ਇੱਕ ਪ੍ਰੇਰਨਾਦਾਇਕ ਕਹਾਣੀ / ਸਮਰੱਥਾ ਤੇ ਸਹਿਜਤਾ

ਗੰਗਾ ਸਾਗਰ /ਗੁਰਮਾਨ ਸੈਣੀ

ਸਮਰੱਥਾ ਤੇ ਸਹਿਜਤਾ

ਇੱਕ ਰਾਜ ਵਿੱਚ ਇੱਕ ਪੰਡਿਤ ਜੀ ਰਿਹਾ ਕਰਦੇ ਸਨ। ਉਹ ਆਪਣੀ ਅਕਲਮੰਦੀ ਲਈ ਬਹੁਤ ਪ੍ਰਸਿੱਧ ਸਨ। ਉਨ੍ਹਾਂ ਦੀ ਅਕਲਮੰਦੀ ਦੇ ਚਰਚੇ ਦੂਰ ਦੂਰ ਤੱਕ ਸੀ।

ਇੱਕ ਦਿਨ ਉਸ ਰਾਜ ਦੇ ਰਾਜਾ ਨੇ ਪੰਡਿਤ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਵਾ ਭੇਜਿਆ। ਪੰਡਿਤ ਜੀ ਦਰਬਾਰ ਵਿੱਚ ਜਾ ਹਾਜ਼ਰ ਹੋਏ। ਰਾਜਾ ਨੇ ਉਨ੍ਹਾਂ ਨਾਲ ਕਈ ਵਿਸ਼ਿਆਂ ਉੱਪਰ ਗਹਿਨ ਚਰਚਾ ਕੀਤੀ। ਚਰਚਾ ਮੁੱਕਣ ਪਿੱਛੋਂ ਜਦੋਂ ਪੰਡਿਤ ਜੀ ਰਵਾਨਾ ਹੋਣ ਲੱਗੇ ਤਾਂ ਰਾਜਾ ਨੇ ਪੰਡਿਤ ਜੀ ਨੂੰ ਕਿਹਾ ," ਪੰਡਿਤ ਜੀ, ਜੇਕਰ ਤੁਸੀਂ ਇਜਾਜ਼ਤ ਦੇਵੋ ਤਾਂ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ।"

ਪੰਡਿਤ ਨੇ ਕਿਹਾ, " ਪੁੱਛੋ ਮਹਾਰਾਜ।"

"ਤੁਸੀਂ ਇੰਨੇ ਅਕਲਮੰਦ ਹੋ ਪੰਡਿਤ ਜੀ, ਪਰ ਆਪਦਾ ਪੁੱਤਰ ਇੰਨਾ ਮੂਰਖ ਕਿਉਂ ਹੈ?" ਰਾਜਾ ਨੇ ਪੁੱਛਿਆ।

ਰਾਜਾ ਦਾ ਸਵਾਲ ਸੁਣ ਕੇ ਪੰਡਿਤ ਜੀ ਨੂੰ ਬਹੁਤ ਬੁਰਾ ਲੱਗਾ।

ਉਨ੍ਹਾਂ ਨੇ ਰਾਜਾ ਤੋਂ ਪੁੱਛਿਆ, " ਆਪ ਇਸ ਤਰ੍ਹਾਂ ਕਿਉਂ ਆਖ ਰਹੇ ਹੋ ਮਹਾਰਾਜ ?"

"ਪੰਡਿਤ ਜੀ ਆਪਦੇ ਪੁੱਤਰ ਨੂੰ ਇਹ ਵੀ ਨਹੀਂ ਪਤਾ ਕਿ ਚਾਂਦੀ ਜ਼ਿਆਦਾ ਕੀਮਤੀ ਹੈ ਜਾਂ ਸੋਨਾ।" ਰਾਜਾ ਨੇ ਕਿਹਾ।

ਇਹ ਸੁਣਦਿਆਂ ਹੀ ਸਭ ਦਰਬਾਰੀ ਹੱਸਣ ਲੱਗੇ।

ਸਭ ਨੂੰ ਹੱਸਦਿਆਂ ਦੇਖ ਕੇ ਪੰਡਿਤ ਜੀ ਨੇ ਆਪਣੇ ਆਪ ਨੂੰ ਬਹੁਤ ਅਪਮਾਨਿਤ ਮਹਿਸੂਸ ਕੀਤਾ। ਪਰ ਉਹ ਬਿਨਾਂ ਕੁੱਝ ਕਿਹਾਂ ਹੀ ਘਰ ਮੁੜ ਆਏ।

ਘਰ ਪਹੁੰਚਣ ਤੇ ਜਦੋਂ ਉਨ੍ਹਾਂ ਦਾ ਪੁੱਤਰ ਉਨ੍ਹਾਂ ਲਈ ਪਾਣੀ ਲੈ ਕੇ ਆਇਆ ਤੇ ਬੋਲਿਆ, " ਪਿਤਾ ਜੀ ਪਾਣੀ ਪਿਓ।"

ਉਸ ਵੇਲੇ ਸਾਰੇ ਦਰਬਾਰੀਆਂ ਵੱਲੋਂ ਕੀਤੀ ਹੱਸੀ ਪੰਡਿਤ ਜੀ ਦੇ ਦਿਮਾਗ ਅੰਦਰ ਘੁੰਮ ਰਹੀ ਸੀ। ਉਹ ਬੇਹੱਦ ਕ੍ਰੋਧ ਵਿੱਚ ਸਨ। ਉਨ੍ਹਾਂ ਨੇ ਪਾਣੀ ਪੀਣ ਤੋਂ ਮਨ੍ਹਾ ਕਰ ਦਿੱਤਾ ਤੇ ਬੋਲੇ , " ਪੁੱਤਰ ਪਾਣੀ ਤਾਂ ਮੈਂ ਉਦੋਂ ਗ੍ਰਹਿਣ ਕਰਾਂਗਾ ਜਦੋਂ ਤੂੰ ਮੇਰੇ ਇੱਕ ਸਵਾਲ ਦਾ ਜਵਾਬ ਦੇਵੇਂਗਾ।"

"ਪੁੱਛੋ ਪਿਤਾ ਜੀ।" ਪੁੱਤਰ ਨੇ ਕਿਹਾ।

"ਇਹ ਦੱਸ ਕਿ ਸੋਨੇ ਅਤੇ ਚਾਂਦੀ ਵਿੱਚੋਂ ਕਿਹੜੀ ਚੀਜ਼ ਵੱਧ ਕੀਮਤੀ ਹੈ?"

"ਸੋਨਾ ਵੱਧ ਕੀਮਤੀ ਹੈ।" ਪੁੱਤਰ ਨੇ ਇੱਕਦਮ ਜਵਾਬ ਦਿੱਤਾ।

ਪੁੱਤਰ ਦਾ ਜਵਾਬ ਸੁਣਨ ਤੋਂ ਬਾਅਦ ਪੰਡਿਤ ਜੀ ਨੇ ਪੁੱਤਰ ਨੂੰ ਪੁੱਛਿਆ ," ਤੂੰ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਦਿੱਤਾ ਹੈ ਫੇਰ ਰਾਜਾ ਤੈਨੂੰ ਮੂਰਖ ਕਿਉਂ ਆਖਦਾ ਹੈ ? ਉਹ ਕਹਿੰਦਾ ਹੈ ਕਿ ਤੈਨੂੰ ਸੋਨੇ ਅਤੇ ਚਾਂਦੀ ਦੀ ਕੀਮਤ ਦਾ ਗਿਆਨ ਹੀ ਨਹੀਂ ਹੈ।"

ਪੰਡਿਤ ਜੀ ਦੀ ਗੱਲ ਸੁਣ ਕੇ ਪੁੱਤਰ ਸਾਰਾ ਮਾਜਰਾ ਸਮਝ ਗਿਆ। ਉਹ ਆਪਣੇ ਪਿਤਾ ਨੂੰ ਦੱਸਣ ਲੱਗਾ , " ਪਿਤਾ ਜੀ, ਮੈਂ ਸਵੇਰੇ ਜਿਸ ਰਸਤੇ ਰਾਹੀਂ ਆਪਣੇ ਸਕੂਲ ਜਾਂਦਾ ਹਾਂ, ਉਸ ਰਸਤੇ ਦੇ ਕਿਨਾਰੇ ਉੱਤੇ  ਰਾਜਾ ਜੀ ਆਪਣਾ ਦਰਬਾਰ ਲਗਾਉਂਦੇ ਹਨ। ਉੱਥੇ ਗਿਆਨੀ ਤੇ ਬੁੱਧੀਜੀਵੀ ਲੋਕ ਬਹਿ ਕੇ ਅੱਲਗ ਅੱਲਗ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਹਨ। ਮੈਨੂੰ ਉੱਥੋਂ ਲੰਘਦਿਆਂ ਦੇਖ ਕੇ ਰਾਜਾ ਜੀ ਆਪਣੇ ਕੋਲ ਸੱਦ ਲੈਂਦੇ ਹਨ ਤੇ ਆਪਣੇ ਇੱਕ ਹੱਥ ਵਿੱਚ ਸੋਨੇ ਦਾ ਤੇ ਦੁਜੇ ਹੱਥ ਵਿਚ ਚਾਂਦੀ ਦਾ ਸਿੱਕਾ ਧਰ ਕੇ ਮੈਨੂੰ ਕਹਿੰਦੇ ਹਨ ਕਿ ਦੋਹਾਂ ਵਿੱਚੋਂ ਜਿਹੜਾ ਤੈਨੂੰ ਵੱਧ ਕੀਮਤੀ ਲਗਦਾ ਹੈ ਉਹ ਚੁੱਕ ਲੈ।  ਮੈਂ ਰੋਜ਼ ਚਾਂਦੀ ਦਾ ਸਿੱਕਾ ਚੁੱਕਦਾ ਹਾਂ। ਇਹ ਦੇਖ ਕੇ ਸਭ ਲੋਕ ਮੇਰਾ ਮਜ਼ਾਕ ਉਡਾਉਂਦੇ ਹਨ । ਪਰ ਮੈਂ ਉੱਥੋਂ ਚੁਪਚਾਪ ਚਲਾ ਆਉਂਦਾ ਹਾਂ।"

ਪੂਰੀ ਗੱਲ ਸੁਣ ਕੇ ਪੰਡਿਤ ਜੀ ਕਹਿਣ ਲੱਗੇ, " ਜਦ ਤੈਨੂੰ ਪਤਾ ਹੈ ਕਿ ਚਾਂਦੀ ਨਾਲੋਂ ਸੋਨੇ ਦਾ ਸਿੱਕਾ ਵੱਧ ਮੁੱਲ ਰੱਖਦਾ ਹੈ ਤਾਂ ਸੋਨੇ ਦਾ ਸਿੱਕਾ ਚੁੱਕ ਲਿਆ ਕਰ। ਕਿਉਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਮੂਰਖ ਸ਼ਾਬਤ ਕਰਦਾ ਹੈਂ ? ਤੇਰੇ ਕਰਕੇ ਮੈਨੂੰ ਵੀ ਅਪਮਾਨਿਤ ਹੋਣਾ ਪੈਂਦਾ ਹੈ।"

ਪੁੱਤਰ ਹੱਸਦੇ ਹੋਏ ਬੋਲਿਆ, "ਪਿਤਾ ਜੀ, ਮੇਰੇ ਨਾਲ ਅੰਦਰ ਆਵੋ ਮੈਂ ਤੁਹਾਨੂੰ ਇਸ ਦਾ ਕਾਰਨ ਦੱਸਦਾ ਹਾਂ।"

ਉਹ ਪੰਡਿਤ ਜੀ ਨੂੰ ਕਮਰੇ ਅੰਦਰ ਲੈ ਗਿਆ। ਉੱਥੇ ਇੱਕ ਕੋਨੇ ਵਿੱਚ ਸੰਦੂਕ ਰੱਖਿਆ ਹੋਇਆ ਸੀ। ਉਸਨੇ ਸੰਦੂਕ ਖੋਲ੍ਹ ਕੇ ਪੰਡਿਤ ਜੀ ਨੂੰ ਦਿਖਾਇਆ। ਪੰਡਿਤ ਜੀ ਹੈਰਾਨ ਰਹਿ ਗਏ। ਸੰਦੂਕ ਵਿੱਚ ਚਾਂਦੀ ਦੇ ਸਿੱਕੇ ਭਰੇ ਹੋਏ ਸਨ।

ਪੰਡਿਤ ਜੀ ਨੇ ਪੁੱਛਿਆ, "ਇਹ ਸਭ ਕਿੱਥੋਂ ਆਇਆ ?"

ਪੁੱਤਰ ਨੇ ਜਵਾਬ ਦਿੱਤਾ, "ਪਿਤਾ ਜੀ, ਰਾਜਾ ਜੀ ਵੱਲੋਂ ਮੈਨੂੰ ਰੋਕਣਾ ਤੇ ਦੋਵੇਂ ਹੱਥਾਂ ਵਿੱਚ ਸਿੱਕੇ ਲੈ ਕੇ ਮੈਨੂੰ ਸਵਾਲ ਕਰਨਾ ਇੱਕ ਖੇਡ ਬਣ ਗਿਆ ਹੈ। ਉਹ ਅਕਸਰ ਮੇਰੇ ਨਾਲ ਇਹ  ਖੇਡ ਖੇਡਦੇ ਹਨ। ਮੈਂ ਚਾਂਦੀ ਦਾ ਸਿੱਕਾ ਲੈ ਕੇ ਆ ਜਾਂਦਾ ਹਾਂ। ਉਨ੍ਹਾਂ ਚਾਂਦੀ ਦੇ ਸਿੱਕਿਆਂ ਨਾਲ ਹੀ ਇਹ ਸੰਦੂਕ ਭਰਿਆ ਹੈ। ਜਿਸ ਦਿਨ ਵੀ ਮੈਂ ਸੋਨੇ ਦਾ ਸਿੱਕਾ ਚੁੱਕ ਲਿਆ ਇਹ ਖੇਡ ਬੰਦ ਹੋ ਜਾਵੇਗੀ। ਇਸੇ ਕਰਕੇ ਮੈਂ ਕਦੇ ਵੀ ਸੋਨੇ ਦਾ ਸਿੱਕਾ ਨਹੀਂ ਚੁੱਕਦਾ।"

ਪੰਡਿਤ ਜੀ ਨੂੰ ਹੁਣ ਪੁੱਤਰ ਦੀ ਸਾਰੀ ਗੱਲ ਸਮਝ ਵਿੱਚ ਆ ਗਈ ਪਰ ਉਹ ਪੂਰੀ ਦੁਨੀਆ ਨੂੰ ਇਹ ਗੱਲ ਦੱਸਣੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਮੂਰਖ ਨਹੀਂ ਹੈ। ਇਸ ਲਈ ਉਹ ਆਪਣੇ ਪੁੱਤਰ ਨੂੰ ਲੈ ਕੇ ਰਾਜ ਦਰਬਾਰ ਵਿੱਚ ਜਾ ਹਾਜ਼ਰ ਹੋਏ। ਉੱਥੇ ਪੁੱਤਰ ਨੇ ਰਾਜਾ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਉਹ ਸਭ ਕੁੱਝ ਜਾਣਦਿਆਂ ਵੀ ਚਾਂਦੀ ਦਾ ਸਿੱਕਾ ਕਿਉਂ ਚੁੱਕਦਾ ਰਿਹਾ ਹੈ।

ਪੂਰੀ ਗੱਲ ਸੁਣ ਕੇ ਰਾਜਾ ਬਹੁਤ ਖੁਸ਼ ਹੋਏ। ਉਸਨੇ ਸੋਨੇ ਦੇ ਸਿੱਕਿਆਂ ਦਾ ਭਰਿਆ ਸੰਦੂਕ ਮੰਗਵਾਇਆ ਤੇ ਉਸਨੂੰ ਪੰਡਿਤ ਜੀ ਦੇ ਪੁੱਤਰ ਨੂੰ ਦਿੰਦਿਆਂ ਕਿਹਾ, "ਅਸਲੀ ਅਕਲਮੰਦ ਤਾਂ ਤੂੰ ਹੀ ਨਿਕਲਿਆ।"

ਅਸਲ ਵਿੱਚ ਹਮੇਸ਼ਾ ਆਪਣੀ ਸਮਰੱਥਾ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ। ਕਰਮ ਕਰਦੇ ਰਹਿਣਾ ਹੀ ਵਧੀਆ ਤਰੀਕਾ ਹੈ। ਜਦੋਂ ਸਮਾਂ ਆਵੇਗਾ ਤਾਂ ਦੁਨੀਆਂ ਨੂੰ ਆਪੇ ਪਤਾ ਚੱਲ ਜਾਵੇਗਾ ਕਿ ਅਸਲ ਵਿੱਚ ਸਮਰੱਥ ਕੌਣ ਹੈ। ਉਸ ਦਿਨ ਤੁਸੀਂ ਸੋਨੇ ਦੀ ਤਰ੍ਹਾਂ ਚਮਕਣ ਲੱਗ ਪਵੋਗੇ ਤੇ ਪੂਰੀ ਦੁਨੀਆ ਤੁਹਾਡਾ ਸਨਮਾਨ ਕਰਨ ਲੱਗ ਪਏਗੀ।

ਪੇਸ਼ਕਸ਼ :

ਗੁਰਮਾਨ ਸੈਣੀ

ਰਾਬਤਾ : 9256346906

: 8360487488

presentation: Gurman Saini

Contact : 9256346906

: 8360487488

Post a Comment

0 Comments