ਜਦੋਂ ਦੋ ਜ਼ਹਿਰੀ ਸੱਪਾਂ ਦੀ ਲੜਾਈ ਟਲੀ

ਦੋਸਤਾਂ ਦੀ ਦੁਨੀਆਂ / ਗੁਰਮਾਨ ਸੈਣੀ

ਲੜੀ ਨੰਬਰ -15

ਜਦੋਂ ਦੋ ਜ਼ਹਿਰੀ ਸੱਪਾਂ ਦੀ ਲੜਾਈ ਟਲੀ

ਮੈਂ ਤੇ ਗਿਰੀ ਘੁੰਮਣ ਦੇ ਸ਼ੁਕੀਨ। ਨਵੀਆਂ ਨਵੀਆਂ ਥਾਵਾਂ ਦੇਖਣ ਦੇ ਆਦੀ। ਉਸਦੀ ਮਹਿਕਮੇ ਵੱਲੋਂ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੁੰਦੀ। ਇਹਨਾਂ ਦਿਨਾਂ ਵਿੱਚ ਕੋਈ ਨਾ ਕੋਈ ਛੋਟਾ ਮੋਟਾ ਘੁੰਮਣ ਦਾ ਪ੍ਰੋਗਰਾਮ ਜ਼ਰੂਰ ਬਣਦਾ।

ਇੱਕ ਵਾਰ ਅਸੀਂ ਪਿੰਜੌਰ ਤੇ ਨੌਲਟਾ ਘੁੰਮਣ ਨਿਕਲੇ। ਸਾਰਾ ਦਿਨ ਅਵਾਰਿਆਂ ਵਾਂਗ ਇੱਧਰ ਉੱਧਰ ਭਟਕਦੇ ਰਹੇ।‌ ਉਸਨੂੰ ਫੋਟੋਗ੍ਰਾਫੀ ਦਾ ਸ਼ੌਕ ਚੜਿਆ ਰਹਿੰਦਾ। ਉਹ ਗਲ਼ ਵਿੱਚ ਕੈਮਰਾ ਲਟਕਾਈ ਇੱਧਰ ਉੱਧਰ ਘੁੰਮਦਾ। ਭਾਵੇਂ ਫੋਟੋਗ੍ਰਾਫੀ ਦੀ ਉਸਨੇ ਕੋਈ  ਪ੍ਰੋਫੈਸ਼ਨਲ ਟ੍ਰੇਨਿੰਗ ਨਹੀਂ ਸੀ ਲਈ ਅਤੇ ਨਾ ਕੋਈ ਉਸਤਾਦ ਧਾਰਿਆ ਸੀ ਪਰ  ਉਹ ਆਪਣੇ ਆਪ ਨੂੰ ਜਮਾਂਦਰੂ ਫੋਟੋਗ੍ਰਾਫ਼ਰ ਮੰਨਦਾ।

ਨੌਲਟੇ ਤੋਂ ਮੁੜਦਿਆਂ ਸਾਨੂੰ ਸੰਝ ਘਿਰ ਆਈ।‌ਰਾਹ ਵਿੱਚ ਅਸੀਂ ਥੋੜੇ ਬਹੁਤ ਮੁੜਨ ਜੋਗੇ ਵੀ ਹੋ ਗਏ । ਜਿਉਂ ਹੀ ਸਕੂਟਰ ਪੰਚਕੂਲਾ ਦੀ ਹੱਦ ਅੰਦਰ ਆਇਆ ਤਾਂ ਦੇਖਿਆ ਅੱਗੇ ਨਾਕਾ ਲੱਗਿਆ ਹੋਇਆ ਹੈ।

ਮੈਂ ਸੋਚਿਆ ਕਿ ਲੈ ਬਈ ਹੁਣ ਲੜਨਗੇ ਦੋ ਸੱਪ ਆਪਸ ਵਿੱਚ। ਇੱਕ ਪਾਸੇ ਪੁਲਿਸ ਵਾਲਾ ਤੇ ਦੂਜੇ ਪਾਸੇ ਐਕਸਾਈਜ਼ ਵਾਲਾ। ਉਹ ਵੀ ਫੋਟੋਗ੍ਰਾਫ਼ਰ ਤੇ ਸੋਮਰਸ ਵੀ ਛਕਿਆ ਵਾ।

ਜਿੱਥੇ ਮੈਂ ਉਤਰਿਆ ਸਾਬ ਉੱਥੇ ਹੀ ਕੁਰਸੀ ਡਾਹੀ ਬੈਠਾ ਸੀ। ਕਾਗਜ ਅੱਗੇ ਦੇਖ ਰਹੇ ਸਨ। ਸਕੂਟਰ ਤੋਂ ਉਤਰ ਕੇ ਸਾਬ ਦੇ ਕੋਲ ਖੜਦਿਆਂ ਹੀ ਉਪਰਲੀ ਗੱਲ ਸੋਚ ਕੇ ਮੇਰੀ ਹਾੱਸੀ ਨਿਕਲ ਗਈ। ਸਾਬ ਨੂੰ ਭਲਾ ਹਾੱਸੀ ਕਿਥੇ ਬਰਦਾਸ਼ਤ। ਉਹ ਵੀ ਨਾਕੇ ਤੇ। ਮੈਨੂੰ ਕਹਿੰਦਾ ਹੱਸਿਆ  ਕਿਉਂ ?

ਅਸੀਂ ਤਾਂ ਹੱਸ ਹੀ ਸਕਦੇ ਹਾਂ, ਹੋਰ ਭਲਾ ਕੀ ਕਰ ਸਕਦੇ ਹਾਂ ?

 ਨਾਲੇ ਤੁਸੀਂ ਵੀ ਤੇ ਚਲਾਨ ਹੀ ਕੱਟ ਸਕਦੇ ਹੋ  ਹੋਰ ਭਲਾ ਕੀ ਕਰ ਸਕਦੇ ਹੋ ?

ਇਹ ਸਾਰੀ ਵਾਰਤਾ ਸਹਿਜ ਸੁਭਾਅ  ਮਿੰਟਾਂ ਸਕਿੰਟਾਂ ਵਿੱਚ ਹੀ ਵਰਤ ਗਈ।

ਇੰਸਪੈਕਟਰ ਆਖਿਆ , "ਮੈਂ ਹੋਰ ਵੀ ਬਹੁਤ ਕੁਝ ਕਰ ਸਕਦਾ ਹਾਂ।" ਮੈਂ  ਵੀ ਬਿਨਾ ਕੁਝ ਵਿਚਾਰੇ ਹੀ ਝੱਟ ਆਖਿਆ, " ਜਨਾਬ ਦੀ ਮੇਹਰਬਾਨੀ ਹੋਵੇ।"

ਇਸ ਤੋਂ ਪਹਿਲਾਂ ਕਿ ਗਿਰੀ ਦੀ ਕਾਗਜ਼ ਦਿਖਾਉਣ ਦੀ ਵਾਰੀ ਆਉਂਦੀ ਤੇ ਸੱਪ ਆਪਸ ਵਿੱਚ ਲੜਦੇ , ਸਾਬ ਨੇ ਸਿਪਾਹੀ ਨੂੰ ਰੁੱਕਾ ਮਾਰਿਆ,

"ਰੈ ਜਾਣ ਦੇ ਇੰਨੂੰ। ਨੇ ਤੋ ਮਾਰੀਓ ਬਰਗੇ ਆਂ।"

ਲੈ ! ਦੋ ਜ਼ਹਿਰੀ ਸੱਪਾਂ ਦੀ ਲੜਾਈ ਸਹਿਜ ਸੁਭਾਅ ਹਾਸੀ ਨੇ ਹੀ ਨੱਜਿਠ ਲਈ ਸੀ। 


ਗੁਰਮਾਨ ਸੈਣੀ

ਰਾਬਤਾ : 9256346906

Post a Comment

0 Comments