ਮਾਪਿਆਂ ਦੀ ਵਿਸਾਰੀ ਭਾਰਤੀ ਮੂਲ ਦੀ ਸਫ਼ਲ ਧੀ -ਲਿਜਾ ਸਟਾਲੇਕਰ

ਵਿਸ਼ਵ ਕੱਪ ਜਿੱਤਣ ਵਾਲੀ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਵਿੱਚ ਸੀ ਸ਼ਾਮਿਲ

ਲੇਖਕ -ਬਲਵਿੰਦਰ ਸਿੰਘ ਭੁੱਲਰ   

ਧੀਆਂ ਨੇ ਲੱਗਭਗ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਪਰ ਅਜੇ ਵੀ ਸੰਸਾਰ ਵਿੱਚ ਖਾਸ ਕਰਕੇ ਭਾਰਤ ਵਿੱਚ ਧੀ ਦੇ ਜੰਮਣ ਨੂੰ ਅਸ਼ੁਭ ਹੀ ਸਮਝਿਆ ਜਾਂਦਾ ਹੈ। ਬਹੁਤ ਵਾਰ ਤਾਂ ਧੀ ਨੂੰ ਜੰਮਣ ਤੋਂ ਬਾਅਦ ਵਿਸਾਰ ਵੀ ਦਿੱਤਾ ਜਾਂਦਾ ਹੈ। ਮਾਪਿਆਂ ਨੂੰ ਇਹ ਇਲਮ ਨਹੀਂ ਹੁੰਦਾ ਕਿ ਉਹਨਾਂ ਦੀ ਧੀ ਨੇ ਕਿੰਨੀ ਸਫ਼ਲ ਹੋਣਾ ਹੈ ਤੇ ਦੁਨੀਆਂ ਵਿੱਚ ਉਹਨਾਂ ਦਾ ਨਾਂ ਰੌਸ਼ਨ ਕਰਨਾ ਹੈ।  ਬਾਅਦ ਵਿੱਚ ਧੀ ਦੀ ਸਫ਼ਲਤਾ ਨੂੰ ਵੇਖਦਿਆਂ ਅਜਿਹੇ ਮਾਪੇ ਝੂਰਦੇ ਰਹਿੰਦੇ ਹਨ ਪਰ ਉਸ ਨਾਲ ਅੱਖ ਮਿਲਾਉਣ ਦਾ ਹੌਂਸਲਾ ਨਹੀਂ ਕਰ ਸਕਦੇ।

      ਅਜਿਹੀ ਇੱਕ ਧੀ ਮਹਾਂਰਾਸਟਰ ਦੇ ਸ਼ਹਿਰ ਪੂਨੇ ਵਿੱਚ 13 ਅਗਸਤ 1979 ਨੂੰ ਜਨਮੀ। ਮਾਂ ਬਾਪ ਉਸਦੇ ਜਨਮ ਤੇ ਖ਼ੁਸ਼ ਨਹੀਂ ਸਨ ਅਤੇ ਉਸਨੂੰ ਪਾਲਣਾ ਨਹੀਂ ਸਨ ਚਾਹੁੰਦੇ। ਆਖ਼ਰ ਉਹਨਾਂ ਆਪਣੀ ਨਵ ਜੰਮੀ ਬੱਚੀ ਨੂੰ ਵਿਸਾਰਦਿਆਂ ਸ਼ਹਿਰ ਦੇ ਇੱਕ ਆਸ਼ਰਮ ਸ਼ਰੀਵਾਸਤਵਾ ਅਨਾਥ ਆਸ਼ਰਮਵੱਲੋਂ ਲਗਾਏ ਪੰਘੂੜੇ ਵਿੱਚ ਛੱਡ ਦਿੱਤਾ ਗਿਆ। ਸੁਬ੍ਹਾ ਦੇ ਸਮੇਂ ਜਦ ਆਸ਼ਰਮ ਦੇ ਪ੍ਰਬੰਧਕਾਂ ਨੇ ਬੱਚੀ ਨੂੰ ਵੇਖਿਆ ਤਾਂ ਉਹਨਾਂ ਉਸਨੂੰ ਸੰਭਾਲਦਿਆਂ ਉਸਦਾ ਨਾਂ ਲੈਲਾਂ ਰੱਖ ਦਿੱਤਾ।

            ਦੁਨੀਆਂ ਭਰ ਵਿੱਚ ਅਜਿਹੇ ਬਹੁਤ ਸਾਰੇ ਜੋੜੇ ਹਨ, ਜੋ ਖ਼ੁਸ਼ੀ ਨਾਲ ਕੋਈ ਅਨਾਥ ਬੱਚਾ ਲੈ ਕੇ ਉਸਨੂੰ ਆਪਣਾ ਬੱਚਾ ਸਮਝ ਕੇ ਪਾਲਦੇ ਹਨ। ਅਜਿਹਾ ਹੀ ਅਮਰੀਕਾ ਦਾ ਵਸਨੀਕ ਇੱਕ ਖ਼ੁਸ਼ਨਸੀਬ ਜੋੜਾ ‘‘ਹੈਰਨ ਅਤੇ ਸੂ’’ ਭਾਰਤ ਯਾਤਰਾ ਉੱਤੇ ਆਇਆ ਹੋਇਆ ਸੀ ਅਤੇ ਇੱਕ ਲੜਕਾ ਗੋਦ ਲੈਣਾ ਚਾਹੁੰਦਾ ਸੀ। ਇਸ ਉਮੀਦ ਨਾਲ ਉਹ ਸ਼ਰੀਵਾਸਤਵਾ ਅਨਾਥ ਆਸ਼ਰਮ ਪਹੁੰਚਿਆ। ਉਸ ਗੋਰੀ ਔਰਤ ਸੂ ਦੀ ਅਚਾਨਕ ਨਿਗਾਹ ਲੈਲਾਂ ਉੱਤੇ ਪਈੇ। ਲੈਲਾਂ ਦੀਆਂ ਅੱਖਾਂ ਦੀ ਚਮਕ, ਉਸਦਾ ਦਗਦਾ ਮੱਥਾ, ਕਾਲੇ ਸ਼ਾਹ ਵਾਲ, ਮਸੂਮ ਚਿਹਰਾ ਤੇ ਲੱਤਾਂ ਬਾਹਾਂ ਮਾਰ ਕੇ ਕਲੋਲਾਂ ਕਰਦੀ ਬੱਚੀ ਪ੍ਰਤੀ ਉਸਦਾ ਅਜਿਹਾ ਪਿਆਰ ਪੈਦਾ ਹੋ ਗਿਆ ਕਿ ਉਹ ਮੁੰਡੇ ਦਾ ਖਿਆਲ ਹੀ ਭੁੱਲ ਗਈ। ਉਸਨੇ ਆਪਣੇ ਪਤੀ ਨਾਲ ਸਲਾਹ ਕਰਕੇ ਇਸ ਪਿਆਰੀ ਬੱਚੀ ਨੂੰ ਕਾਨੂੰਨ ਅਨੁਸਾਰ ਗੋਦ ਲੈ ਕੇ ਉਸਦਾ ਨਾਂ ਲਿਜਾ ਸਟਾਲੇਕਰ ਰੱਖ ਦਿੱਤਾ ਅਤੇ ਵਾਪਸ ਅਮਰੀਕਾ ਚਲੇ ਗਏ। ਕੁਝ ਦੇਰ ਉੱਥੇ ਰਹਿਣ ਉਪਰੰਤ ਉਹ ਆਪਣੇ ਜੀਵਨ ਦੇ ਕਾਰੋਬਾਰ ਲਈ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਜਾ ਪਹੁੰਚੇ ਤੇ ਪੱਕੀ ਰਿਹਾਇਸ਼ ਕਰ ਲਈ।

ਮਾਪਿਆਂ ਹੈਰਨ ਅਤੇ ਸੂ ਨੇ ਆਪਣੀ ਪੁੱਤਰੀ ਲਿਜਾ ਨੂੰ ਬਹੁਤ ਪਿਆਰ ਨਾਲ ਪਾਲਿਆ, ਉਸਨੂੰ ਪੜ੍ਹਾਈ ਦੇ ਨਾਲ ਨਾਲ ਕ੍ਰਿਕਟ ਖੇਡ ਦੀ ਜਾਣਕਾਰੀ ਦਿੱਤੀ।  ਲਿਜਾ ਬਚਪਨ ਵਿੱਚ ਹੀ ਗੁਆਂਢੀ ਮੁੰਡਿਆਂ ਕੁੜੀਆਂ ਨਾਲ ਕ੍ਰਿਕਟ ਖੇਡਣ ਲੱਗੀ। ਉਸਦੀ ਖੇਡ ਨੂੰ ਵੇਖਦਿਆਂ ਕ੍ਰਿਕਟ ਦੇ ਇੱਕ ਚੰਗੇ ਕੋਚ ਦੀ ਨਿਗਾਹ ਨੇ ਵੇਖ ਲਿਆ ਅਤੇ ਉਸਨੇ ਆਪਣੀ ਨਿਗਰਾਨੀ ਹੇਠ ਖਿਡਾਉਣਾ ਸੁਰੂ ਕਰ ਦਿੱਤਾ। ਕੋਚ ਦੀ ਸਿੱਖਿਆ ਤੇ ਆਪਣੀ ਮਿਹਨਤ ਸਦਕਾ ਉਹ ਇੱਕ ਸਫ਼ਲ ਕ੍ਰਿਕਟਰ ਬਣ ਗਈ ਅਤੇ 1997 ਵਿੱਚ ਉਸਨੇ ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ ਵੱਲੋਂ ਇੱਕ ਮੈਚ ਵਿੱਚ ਹਿੱਸਾ ਲਿਆ, ਇਸ ਪਹਿਲੇ ਮੈਚ ਵਿੱਚ ਉਸਨੇ ਵਧੀਆ ਪ੍ਰਦਰਸਨ ਕੀਤਾ। ਇਸ ਉਪਰੰਤ ਉਸਨੇ ਆਸਟ੍ਰੇਲੀਆ ਦੇ 125 ਵਨ ਡੇ ਮੈਚਾਂ, 8 ਟੈਸਟ ਮੈਚਾਂ, 54 ਟੀ-20 ਮੈਚਾਂ ਵਿੱਚ ਹਿੱਸਾ ਲਿਆ। ਇੱਕ ਵਨ ਡੇ ਮੈਚ ਵਿੱਚ ਇੱਕ ਹਜ਼ਾਰ ਰਨ ਤੇ ਇੱਕ ਸੌ ਵਿਕਟਾਂ ਲੈਣ ਵਾਲੀ ਉਹ ਪਹਿਲੀ ਔਰਤ ਖਿਡਾਰਣ ਬਣੀ। ਉਹ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੀ ਕਪਤਾਨ ਬਣੀ ਅਤੇ 2013 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਵਿੱਚ ਵੀ ਉਹ ਸ਼ਾਮਲ ਸੀ। ਪਰ ਇਹ ਮੈਚ ਜਿੱਤਣ ਤੋਂ ਦੂਸਰੇ ਦਿਨ ਹੀ ਉਸਨੇ ਅੰਤਰ ਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਇਸਤੋਂ ਬਾਅਦ ਲਿਜਾ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਵਿੱਚ ਸ਼ਾਮਲ ਕਰ ਲਿਆ ਗਿਆ।

      ਦੁਨੀਆਂ ਪੱਧਰ ਤੇ ਲਿਜਾ ਨੇ ਜਿੱਥੇ ਆਪਣਾ ਨਾਂ ਬਣਾਇਆ ਉੱਥੇ ਆਪਣੇ ਮਾਪਿਆਂ ਹੈਰਨ ਤੇ ਸੂ ਦਾ ਨਾਂ ਵੀ ਰੌਸ਼ਨ ਕੀਤਾ। ਇਹ ਵੀ ਇੱਕ ਸਚਾਈ  ਹੈ ਕਿ ਅੱਜ ਉਸਦੇ ਅਸਲ ਮਾਪੇ ਜਿਹਨਾਂ ਨੇ ਉਸਨੂੰ ਵਿਸਾਰ ਕੇ ਪੰਘੂੜੇ ਵਿੱਚ ਛੱਡ ਦਿੱਤਾ ਸੀ, ਆਪਣੀ ਇਸ ਸਫ਼ਲ ਧੀ ਨੂੰ ਮਿਲਣ ਦੀ ਹਿੰਮਤ ਨਹੀਂ ਕਰ ਸਕਦੇ, ਉਸ ਨਾਲ ਅੱਖ ਨਹੀਂ ਮਿਲਾ ਸਕਦੇ।  ਆਪਣੇ ਮਨ ਵਿੱਚ ਉਹ ਭਾਵੇਂ ਪਛਤਾ ਵੀ ਰਹੇ ਹੋਣਗੇ ਪਰ ਧੀ ਨੂੰ ਵਿਸਾਰਨ ਵਾਲਿਆਂ ਨੂੰ ਇਹ ਵੀ ਇੱਕ ਸਜ਼ਾ ਹੀ ਹੈ ਅਤੇ ਮਿਲਣੀ ਵੀ ਚਾਹੀਦੀ ਹੈ। ਕਾਮਯਾਬ ਲਿਜਾ ਤੇ ਉਸਦੇ ਮਾਪਿਆਂ ਹੈਰਨ ਤੇ ਸੂ ਨੂੰ ਸਲਾਮ ਕਰਨੀ ਬਣਦੀ ਹੈ।

ਸੰਪਰਕ

ਬਲਵਿੰਦਰ ਸਿੰਘ ਭੁੱਲਰ

ਭੁੱਲਰ ਹਾਊਸ, ਗਲੀ ਨੰ:12,

ਭਾਈ ਮਤੀ ਦਾਸ ਨਗਰ,

ਬਠਿੰਡਾ

ਮੋਬਾਈਲ-098882 75913

ਇਹ ਵੀ ਪੜ੍ਹੋ -

ਕੌਮਾਂਤਰੀ ਮਾਂ ਬੋਲੀ ਦਿਵਸ ਸਬੰਧੀ ਬਲਵਿੰਦਰ ਸਿੰਘ ਭੁੱਲਰ ਦਾ ਵਿਸ਼ੇਸ਼ ਲੇਖ


Post a Comment

0 Comments