀ ਸਭ ਤੋਂ ਪਹਿਲੀ ਖੇਡ ਹੁੰਦੀ ਹੈ। ਇਹ ਖੇਡ ਉਸਨੂੰ ਤੰਦਰੁਸਤੀ ਤੇ ਸਰੀਰਕ ਸ਼ਕਤੀ ਪ੍ਰਦਾਨ ਕਰਦੀ ਹੈ। ਇਨਸਾਨ ਦੇ ਚਰਿੱਤਰ ਨਿਰਮਾਣ ਲਈ ਜੇ ਵਿੱਦਿਆ ਬਹੁਤ ਜਰੂਰੀ ਹੈ ਤਾਂ ਖੇਡਾਂ ਦਾ ਜੀਵਨ ਵਿੱਚ ਰੋਲ ਵੀ ਘੱਟ ਮਹੱਤਵਪੂਰਨ ਨਹੀਂ ਹੈ। ਜੇ ਵਿੱਦਿਆ ਗਿਆਨ ਦਿੰਦੀ ਹੈ ਤਾਂ ਖੇਡਾਂ ਇਨਸਾਨ ਚ ਅਨੁਸਾਸਨ ਤੇ ਸ਼ਹਿਣਸ਼ੀਲਤਾ ਵਰਗੇ ਗੁਣ ਪੈਦਾ ਕਰਦੀਆਂ ਹਨ ਤੇ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ। ਇਹ ਵੀ ਸੱਚਾਈ ਹੈ ਕਿ ਜਿਸ ਦੇਸ਼ ਦਾ ਖੇਡਾਂ ਦੇ ਖੇਤਰ ਵਿੱਚ ਨਾਂ ਉੱਚਾ ਹੋਵੇਗਾ, ਉਹ ਵਿਕਾਸ ਪੱਖੋਂ ਵੀ ਦੂਜਿਆਂ ਨਾਲੋਂ ਅੱਗੇ ਹੀ ਹੋਵੇਗਾ। ਇਸੇ ਕਰਕੇ ਹਰ ਦੇਸ਼ ਵਿੱਚ ਬੱਚਿਆਂ ਦੇ ਸਕੂਲੀ ਆਧਾਰ ਤੋਂ ਹੀ ਖੇਡਾਂ ਸਿਖਾਈਆਂ ਜਾਂਦੀਆਂ ਹਨ ਅਤੇ ਇਹਨਾਂ ਵਿੱਚੋਂ ਹੀ ਬੱਚੇ ਦੁਨੀਆਂ ਪੱਧਰ ਤੇ ਖਿਡਾਰੀ ਬਣਦੇ ਹਨ ਅਤੇ ਤਗ਼ਮੇ ਹਾਸਲ ਕਰਕੇ ਦੇਸ਼ ਦਾ ਨਾਂ ਉੱਚਾ ਕਰਦੇ ਹਨ।

ਅਮਰੀਕਾ, ਚੀਨ, ਜਪਾਨ, ਕੋਰੀਆ, ਜਰਮਨ ਆਦਿ ਦੇਸ਼ ਉਲੰਪਿਕ ਖੇਡਾਂ ਵਿੱਚ ਮੂਹਰਲੀਆਂ ਕਤਾਰਾਂ ਵਿੱਚ ਰਹਿੰਦੇ ਹਨ। ਕਿਸੇ ਸਮੇਂ ਭਾਰਤ ਦੀ ਹਾਕੀ ਟੀਮ ਦੀ ਦੁਨੀਆਂ ਭਰ ਵਿੱਚ ਚੜ੍ਹਾਈ ਹੁੰਦੀ ਸੀ ਅਤੇ ਭਾਰਤੀ ਟੀਮ ਵਿੱਚ ਪੰਜਾਬੀ ਖਿਡਾਰੀ ਵੱਧ ਹੁੰਦੇ ਸਨ। ਸੰਸਾਰਪੁਰ ਪੰਜਾਬ ਦਾ ਇੱਕ ਅਜਿਹਾ ਪਿੰਡ ਹੈ, ਜਿਸਦੇ 14 ਹਾਕੀ ਦੇ ਖਿਡਾਰੀ ਉਲੰਪਿਕ ਖੇਡਾਂ ਵਿੱਚ ਖੇਡ ਕੇ 27 ਤਗਮੇ ਹਾਸਲ ਕਰ ਚੁੱਕੇ ਹਨ। ਇਸ ਪਿੰਡ ਨੂੰ ਹਾਕੀ ਦਾ ਮੱਕਾ ਵੀ ਕਿਹਾ ਜਾਂਦਾ ਹੈ। ਹਾਕੀ ਵਿੱਚ ਭਾਰਤ ਦੀ ਹਾਰ ਹੋਣ ਤੇ ਇਹ ਦੋਸ਼ ਵੀ ਲਗਦੇ ਰਹੇ ਹਨ ਕਿ ਉਲੰਪਿਕ ਜਾਂ ਏਸ਼ੀਅਨ ਖੇਡਾਂ ਵਿੱਚ ਸਿਫ਼ਾਰਸੀ ਖਿਡਾਰੀ ਭੇਜੇ ਜਾਂਦੇ ਹਨ, ਜਿਸ ਕਰਕੇ ਭਾਰਤ ਮੈਡਲ ਹਾਸਲ ਕਰਨ ਵਿੱਚ ਪਛੜ ਜਾਂਦਾ ਹੈ।  ਇੱਕ ਵਾਰ ਤਾਂ ਇਹ ਚਰਚਾ ਵੀ ਰਹੀ ਹੈ ਕਿ ਜੇਕਰ ਇੱਕਲੇ ਸੰਸਾਰਪੁਰ ਦੀ ਟੀਮ ਨੂੰ ਉਲੰਪਿਕ ਖੇਡਾਂ ਵਿੱਚ ਭੇਜਿਆ ਜਾਵੇ ਤਾਂ ਉਹ ਸੋਨੇ ਦਾ ਮੈਡਲ ਹਾਸਲ ਕਰਕੇ ਵਿਖਾ ਸਕਦੇ ਹਨ।

ਕੁਝ ਦਿਨ ਪਹਿਲਾਂ ਹੋਈਆਂ ਏਸ਼ੀਅਨ ਖੇਡਾਂ 2023 ਵਿੱਚ ਭਾਰਤ ਦੀ ਕਾਰਗੁਜਾਰੀ ਤੇ ਪ੍ਰਾਪਤੀਆਂ ਤੋਂ ਤਸੱਲੀ ਪ੍ਰਗਟ ਹੁੰਦੀ ਹੈ। ਇਹਨਾਂ ਖੇਡਾਂ ਵਿੱਚ ਭਾਰਤ ਦੇ 655 ਖਿਡਾਰੀ ਭਾਗ ਲੈਣ ਪਹੁੰਚੇ ਸਨ, ਜਿਹਨਾਂ ਵੱਖ ਵੱਖ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ 28 ਸੋਨੇ ਦੇ, 38 ਚਾਂਦੀ ਦੇ ਅਤੇ 41 ਕਾਂਸ਼ੀ ਦੇ ਤਗ਼ਮੇ ਹਾਸਲ ਕੀਤੇ ਅਤੇ ਭਾਰਤ ਏਸ਼ੀਆ ਚੋਂ ਚੌਥੇ ਸਥਾਨ ਤੇ ਰਿਹਾ। ਸਭ ਤੋਂ ਵੱਧ ਸੋਨੇ ਦੇ ਤਗ਼ਮੇ ਚੀਨ ਨੇ 201, ਜਪਾਨ ਨੇ 52 ਅਤੇ ਕੋਰੀਆ ਨੇ 42 ਹਾਸਲ ਕੀਤੇ। ਭਾਰਤ ਦੇ ਖਿਡਾਰੀਆਂ ਨੇ ਵਧੇਰੇ ਤਗ਼ਮੇ ਨਿਸਾਨੇਬਾਜੀ ਵਿੱਚ ਪ੍ਰਾਪਤ ਕੀਤੇ, ਇਸ ਖੇਡ ਵਿੱਚ ਮਰਦਾਂ ਅਤੇ ਔਰਤਾਂ ਦੋਵਾਂ ਨੇ ਹੀ ਚੰਗੇ ਹੱਥ ਵਿਖਾਏ। ਇਸਤੋਂ ਇਲਾਵਾ ਤਸੱਲੀ ਵਾਲੀ ਗੱਲ ਇਹ ਹੈ ਕਿ ਭਾਰਤ ਦੀ ਮਰਦਾਂ ਦੀ ਹਾਕੀ ਟੀਮ ਨੇ ਸੋਨੇ ਦਾ ਤਗ਼ਮਾ ਅਤੇ ਔਰਤਾਂ ਦੀ ਟੀਮ ਨੇ ਕਾਂਸ਼ੀ ਦਾ ਤਗ਼ਮਾ ਹਾਸਲ ਕੀਤਾ। ਇਸ ਤਰ੍ਹਾਂ ਭਾਰਤੀ ਖਿਡਾਰੀਆਂ ਨੇ ਹਾਕੀ ਦੀ ਖੇਡ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।

      ਭਾਰਤ ਵਿੱਚੋਂ ਵੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਖੇਡਾਂ ਵਿੱਚ ਦੂਜੇ ਸੂਬਿਆਂ ਨਾਲੋਂ ਪਿੱਛੇ ਹੀ ਰਿਹਾ ਹੈ। ਇਸ ਕਰਕੇ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਪੰਜਾਬ ਤਾਂ ਨਸ਼ਿਆਂ ਨੇ ਖਾ ਲਿਆ ਹੈ, ਇਸ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਪਰ ਇਹਨਾਂ ਏਸ਼ੀਆ ਖੇਡਾਂ ਵਿੱਚ ਪੰਜਾਬ ਨੇ ਇਹ ਦਾਗ ਧੋ ਦਿੱਤਾ ਹੈ, ਪੰਜਾਬ ਦੇ ਖਿਡਾਰੀਆਂ ਨੇ 19 ਸੋਨੇ ਦੇ, 6 ਚਾਂਦੀ ਦੇ ਅਤੇ 5 ਕਾਂਸ਼ੀ ਦੇ ਤਗ਼ਮੇ ਪ੍ਰਾਪਤ ਕਰਕੇ ਸੂਬੇ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਇਹਨਾਂ ਖੇਡਾਂ ਵਿੱਚ ਵਿਖਾਏ ਜੌਹਰ ਭਾਰਤ ਖਾਸ ਕਰਕੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਆਸ ਵਿਖਾਈ ਦੇਣ ਲੱਗ ਪਈ ਹੈ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਉਲੰਪਿਕ ਖੇਡਾਂ ਵਿੱਚ ਵੀ ਭਾਰਤੀ ਖਿਡਾਰੀ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਂ ਚਮਕਾਉਣਗੇ।

      ਪਰ ਉਦੋਂ ਦੁੱਖ ਵੀ ਹੁੰਦਾ ਹੈ, ਜਦੋਂ ਦੁਨੀਆਂ ਭਰ ਚ ਦੇਸ਼ ਦਾ ਨਾਂ ਚਮਕਾਉਣ ਵਾਲੇ ਖਿਡਾਰੀਆਂ ਦਾ ਸੋਸ਼ਣ ਕੀਤਾ ਜਾਂਦਾ ਹੈ। ਕੁੱਝ ਮਹੀਨੇ ਪਹਿਲਾਂ ਹੀ ਭਾਰਤੀ ਪਹਿਲਵਾਨ ਕੁੜੀਆਂ ਵੱਲੋਂ ਉਹਨਾਂ ਨਾਲ ਕੀਤੇ ਜਿਸਮਾਨੀ ਸੋਸ਼ਣ ਲਈ ਇਨਸਾਫ ਹਾਸਲ ਕਰਨ ਲਈ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਲੰਬਾ ਸੰਘਰਸ ਲੜਣਾ ਪਿਆ। ਪਰ ਕੇਂਦਰ ਸਰਕਾਰ ਨੇ ਉਹਨਾਂ ਦੀ ਗੱਲ ਨਾ ਸੁਣੀ ਅਤੇ ਟਾਲ ਮਟੋਲ ਹੀ ਕਰਦੇ ਰਹੇ, ਦੋਸ਼ੀਆਂ ਵਿਰੁੱਧ ਕੋਈ ਠੋਸ ਕਾਰਵਾਈ ਨਾ ਕੀਤੀ। ਅਜਿਹੀਆਂ ਹਰਕਤਾਂ ਖਿਡਾਰੀਆਂ ਦੇ ਹੌਂਸਲੇ ਡੇਗ ਦਿੰਦੀਆਂ ਹਨ। ਸਰਕਾਰਾਂ ਨੂੰ ਖਿਡਾਰੀਆਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਖੇਡਾਂ ਲਈ ਸਹੂਲਤਾਂ ਉਪਲੱਭਧ ਕਰਵਾਉਣੀਆਂ ਚਾਹੀਦੀਆਂ ਹਨ।

      ਪੰਜਾਬ ਵਿੱਚ ਸੂਬਾ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂਦੇ ਬੈਨਰ ਹੇਠ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ ਦੀਆਂ ਖੇਡਾਂ ਕਰਵਾਈਆਂ ਹਨ। ਇਹ ਇੱਕ ਵਧੀਆ ਉੱਦਮ ਹੈ, ਜਿਸ ਨਾਲ ਵਿਦਿਆਰਥੀਆਂ ਵਿੱਚ ਖੇਡਾਂ ਦੀ ਰੁਚੀ ਪੈਦਾ ਹੁੰਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਖੇਡਾਂ ਵਿੱਚ ਕੀਤੇ ਪ੍ਰਦਰਸ਼ਨ ਤੋਂ ਪਰਖ ਕਰਕੇ ਚੰਗੇ ਖਿਡਾਰੀ ਚੁਣ ਕੇ ਉਹਨਾਂ ਨੂੰ ਦੇਸ਼ ਪੱਧਰ ਤੇ ਖੇਡਣ ਲਈ ਤਿਆਰ ਕੀਤਾ ਜਾਵੇ, ਜੋ ਉਸ ਤੋਂ ਅੱਗੇ ਏਸ਼ੀਆ ਜਾਂ ਉਲੰਪਿਕ ਖੇਡਾਂ ਤੱਕ ਪਹੁੰਚ ਸਕਣ। ਸਕੂਲਾਂ ਕਾਲਜਾਂ ਲਈ ਚੰਗੇ ਕੋਚ ਨਿਯੁਕਤ ਕੀਤੇ ਜਾਣ, ਖੇਡਾਂ ਦਾ ਸਮਾਨ ਪਹੁੰਚਾਇਆ ਜਾਵੇ ਅਤੇ ਖਿਡਾਰੀਆਂ ਨੂੰ ਸਹੂਲਤਾਂ ਦਿੱਤੀਆਂ ਜਾਣ। ਪਿਛਲੇ ਸਾਲਾਂ ਤੋਂ ਇਹ ਵੀ ਵੇਖਣ ਵਿੱਚ ਆਇਆ ਕਿ ਮਾਪੇ ਆਪਣੇ ਬੱਚੇ ਨੂੰ ਮੁੱਢਲੀ ਜਮਾਤ ਵਿੱਚ ਦਾਖ਼ਲ ਕਰਵਾਉਣ ਸਮੇਂ ਵੀ ਸਕੂਲ ਵਿੱਚ ਕਰਵਾਈਆਂ ਜਾਣ ਵਾਲੀਆਂ ਖੇਡਾਂ ਵੱਲ ਧਿਆਨ ਦਿੰਦੇ ਹਨ, ਇਹ ਇੱਕ ਵਧੀਆ ਰੁਝਾਨ ਪੈਦਾ ਹੋ ਗਿਆ ਹੈ।

ਬਲਵਿੰਦਰ ਸਿੰਘ ਭੁੱਲਰ

ਮੋਬਾ: 098882 75913

 

Post a Comment

0 Comments