ਕੌਣ ਦਊ ਰੋਟੀ ਮਾਂ-ਬਾਪ ਨਹੀਂ ਰਹਿ ਗਿਆ

ਮਲਕੀਤ ਦਰਦੀ 

ਹਵਾ ਵਗੀ ਓਪਰੀ/ ਮਲਕੀਤ ਦਰਦੀ

ਹਵਾ ਵਗੀ ਓਪਰੀ ਕੋਈ ਖਾਸ ਨਹੀਂ ਰਹਿ ਗਿਆ।

ਕਿਸੇ ਉੱਤੇ ਭੋਰਾ ਵਿਸਵਾਸ਼ ਨਹੀਂ ਰਹਿ ਗਿਆ।

 

ਬੀਤ ਗਏ ਜ਼ਮਾਨੇ ਭਾਈ ਸਾਹੀਂ ਸਾਹ ਭਰਦੇ ਸੀ,

ਖੂਨ ਚਿੱਟਾ ਹੋਇਆ ਇਤਫਾਕ ਨਹੀਂ ਰਹਿ ਗਿਆ।

 

ਧਰਮ ਸਹਾਰੇ ਨੇਤਾ ਜਦੋਂ ਰਾਜੇ ਬਣ ਜਾਂਦੇ,

 ਗੁਰੂਆਂ ਦਾ ਹੁਣ ਕੋਈ ਦਾਸ ਨਹੀਂ ਰਹਿ ਗਿਆ।

 

 ਗਿਰਝਾਂ ਵਿਚਾਰੀਆਂ ਨੇ ਮਰਨਾ ਸੀ ਭੁੱਖੀਆਂ,

 ਦਵਾਈਆਂ ਤੋਂ ਬਗੈਰ ਹੱਡ ਮਾਸ ਨਹੀਂ ਰਹਿ ਗਿਆ।

 

ਵੋਟਾਂ ਲੈ ਕੇ ਮਹਿਲਾਂ ਵਿੱਚ ਸ਼ਾਹੀ ਮੌਜਾਂ ਮਾਣਦੇ,

ਵੋਟਰਾਂ ਦੇ ਵਾਸਤੇ ਆਵਾਸ ਨਹੀਂ ਰਹਿ ਗਿਆ।

 

ਹੋਰ  ਲੰਮੀ ਹੋ ਜਾਂਦੀ ਹੱਕਾਂ ਦੀ ਉਡੀਕ,

ਹਮਾਇਤੀਆਂ ਦਾ ਪਿੱਛੇ ਧਰਵਾਸ ਨਹੀਂ ਰਹਿ ਗਿਆ।

 

ਜਮੀਨਾਂ ਅਤੇ ਗਹਿਣੇ ਸਭ ਵੇਚ  ਵੱਟਕੇ ਵੀ,

ਚੋਰੀ ਛਿਪੇ ਜਾਣ ਦਾ ਪਰਵਾਸ ਨਹੀਂ ਰਹਿ ਗਿਆ।

 

'ਲਲਤੋਂ' ਨਾ ਜਾਵੀਂ ਹੁਣ ਭੁੱਲ ਕੇ ਵੀ 'ਦਰਦੀ',

ਕੌਣ ਦਊ ਰੋਟੀ ਮਾਂ-ਬਾਪ ਨਹੀਂ ਰਹਿ ਗਿਆ।

ਕੁੜੀਆਂ / ਮਲਕੀਤ ਦਰਦੀ

ਕਦ ਤੱਕ ਕੁੜੀਆਂ ਖਬਰਾਂ ਦੇ ਵਿੱਚ ਰਹਿਣਗੀਆਂ।

ਬੇਵੱਸ  ਹੋਈਆਂ ਜਥਰ ਜਨਾਹ ਨੂੰ ਸਹਿਣਗੀਆਂ।

 

ਸਬਰ ਪਿਆਲਾ ਜਦ ਇਹਨਾਂ ਦਾ ਭਰ ਜਾਣਾ ,

ਸ਼ੀਹਣੀਆਂ ਬਣ ਗਰਦਨ ਨੂੰ ਪੈਣਗੀਆਂ।

 

ਪੱਗ ਦੇ ਵਿਚ ਚੌਲ ਕਿਸੇ ਨੇ ਟੰਗਣੇ ਨਾ,

ਸਾਂਝੀ ਵਾਲੇ ਗੀਤ ਨਾ ਰਲਕੇ ਗਾਉਣਗੀਆਂ।

 

ਰੀਤ ਨਾ ਮੁੱਕੀ ਜੇਕਰ ਕੁੱਖ 'ਚ ਮਾਰਨ ਦੀ ,

ਕਿਸਨੂੰ ਮਾਵਾਂ ਆਪਣੇ ਪੁੱਤ ਵਿਆਹੁਣਗੀਆਂ।

 

ਤੀਆਂ ਦੇ ਵਿੱਚ ਬੋਲੀਆਂ -ਗਿੱਧੇ ਪੈਣੇ ਨਾ ,

ਫੇਰ ਜਾਪਣੀਆਂ ਫਿੱਕੀਆਂ ਬਹਾਰਾਂ ਸਾਉਣ ਦੀਆਂ।

 

 ਵੱਢ -ਟੁੱਕ ਹੁੰਦੀ ਪੁੱਤਾਂ ਵਰਗੇ ਰੁੱਖਾਂ ਦੀ,

ਸਾਉਣ ਮਹੀਨੇ ਕੁੜੀਆਂ ਪੀਂਘਾਂ ਕਿੱਥੇ ਪਾਉਣਗੀਆਂ।

 

ਗਲ਼ 'ਚੋ ਚੈਨੀ , ਪਰਸ ਵੀ ਹੱਥੋਂ ਖੋਹ ਲੈਂਦੇ ,

ਕਿਹੜੇ ਹੌਸਲੇ ਮਾਸਟਰਨੀਆਂ ਇਹ ਪੜ੍ਹਾਉਣਗੀਆਂ।

 

ਬਿਨ ਸ਼ਗਨਾਂ ਤੋਂ 'ਦਰਦੀ'ਘੋੜੀ ਚੜ੍ਹਜੂਗਾ,

ਸਿਹਰਾ ਨਾ ਜਦ ਭੈਣਾਂ ਸਿਰ ਸਜਾਉਣਗੀਆਂ।

ਸੰਪਰਕ -

ਈਸ਼ਰ ਨਗਰ ,ਗਲੀ ਨੰਬਰ -1

ਬਲਾਕ ਸੀ ,ਗਿੱਲ ਰੋਡ

ਲੁਧਿਆਣਾ -141003

ਮੋਬਾਈਲ -7347489902


ਇਹ ਵੀ ਪੜ੍ਹੋ -

ਜਸਵਿੰਦਰ ਸਿੰਘ ਕਾਈਨੌਰ ਦੀ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਇੱਕ ਕਵਿਤਾ -ਸੁਪਨਾ

 

Post a Comment

0 Comments