ਕੱਚੀ ਰਹਿ ਜੂ ਗੀ ਫ਼ਕੀਰੀ ਮੇਰੀ, ਦੱਸਦੇ ਜ਼ੁਲ਼ਫ਼ਾਂ ਦੇ ਨਾਗ਼ ਕੀਲਣੇ.

Unless the raven tresses I tame,

All my transcendence will only be in name.

ਸ਼ਬਦ ਚਾਨਣੀ---ਨਿਰਮਲ ਦੱਤ

 ਟੱਪੇ

ਅਸੀਂ ਦੀਵਿਆਂ ਦੇ ਹੌਸਲੇ ਵਧਾਏ

'ਨ੍ਹੇਰਾ ਭਾਵੇਂ ਘੂਰਦਾ ਰਿਹਾ.

 

ਵੇਖੀਂ 'ਨ੍ਹੇਰਿਆਂ ਦੀ ਭਰੀਂ ਨਾ ਗਵਾਹੀ

ਰਿਸ਼ਮਾਂ ਦਾ ਦਿਲ ਟੁੱਟ ਜੂ.

 

ਸਿੱਖ ਰਾਤ ਤੋਂ ਹਲੀਮੀਂ ਜਾ ਕੇ

ਦਿਨ ਨੂੰ ਗ਼ਰੂਰ ਹੋ ਗਿਆ.

 

ਕੱਚੀ ਰਹਿ ਜੂ ਗੀ ਫ਼ਕੀਰੀ ਮੇਰੀ, ਦੱਸਦੇ

ਜ਼ੁਲ਼ਫ਼ਾਂ ਦੇ ਨਾਗ਼ ਕੀਲਣੇ.

 

ਮੈਂਨੂੰ ਭੁੱਲ ਗਏ ਪੈਰਾਂ ਦੇ ਛਾਲੇ

ਦੇਹਲ਼ੀ ਅੱਗੇ ਵੇਖ ਔਸੀਆਂ.

 

ਰਾਤ ਚਾਨਣੀ ਨੀਂਦ ਨਾ ਆਵੇ

ਤੂੰ ਚੰਨ ਵਿੱਚੋਂ ਦਿਸੇਂ ਹੱਸਦੀ.

ਨਾ ਮੈਂ ਕੋਈ ਸ਼ਬਦ ਮੁਸ਼ਕਲ

ਨਾ ਮੈਂ ਕੋਈ ਮੁਸ਼ਕਲ ਸਵਾਲ,

ਤੂੰ ਹੀ ਕੁਛ-ਕੁਛ ਬੇ-ਖ਼ਬਰ ਹੈਂ

ਤੂੰ ਹੀ ਕੁਛ-ਕੁਛ ਬੇ-ਖ਼ਿਆਲ.

 

ਤੂੰ ਹੀ ਐਵੇਂ ਰੇਤ ਦੇ ਕਣ

ਗਿਣਨ ਦੇ ਵਿੱਚ ਗੁੰਮ ਗਿਆ,

ਚੰਨ ਮਿਲ ਸਕਦਾ ਹੈ ਤੈਨੂੰ

ਤਾਰਿਆਂ ਦੇ ਦੀਪ ਬਾਲ਼.

 

ਜਸ਼ਨ ਮੇਲੇ ਵਿੱਚ ਨੇ ਬਹੁਤੇ

ਕੋਈ, ਕੋਈ ਹਾਦਸਾ,

ਗੀਤ ਕਿੰਨੇ, ਨਾਚ ਕਿੰਨੇ

ਕੁਝ-ਕੁ ਹੰਝੂ ਨਾਲ਼-ਨਾਲ਼.

 

ਕਿਸ ਨੂੰ ਹੈ ਕੱਲ੍ਹ ਦੀ ਖ਼ਬਰ  

ਤੇ ਕਿਸ ਦੇ ਦਿਲ ਵਿੱਚ ਡਰ ਨਹੀਂ,

ਫਿਰ ਵੀ ਐਨੇ ਮਸਤ ਸਾਰੇ

ਤੂੰ ਵੀ ਡਰ ਦਾ ਡਰ ਨਾ ਪਾਲ਼.

 

ਸੋਚਿਆ ਕਰ ਬੈਠ ਕੇ

ਕਿ ਇਹ ਜੋ ਖ਼ਾਲੀ ਹੈ ਖ਼ਲਾਅ,

ਇਸ ਖ਼ਲਾਅ ਵਿੱਚ ਮਹਿਕਦੀ ਕਿਉਂ

ਜ਼ਿੰਦਗੀ ਇਹ ਬੇ-ਮਿਸਾਲ?

 

ਧੁੱਪ ਦੇ ਕਾਗ਼ਜ਼ 'ਤੇ ਲਿਖ

ਅਪਣੇ ਅਮਲ ਦੀ ਸ਼ਾਇਰੀ,

ਰਾਤ ਦੀ ਤਕਦੀਰ ਵਿੱਚ

ਲਿਖ ਦੇ ਮੁਹੱਬਤ ਦਾ ਕਮਾਲ.

ਅੰਤਰ ਯਾਤਰਾ

ਇਹ ਕੋਈ ਵਹਿਮ

ਕੋਈ ਵਹਿਸ਼ਤ

ਜਾਂ ਕੋਈ ਨੀਂਦ ਸੀ ਉਸਦੀ

ਉਹ ਅਕਸਰ ਵੇਖਦਾ ਸੀ

ਕਿ ਉਸਦੇ ਮੱਥੇ ਉੱਤੇ

ਰਿਸਦਾ ਹੋਇਆ ਜ਼ਖ਼ਮ ਹੈ ਇੱਕ

ਤੇ ਉਹ ਇੱਕ ਬੇਵਸੀ ਤੋਂ ਬੇਵਸੀ ਤੱਕ

                           ਭਟਕਦਾ ਸੀ.

 

ਨਾ ਉਸ ਨੂੰ ਰੰਗ ਜਚਦੇ ਸੀ

ਨਾ ਉਸ ਨੂੰ ਸਾਜ਼ ਜਚਦੇ ਸੀ

ਨਾ ਉਸ ਨੂੰ ਜਾਮ ਜਚਦੇ ਸੀ

ਤੇ ਨਾ ਹੀ ਨਿਰਤ ਦੇ ਅੰਦਾਜ਼ ਜਚਦੇ ਸੀ.

 

ਹਜ਼ਾਰਾਂ ਖ਼ੌਫ਼ ਸਨ

ਦਹਿਸ਼ਤ ਕੋਈ ਇੱਕ ਸੁਲਘਦੀ ਹੋਈ

ਕਿ ਉਸਦੀ ਰਾਤ ਵੀ ਜਲ਼ਦੀ ਸੀ

ਉਸ ਦੇ ਦਿਨ ਵੀ ਮਚਦੇ ਸੀ.

 

ਓਹਦੀ ਪਤਨੀ

ਓਹਦੇ ਬੱਚੇ ਵਿਚਾਰੇ

ਪੁੱਛਦੇ ਰਹੇ ਬੋਧ-ਬਿਰਖਾਂ ਤੋਂ

ਕਿ ਇਹ ਜੋ ਆਪਣੇ ਤੋਂ ਦੂਰ ਹੈ

ਕਦ ਤੱਕ ਮੁੜੇਗਾ ਆਪਣੇ ਤੱਕ.

 

ਕਈ ਬੇ-ਸੁਰ ਜਿਹੀਆਂ ਰੁੱਤਾਂ

ਕਈ ਬੇ-ਤਾਲ ਜਿਹੇ ਮੌਸਮ

ਗੁਜ਼ਰ ਚੁੱਕੇ ਨੇ ਹੁਣ ਜਦ

ਉਹ ਜਿਹੜਾ ਆਪਣੇ ਤੋਂ ਦੂਰ ਸੀ

ਅੰਤਰ ਯਾਤਰਾ ਪਿੱਛੋਂ

ਆਪਣੇ ਤੱਕ ਪਰਤ ਆਇਆ ਹੈ.

 

ਓਹਦੇ ਸਭ ਇਸ਼ਟ

ਸਾਰੇ ਦੇਵਤੇ

ਓਹਦੇ ਸਜਦੇ

ਓਹਦੀ ਪੂਜਾ

ਤੇ ਉਸਦੀ ਆਰਤੀ

ਓਹਦੇ ਚਿਹਰੇ 'ਤੇ ਫ਼ੈਲੇ ਨੂਰ ਵਿਚੋਂ

ਨਜ਼ਰ ਆਓਂਦੇ ਨੇ.

ਵਸੀਅਤ

ਬੱਸ ਇਹੀ ਦਰਦ ਦੀ ਵਸੀਅਤ ਹੈ

ਬੱਸ ਇਹੀ ਪੀੜ ਦੀ ਵਿਰਾਸਤ ਹੈ

ਬੱਸ ਇਹੀ ਜ਼ਖ਼ਮ ਅਰਜ਼ ਕਰਦੇ ਨੇ

ਬੱਸ ਇਹੀ ਹੌਕਿਆ ਦੀ ਮਰਜ਼ੀ ਹੈ

ਹਰ ਸਮੇਂ ਗੀਤ ਦੀ ਤਲਾਸ਼ ਕਰੋ.

 

ਰੁਕਦੇ ਪੈਰਾਂ 'ਚੋਂ, ਚਲਦੇ ਰਾਹਾਂ 'ਚੋਂ

ਤੇਜ਼ ਧੁੱਪਾਂ 'ਚੋਂ, ਨਰਮ ਛਾਵਾਂ 'ਚੋਂ

ਠਹਿਰੀਆਂ, ਵਗਦੀਆਂ ਹਵਾਵਾਂ 'ਚੋਂ

ਬਲ਼ ਰਹੀ ਲਾਲਸਾ ਜਾਂ ਬੁਝਦੇ ਹੋਏ ਚਾਵਾਂ 'ਚੋਂ

ਹਰ ਜਗ੍ਹਾ ਗੀਤ ਦੀ ਤਲਾਸ਼ ਕਰੋ.

 

ਗੀਤ ਜੋ ਸੁਪਨਿਆਂ ਦੀ ਖ਼ੁਸ਼ਬੂ ਹੈ

ਗੀਤ ਜੋ ਖ਼ੁਸ਼ਬੂਆਂ ਦਾ ਸਪਨਾ ਹੈ

ਗੀਤ ਜੋ ਮਿਲਕੀਅਤ ਹੈ ਸਭਨਾ ਦੀ

ਸਿਰਫ਼ ਦੇਖਣ ਨੂੰ ਲੱਗਦਾ ਅਪਨਾ ਹੈ

ਹਰ ਜਗ੍ਹਾ ਗੀਤ ਦੀ ਤਲਾਸ਼ ਕਰੋ.

 

ਗੀਤ ਜੋ ਸਾਗਰਾਂ ਦੀ ਛਾਤੀ 'ਤੇ

ਹਰ ਸੁਬ੍ਹਾ ਮੁਖੜਿਆਂ 'ਚ ਲਿਖਦੀ ਹੈ

ਗੀਤ ਜੋ ਅੰਬਰਾਂ ਦੇ ਵਰਕੇ 'ਤੇ

ਸ਼ਾਮ ਕਈ ਟੁਕੜਿਆਂ 'ਚ ਲਿਖਦੀ ਹੈ

ਹਰ ਸਮੇਂ ਗੀਤ ਦੀ ਤਲਾਸ਼ ਕਰੋ.

 

ਹਰ ਜਗ੍ਹਾ ਗੀਤ ਦੀ ਤਲਾਸ਼ ਕਰੋ

ਹਰ ਸਮੇਂ ਗੀਤ ਦੀ ਤਲਾਸ਼ ਕਰੋ.

ਗੀਤ ਜੋ ਦਰਦ ਦੀ ਵਿਰਾਸਤ ਹੈ

ਗੀਤ ਜੋ ਪੀੜ ਦੀ ਵਸੀਅਤ ਹੈ.

ਸੰਪਰਕ -

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।            

ਮੋਬਾਈਲ -98760-13060



Contact -

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪਸੰਦ ਕਰੋਗੇ -

ਆਪੇ ਜਾਗ ਪਏ ਸੁੱਤੇ ਹੋਏ ਦੀਵੇ ਜਦੋਂ ਵੀ ਮੇਰੀ ਅੱਖ ਖੁੱਲ੍ਹ ਗਈ

 

 

 

  

 

 

Post a Comment

0 Comments