ਚੂਹੜਧਾਰ ਦੀ ਫ਼ਤਿਹ -3

ਪਹਾੜੀ ਦੇ ਨਾਲ ਨਾਲ ਚੱਲਣ ਵਾਲਾ ਰਾਹ ਦੋ ਕੁ ਕਿਲੋਮੀਟਰ ਚੱਲ ਕੇ ਜੰਗਲ ਦੇ ਅੰਦਰ ਇੱਕ ਛੋਟੀ ਜਿਹੀ ਪਗਡੰਡੀ ਵਿੱਚ ਤਬਦੀਲ ਹੋ ਗਿਆ ਜਿਸ ਵਿੱਚ ਦੋ ਆਦਮੀ ਇੱਕਠੇ ਨਹੀਂ ਸੀ ਚੱਲ ਸਕਦੇ। ਇੱਕ ਥਾਂ ਉੱਤੇ ਜਾ ਕੇ ਸਾਡਾ ਹਾਲ ਪਾਂਡਵਾਂ ਦੇ ਅਸ਼ਵਾ ਰੋਹਨ ਵਰਗਾ ਹੋ ਗਿਆ ਜਿਸ ਵਿੱਚ ਪੰਜ ਪਾਂਡਵ ਤੇ ਨਾਲ ਦਰੋਪਦੀ ਇੱਕ ਕੁੱਤੇ ਸਮੇਤ ਸਫ਼ਰ ਲਈ ਅੱਗੇ ਵਧ ਰਹੇ ਸਨ। ਕਿਤੇ ਕਿਤੇ ਸਫ਼ਰ ਵਿੱਚ ਪੈਣ ਵਾਲੀ ਇਸ ਪਗਡੰਡੀ ਉੱਤੇ ਕੋਈ ਨਾਲਾ ਆਉਂਦਾ ਤਾਂ ਉਸ ਉੱਪਰ ਕਿਸੇ ਦਰਖ਼ਤ ਦਾ ਤਣਾ ਸੁੱਟ ਕੇ ਰਾਹ ਬਣਿਆ ਹੋਇਆ ਮਿਲਦਾ

ਤਿੰਨ ਕਿਸ਼ਤਾਂ ਵਿੱਚ ਖ਼ਤਮ ਹੋਣ ਵਾਲੀ ਯਾਤਰਾ ਦੀ ਦਿਲਚਸਪ ਕਹਾਣੀ ਦਾ ਅੰਤਿਮ ਭਾਗ

ਯਾਤਰਾ ਬਿਰਤਾਂਤ / ਗੁਰਮਾਨ ਸੈਣੀ

ਡਰ ਸੀ ਕਿ ਕਿਤੇ ਰਾਤ ਦਾ ਕੂਕਿਆ ਮਿਰਜ਼ਾ ਸਵੇਰੇ ਬੇਹੋਸ਼ ਨਾ ਹੋਇਆ ਪਿਆ ਮਿਲੇ। ਪਰ ਭਲਾ ਸਮਾਂ ਸੀ। ਸਾਰੀ ਦੀ ਸਾਰੀ ਟੀਮ ਕਹਿਣਾ ਮੰਨਣ ਵਾਲੀ ਸੀ। ਸਾਰੇ ਹੀ ਝੱਟਪੱਟ ਉੱਠ ਕੇ ਤਿਆਰ ਹੋ ਗਏ। ਨਾਸ਼ਤਾ ਇੱਥੇ ਨਾ ਕਰਕੇ ਰਾਹ ਵਿੱਚ ਹੀ ਕਿਤੇ ਕਰਨ ਦੀ ਗੱਲ ਤਹਿ ਹੋਈ।

ਕਾਰਨ ਇੱਕ ਤਾਂ ਅਸੀਂ ਸਭ ਨੇ ਇਥੋਂ ਦੋ ਕੁ ਕਿਲੋਮੀਟਰ ਸ਼ਾਹ ਤਲਾਈ ਸੜਕ ਉੱਤੇ ਪੈਣ ਵਾਲੇ ਮਾਂ ਸੂਲਨੀ ਦੇਵੀ ਮੰਦਰ ਦੇ ਦਰਸ਼ਨ ਕਰਨ ਜਾਣਾ ਸੀ। ਦੂਜਾ ਨਾਸ਼ਤੇ ਲਈ ਸਾਡਾ ਸਵੇਰੇ ਦਾ ਬਹੁਤਾ ਸਮਾਂ ਬਰਬਾਦ ਹੋ ਜਾਣਾ ਸੀ

ਅਸੀਂ ਚਾਹੁੰਦੇ ਸਾਂ ਕਿ ਠੰਡੇ ਠੰਡੇ ਸਫ਼ਰ ਮੁਕਾਇਆ ਜਾਵੇ। ਬਚਿਆ ਸਮਾਂ ਅਸੀਂ ਰਾਹ ਵਿੱਚ ਕੁਦਰਤ ਨਾਲ ਬਿਤਾਉਣ ਦਾ ਇਰਾਦਾ ਰੱਖਦੇ ਸੀ। ਖੁੱਬੀ ਰਾਮ ਦੀ ਚਾਹ ਦੇ ਨਾਲ ਨਾਲ ਅਸੀਂ ਕਮਰੇ ਦੇ ਰੈਂਟ ਦੀ ਪਰਚੀ ਦਾ ਭੁਗਤਾਨ ਕੀਤਾ ਅਤੇ ਸਵੇਰੇ ਸਾਝਰੇ ਹੀ ਅਸੀਂ ਉੱਥੋਂ ਵਿਦਾ ਲੈ ਕੇ ਸੂਲਨੀ ਦੇਵੀ ਦੇ ਦਰਸ਼ਨਾਂ ਲਈ ਚਾਲੇ ਪਾਏ ਲਏ।

ਸੂਲਨੀ ਦੇਵੀ ਮੰਦਰ ਹਰੀਪੁਰ ਧਾਰ ਤੋਂ ਚੜ੍ਹਦੇ ਪਾਸੇ  ਸ਼ਾਹ ਤਲਾਈ ਨੂੰ ਜਾਂਦੀ ਸੜਕ ਉੱਤੇ ਬਣਿਆ ਹੋਇਆ ਹੈ। ਇਹ ਮੰਦਰ ਆਸ-ਪਾਸ ਦੇ ਸਭ ਪਹਾੜਾਂ ਤੋਂ ਉੱਚਾ ਹੈ। ਜਿੱਥੋਂ ਦੂਰ ਦੂਰ ਤੱਕ ਦਾ ਇਲਾਕਾ ਨਜ਼ਰ ਆਉਂਦਾ ਹੈ। ਬਰਸਾਤ ਦੇ ਦਿਨਾਂ ਵਿੱਚ ਜਿਵੇਂ ਇਹ ਆਪਣੇ ਆਪ ਨੂੰ ਧੁੰਦ ਵਿੱਚ ਲਪੇਟ ਕੇ ਰੱਖਦਾ ਹੈ। ਇੱਥੇ ਰੁਕਣ ਲਈ ਕਮਰੇ ਥੋੜ੍ਹੀ ਜਿਹੀ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾ ਕੇ ‌ਮਿਲ ਜਾਂਦੇ ਹਨ। ਇੱਕਠਿਆਂ ਰੁਕਣ ਲਈ ਹਾਲ ਵੀ ਬਣੇ ਹੋਏ ਹਨ। ਜਿਨ੍ਹਾਂ ਦਾ ਕਿਰਾਇਆ ਨਾਂ ਮਾਤਰ ਦਸ ਰੁਪਏ ਹੈ। ਇਲਾਕੇ ‌ਵਿੱਚੋਂ ਦੂਰੋਂ ਦੂਰੋਂ ਨਿਵਾਸੀ ਇੱਥੇ ਸੁੱਖ ਉਤਾਰਨ ਆਉਂਦੇ ਹਨ। ਪਹਾੜ ਦੀ ਚੋਟੀ ਉੱਤੇ ਬਣੇ ਇਸ ਮੰਦਰ ਦੇ ਬਾਹਰ ਚਾਰੇ ਪਾਸੇ ਹਜ਼ਾਰਾਂ ਬੰਦੇ ਇੱਕਠੇ ਹੋ ਸਕਦੇ ਹਨ।

       ਮੰਦਰ ਦੇ ਦਰਸ਼ਨ ਤੋਂ ਬਾਅਦ ਅਸੀਂ ਪ੍ਰਸ਼ਾਦ ਲੈਕੇ ਚੂਹੜਧਾਰ ਦੀ ਫ਼ਤਿਹ ਲਈ ਨਿਕਲ ਪਏ। ਹੁਣ ਰਸਤਾ ਹਰੀਪੁਰ ਧਾਰ ਤੋਂ ਛਿਪਦੇ ਵੱਲ ਨੂੰ ਉਤਰ ਰਿਹਾ ਸੀ। ਹਰੀਪੁਰ ਧਾਰ ਵਾਲੀ ਤਰਾਈ ਉਤਰ ਕੇ ਚੜ੍ਹਦੇ ਵੱਲ ਨੂੰ ਨਜ਼ਰ ਮਾਰਦਿਆਂ ਅਦਭੁਤ ਨਜ਼ਾਰਾ ਬਣ ਰਿਹਾ ਸੀ।  ਇੱਕ ਤਾਂ ਤਰਾਈ ਵਿੱਚ ਸੀਡੀਦਾਰ ਖੇਤਾਂ ਦੀ ਬਹੁਤ ਵੱਡੀ ਰੇਂਜ ਦਿਖਾਈ ਦੇਂਦੀ ਸੀ ਦੂਜਾ ਹਰੀਪੁਰ ਧਾਰ ਦੀ ਚੋਟੀ 'ਤੇ ਪਹੁੰਚ ਗਿਆ ਸੂਰਜ ਲਿਸ਼ਕੋਰਾਂ ਮਾਰਦਾ ਨਜ਼ਰ ਆ ਰਿਹਾ ਸੀ।ਇਹ ਰਾਹ ਨੌਹਰਾ ਧਾਰ ਹੋਕੇ ਰਾਜਗੜ੍ਹ ਨੂੰ ਹੁੰਦਾ ਹੋਇਆ ਸੋਲਨ ਆ ਕੇ ਨਿਕਲਦਾ ਹੈ। ਹਰੀਪੁਰ ਧਾਰ ਤੋਂ ਕੁਝ ਦੂਰ ਆ ਕੇ ਸੜਕ ਉੱਤੇ ਬਹੁਤ ਸਾਰੇ ਸਬਜ਼ੀ ਅਤੇ ਫਲ ਕੁਲੈਕਸਨ ਸੈਂਟਰ ਬਣੇ ਹੋਏ ਹਨ। ਔਸਤਨ ਇਹ ਸਭ ਪ੍ਰਾਈਵੇਟ ਲੋਕਾਂ/ ਠੇਕੇਦਾਰਾਂ ਵੱਲੋਂ ਸ਼ੁਰੂ ਕੀਤੇ ਗਏ ਹਨ। ਸੜਕ ਤੋਂ ਹੇਠਾਂ ਅਤੇ ਉੱਪਰ ਵਾਲੇ ਰਕਬੇ ਵਿੱਚ ਉਗਣ ਵਾਲੀਆਂ ਫ਼ਲ ਤੇ ਸਬਜ਼ੀ ਇਨ੍ਹਾਂ ਸੈਂਟਰਾਂ ਉੱਤੇ ਇੱਕਠੀ ਕੀਤੀ ਜਾਂਦੀ ਹੈ ਜੋ ਬਾਅਦ ਵਿੱਚ ਕਾਲਕਾ ਜਾਂ ਚੰਡੀਗੜ੍ਹ ਦੀ ਮੰਡੀ ਵਿੱਚ ਬਿੱਕਰੀ ਲਈ ਪਹੁੰਚਦੀ ਹੈ।  ਇਸੇ ਰਾਹ ਵਿੱਚ ਇੱਕ ਪਿੰਡ ਦੇ ਬਾਹਰਵਾਰ ਸੜਕ ਉੱਤੇ ਬਣੇ ਨਿੱਕੇ ਜਿਹੇ ਢਾਬੇ ਉੱਤੇ ਅਸੀਂ ਸਭ ਨੇ ਨਾਸ਼ਤਾ ਕੀਤਾ। ਬਹੁਤਾ ਨਾਸ਼ਤਾ ਤਾਂ ਅਸੀਂ ਢਾਬੇ ਵਾਲੇ ਨਾਲ ਮਿਲ ਮਿਲਾ ਕੇ ਆਪ ਹੀ ਤਿਆਰ ਕੀਤਾ ਜਿਸਦਾ ਸਾਨੂੰ ਬੜਾ ਮਜ਼ਾ ਆਇਆ। ਲੱਗਦਾ ਸੀ ਕਿ ਜਿਵੇਂ ਅਸੀਂ ਘਰ ਬੇਬੇ ਬਾਪੂ ਨਾਲ ਮਿਲ ਕੇ ਰਸੋਈ ਤਿਆਰ ਕਰ ਰਹੇ ਹੋਈਏ।

ਰਾਹ ਤਾਂ ਭਾਵੇਂ ਇਹ ਵੀ ਕੋਈ ਬਹੁਤ ਵਧੀਆ ਨਹੀਂ ਸੀ ਪਰ ਦੁਪਹੀਆ ਵਾਹਨ ਹੋਣ ਕਰਕੇ ਸਾਨੂੰ ਕੋਈ ਬਹੁਤੀ ਦਿੱਕਤ ਮਹਿਸੂਸ ਨਹੀਂ ਸੀ ਹੋ ਰਹੀ। ਇੱਕ ਦੂਜੇ ਨੂੰ ਛੇੜਦਿਆਂ ਅਸੀਂ ਦੁਪਹਿਰ ਬਾਰਾਂ ਵੱਜਦੇ ਨੂੰ ਨੌਹਰਾ ਧਾਰ ਪਹੁੰਚ ਗਏ।  ਨੌਹਰਾ ਧਾਰ ਵੀ ਸਬ ਤਹਿਸੀਲ ਹੈ। ਇੱਥੇ ਸੰਘਣੀ ਵਸੋਂ ਹੈ। ਬਾਜ਼ਾਰ ਵੀ ਕਾਫੀ ਵੱਡਾ ਹੈ। ਹਰੀਪੁਰ ਧਾਰ ਤੇ ਰਾਜਗੜ੍ਹ ‌ਵਿਚਕਾਰ ਇਹੋ ਵੱਡਾ ਕਸਬਾ ਹੈ। ਮੇਨ ਸੜਕ‌ ਦੇ ਹੀ ਨਾਲ ਲਗਦੇ ਇੱਥੋਂ ਦੇ ਪੀ. ਡਬਲਿਊ. ਡੀ. ਦੇ ਰੈਸਟ ਹਾਊਸ ਦੇ ਵਿਹੜੇ ਵਿੱਚ ਆਪਣੇ ਸਕੂਟਰ ਖੜ੍ਹੇ ਕਰਕੇ ਅਸੀਂ ਚੂਹੜਧਾਰ  ਜਾਣ ਵਾਲੇ ਰਸਤੇ ਬਾਰੇ ਜਾਣਕਾਰੀ ਹਾਸਲ ਕੀਤੀ।  ਰਸਤੇ ਵਿੱਚ ਕੰਮ ਆਉਣ ਵਾਲਾ ਕੁੱਝ ਸਮਾਨ ਅਸੀਂ ਥੋੜਾ ਥੋੜਾ ਕਰਕੇ ਆਪਣੇ ਪਿੱਠੂ ਬੈਗਾਂ ਵਿੱਚ ਭਰ ਲਿਆ। ਸਾਨੂੰ ਉੱਥੋਂ ਦੇ ਰਸਤੇ, ਲੱਗਣ ਵਾਲੇ ਸਮੇਂ ਤੇ ਰੁਕਣ ਦੇ ਇੰਤਜ਼ਾਮ ਬਾਰੇ ਕੁਝ ਵੀ ਅਗਾਉਂ ਪਤਾ ਨਹੀਂ ਸੀ। ਬੱਸ ਵਾਹਿਗੁਰੂ ਦਾ ਜੈਕਾਰਾ ਛੱਡ ਕੇ ਅਸੀਂ ਉਸਦੇ ਨਾਮ ਉਤੇ ਹੀ ਫਤਿਹ ਦੀ ਚੜ੍ਹਾਈ ਲਈ ਕਦਮ ਅੱਗੇ ਵਧਾ ਦਿੱਤੇ।

         ਨੌਹਰਾ ਧਾਰ ਤੋਂ ਚੜ੍ਹਦੇ ਵੱਲ ਨੂੰ ਸਾਡਾ ਰਾਹ ਇੱਕ ਤਿੱਖੀ ਪਹਾੜੀ ਦੇ ਨਾਲ ਨਾਲ ਪਹਾੜੀ ਕੱਟ ਕੇ ਤਿਆਰ ਕੀਤੀ ਪਗਡੰਡੀ ਉੱਤੇ ਸ਼ੁਰੂ ਹੋਇਆ। ਦੁਪਹਿਰ ਸਿਰ ਉੱਤੇ ਸੀ ਪਰ ਹੌਸਲੇ ਬੁਲੰਦ ਸਨ। ਪਹਾੜੀ ਦੇ ਨਾਲ ਨਾਲ ਚੱਲਣ ਵਾਲਾ ਰਾਹ ਦੋ ਕੁ ਕਿਲੋਮੀਟਰ ਚੱਲ ਕੇ ਜੰਗਲ ਦੇ ਅੰਦਰ ਇੱਕ ਛੋਟੀ ਜਿਹੀ ਪਗਡੰਡੀ ਵਿੱਚ ਤਬਦੀਲ ਹੋ ਗਿਆ ਜਿਸ ਵਿੱਚ ਦੋ ਆਦਮੀ ਇੱਕਠੇ ਨਹੀਂ ਸੀ ਚੱਲ ਸਕਦੇ। ਇੱਕ ਥਾਂ ਉੱਤੇ ਜਾ ਕੇ ਸਾਡਾ ਹਾਲ ਪਾਂਡਵਾਂ ਦੇ ਅਸ਼ਵਾ ਰੋਹਨ ਵਰਗਾ ਹੋ ਗਿਆ ਜਿਸ ਵਿੱਚ ਪੰਜ ਪਾਂਡਵ ਤੇ ਨਾਲ ਦਰੋਪਦੀ ਇੱਕ ਕੁੱਤੇ ਸਮੇਤ ਸਫ਼ਰ ਲਈ ਅੱਗੇ ਵਧ ਰਹੇ ਸਨ। ਕਿਤੇ ਕਿਤੇ ਸਫ਼ਰ ਵਿੱਚ ਪੈਣ ਵਾਲੀ ਇਸ ਪਗਡੰਡੀ ਉੱਤੇ ਕੋਈ ਨਾਲਾ ਆਉਂਦਾ ਤਾਂ ਉਸ ਉੱਪਰ ਕਿਸੇ ਦਰਖ਼ਤ ਦਾ ਤਣਾ ਸੁੱਟ ਕੇ ਰਾਹ ਬਣਿਆ ਹੋਇਆ ਮਿਲਦਾ। ਵਸੋਂ ਆਸ-ਪਾਸ ਕੋਈ ਵੀ ਨਹੀਂ ਸੀ। ਕਿਤੇ ਕਿਤੇ ਕੋਈ ਜੰਗਲੀ ਜਾਨਵਰ ਇੱਧਰੋਂ ਉੱਧਰ ਗੁਜ਼ਰਦਾ ਮਿਲ ਪੈਂਦਾ। ਇੱਕ ਥਾਂ ਉੱਤੇ ਜਾ ਕੇ ਸਾਨੂੰ ਕੁੱਝ ਮੱਝਾਂ ਚਰਦੀਆਂ ਮਿਲੀਆਂ ਤਾਂ ਅਸੀਂ ਸਮਝ ਗਏ ਕਿ ਆਸ-ਪਾਸ ਕੋਈ ਛੋਟੀ ਮੋਟੀ ਵਸੋਂ ਜ਼ਰੂਰ ਹੈ।  ਉਨ੍ਹਾਂ ਦਿਨਾਂ ਵਿੱਚ ਸਾਡੀ ਤੇ ਸਾਡੇ ਪਿੰਡ ਦੀਆਂ ਕੁੱਝ ਮੱਝਾਂ ਕਿਸੇ ਚੋਰ ਵੱਲੋਂ ਚੋਰੀ ਕਰ ਲਈਆਂ ਗਈਆਂ ਸਨ ਜਿਸਦਾ ਸਭ ਦੋਸਤਾਂ ਨੂੰ ਪਹਿਲਾਂ ਤੋਂ ਪਤਾ ਸੀ। ਉਨ੍ਹਾਂ ਨੇ ਮੈਨੂੰ ਚੋਹਲ ਕਰਦਿਆਂ ਛੇੜਿਆ। " ਲੈ, ਪ੍ਰਧਾਨ ਕੇ ਬੇਬੇ ਕੀ ਮੈਂਸਾਂ ਤੋ ਯੋ ਚੁੱਗ ਰੀ ਆਂ।" ਦੋ ਕੁ ਘੰਟੇ ਦੇ ਸਫ਼ਰ ਬਾਅਦ ਸਾਨੂੰ ਰਾਹ ਵਿੱਚ ਇੱਕ ਘਰ ਨਜ਼ਰੀਂ ਪਿਆ। ਇਸਦੇ ਕੋਲ ਬਹਿ ਕੇ ਅਸੀਂ ਰਾਹ ਲਈ ਲਿਆਂਦਾ ਖਾਣ ਪੀਣ ਦਾ ਸਮਾਨ ਖਰਚ ਕਰਕੇ ਆਪਣੇ ਬੈਗਾਂ ਦਾ ਭਾਰ ਘਟਾਇਆ।

             ਮਈ ਦੀ ਬਾਈ ਤਰੀਕ ਸੀ। ਸੂਰਜ ਭਾਵੇਂ ਸਾਡੇ ਸਿਰ ਉੱਤੇ ਖੜਿਆ ਸੀ ਪਰ ਇੱਥੇ ਜੰਗਲ ਵਿਚਲੇ ਵੱਡੇ ਵੱਡੇ ਦਰਖਤਾਂ ਕਰਕੇ ਸਾਨੂੰ ਕੋਈ ਔਖ ਨਹੀਂ ਸੀ ਆ ਰਹੀ। ਰਾਹ ਜਦੋਂ ਪਹਾੜੀ ਦੇ ਪੂਰਬਲੇ ਪਾਸੇ ਚੱਲਦਾ ਤਾਂ ਸੁੱਕਾ ਤੇ ਸਾਫ਼ ਸੁਥਰਾ ਹੁੰਦਾ। ਜਦੋਂ ਪਹਾੜੀ ਦੇ ਛੁਪਦੇ ਬੰਨੇ ਹੁੰਦਾ ਤਾਂ ਸਿੱਲਾ ਤੇ ਛਾਵਾਂ ਮਿਲਦਾ। ਛਾਂਬੜਾਂ ਵਿੱਚ ਰਸਤੇ ਦੇ ਨਾਲ ਨਾਲ ਬਰਫ਼ ਜੰਮੀ ਹੋਈ ਮਿਲਦੀ।  ਦੱਸਦੇ ਹਨ ਕਿ ਇੱਥੇ ਇਨ੍ਹਾਂ ਦਿਨਾਂ ਵਿੱਚ ਹੀ ਆਉਣਾ ਚਾਹੀਦਾ ਹੈ ਜਾਂ ਇਨ੍ਹਾਂ ਦਿਨਾਂ ਵਿੱਚ ਹੀ ਆ ਹੁੰਦਾ ਹੈ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਇੱਥੇ ਵੱਖ-ਵੱਖ ਕਿਸਮ ਦੀਆਂ ਬੂਟੀਆਂ ਉੱਗ ਆਉਂਦੀਆਂ ਹਨ‌ ਜਿਨ੍ਹਾਂ ਦਾ ਛੂਹ ਜਾਣਾ ਆਦਮੀ ਲਈ ਨੁਕਸਾਨਦੇਹ ਹੋ ਸਕਦਾ ਹੈ।  ਰੁਕਦੇ ਰੁਕਾਂਦੇ, ਬਰਫ਼ ਨਾਲ ਖੇਡਾਂ ਕਰਦੇ ਚੱਲਦਿਆਂ ਸਾਨੂੰ ਛੇ ਘੰਟੇ ਬੀਤ ਚੁੱਕੇ ਸਨ ਪਰ ਹਾਲੇ ਤੱਕ ਵੀ ਚੂਹੜਧਾਰ  ਆਉਣ ਦੇ ਆਸਾਰ ਜਿਵੇਂ ਸਾਡੇ ਲਈ ਧੁੰਦਲੇ ਹੀ ਸਨ।

ਥੋੜ੍ਹੀ ਅਗਾਂਹ ਚੱਲ ਕੇ ਇਕਾ ਇੱਕ ਰਸਤੇ ਦਾ ਮੂੰਹ ਚੜਦੇ ਵੱਲ ਨੂੰ ਹੋ ਗਿਆ। ਬਿਲਕੁਲ ਤੰਗ ਰਸਤਾ ਆਣ ਖੜਿਆ। ਰਾਹ ਵਿੱਚ ਬਰਫ ਜੰਮੀ ਹੋਈ ਸੀ।‌ ਜਿਵੇਂ ਢਲਾਣਾ ਵਾਲੇ ਖੇਤ ਹੁੰਦੇ ਹਨ ਇਸ ਤਰ੍ਹਾਂ ਦਾ ਰਾਹ ਆ ਗਿਆ ਸੀ। ਕਿਤੇ ਕਿਤੇ ਪੱਥਰਾਂ ਨੂੰ ਫੜ ਕੇ ਉੱਪਰ ਚੜ੍ਹਨਾ ਪੈ ਰਿਹਾ ਸੀ। ਦੇਖਦਿਆਂ ਹੀ ਦੇਖਦਿਆਂ ਮੌਸਮ ਇੱਕ ਦਮ ਠੰਡਾ ਹੋ ਗਿਆ। ਸਾਨੂੰ ਲੰਘ ਆਏ ਰਾਹ ਤੇ ਲੱਗੇ ਸਮੇਂ ਨੂੰ ਦੇਖ ਕੇ ਸਵੇਰੇ ਵਾਪਸ ਮੁੜਨ ਦੀ ਚਿੰਤਾ ਹੋਣ‌ ਲੱਗੀ। ਸੰਝ ਵੀ ਘਿਰ ਆਈ ਸੀ। ਅੱਗੇ ਪਹੁੰਚ ਜਾਣ ਲਈ ਸਾਡਾ ਸਾਰਿਆਂ ਦਾ ਮਨ ਕਾਹਲਾ ਪੈਣ ਲੱਗਾ। ਇੱਕ ਦੂਜੇ ਦੇ ਚਿਹਰਿਆਂ ਨੂੰ ਦੇਖ ਕੇ ਲਗਦਾ ਸੀ ਕਿ ਸਭ ਅੰਦਰੋਂ ਅੰਦਰੀ ਇਹੋ ਸੋਚ ਰਹੇ ਹੋਣਗੇ - ਕਿੱਥੇ ਫਸ ਗਏ ? ਮੈਨੂੰ ਲੱਗਿਆ ਇਹ ਸਾਰਾ ਇਲਜ਼ਾਮ ਮੋਢੀ ਸਿਰ ਸੀ।

         ਚੁੱਪ ਚਾਪ ਥੋੜੀ ਦੂਰ ਹੀ ਅੱਗੇ ਚੱਲੇ ਸਾਂ ਕਿ ਸਾਨੂੰ ਸਪੀਕਰ ਦੀ ਆਵਾਜ਼ ਸੁਣਾਈ ਦਿੱਤੀ। ਹਵਾ ਪਰਵਾ ਤੋਂ ਪਛਵਾ ਨੂੰ ਚੱਲ ਰਹੀ ਸੀ। ਜਿਉਂ ਜਿਉਂ ਅਸੀਂ ਪਹਾੜੀ ਦੇ ਉੱਤੇ ਚੜ੍ਹ ਰਹੇ ਸੀ, ਸਾਨੂੰ ਸਪੀਕਰ ਦੀ ਆਵਾਜ਼ ਹੋਰ ਸਾਫ਼ ਆਉਣ ਲੱਗੀ।ਸੰਝ ਦੀ ਆਰਤੀ ਹੋ ਰਹੀ ਸੀ। ਇਹ ਸੁਣ ਕੇ ਸਭ ਨੂੰ ਜਿਵੇਂ ਜੀਵਨ ਦਾਨ ਮਿਲ ਗਿਆ ਸੀ। ਉੱਤੇ ਮੰਦਰ ਦੇ ਵਿਹੜੇ ਤੱਕ ਪਹੁੰਚਦਿਆਂ ਹਨ੍ਹੇਰਾ ਉਤਰ ਆਇਆ ਸੀ।

              ਉੱਪਰ ਪਹੁੰਚ ਕੇ ਪਤਾ ਚੱਲਿਆ ਕਿ ਇੱਥੇ ਬਚਣ ਲਈ ਰੋਟੀ ਦੀ ਜ਼ਰੂਰਤ ਨਹੀਂ  ਸਗੋਂ ਸੌਣ ਲਈ ਮਿਲਣ ਵਾਲੇ ਜੁਗਾੜ ਦੀ ਹੈ।‌ ਜਦੋਂ ਨੌਹਰਾ ਧਾਰ ਤੋਂ ਚੱਲੇ ਸਾਂ ਤਾਂ ਅੰਤਾਂ ਦੀ ਗਰਮੀ ਸੀ।‌ਸਾਡੇ ਵਿਚੋਂ ਬਹੁਤਿਆਂ ਨੇ ਤਾਂ ਕਮੀਜ਼ ਵੀ ਅੱਧੀ ਬਾਹਾਂ ਵਾਲੇ ਪਾਏ ਹੋਏ ਸਨ। ਇੱਥੇ ਦੀ ਜਮਾ ਦੇਣ ਵਾਲੀ ਠੰਡ ਦਾ ਹੇਠਾਂ ਆਪਾਂ ਅੰਦਾਜ਼ਾ ਵੀ ਨਹੀਂ ਸੀ ਕਰ ਸਕੇ। ਨਾ ਹੀ ਇਸ ਬਾਰੇ ਸਾਨੂੰ ਕਿਸੇ ਨੇ ਦੱਸਿਆ ਸੀ ਤੇ ਨਾ ਹੀ ਇਸਦੀ ਸਾਨੂੰ ਕੋਈ ਆਮ ਜਾਣਕਾਰੀ  ਹੀ‌ ਸੀ। ਸੋ ਰੋਟੀ ਦੀ ਗੱਲ ਛੱਡ ਅਸੀਂ ਲੁਕਣ ਦੇ ਜੁਗਾੜ ਵੱਲ ਪੈ ਗਏ। ਭਲੇ ਵੇਲੇ ਸਨ।ਚਾਰ ਬੰਦੇ ਖਾਣ ਪੀਣ ਦੇ ਇੰਤਜ਼ਾਮ ਉੱਤੇ ਅਤੇ ਚਾਰ ਜਣੇ ਸਿਰ ਲੁਕਾਉਣ ਲਈ ਪ੍ਰਬੰਧ ਕਰਨ ਵਿੱਚ ਤੁਰੰਤ ਤੈਨਾਤ ਕੀਤੇ ਗਏ।  ਦੋ ਰੁਪਏ ਫੀ ਕੰਬਲ ਮੰਦਰ ਦੀ ਧਰਮਸ਼ਾਲਾ ਵੱਲੋਂ ਦਿੱਤੇ ਜਾ ਰਹੇ ਸਨ। ਅਸੀਂ ਦਸ ਕੰਬਲ ਲਿਆ ਕੇ ਕਮਰੇ ਵਿੱਚ ਲਿਆ ਸੁੱਟੇ। ਅਸੀਂ ਦੇਖਿਆ ਕਿ ਕੁਝ ਕੰਬਲ ਪਹਿਲਾਂ ਵੀ ਕਮਰੇ ਵਿੱਚ ਪਏ ਹੋਏ ਸਨ।  ਪਰ ਇਸ ਗੱਲ ਨੂੰ ਅਸੀਂ ਕੋਈ ਬਹੁਤਾ ਗੌਲਿਆ ਨਾ। ਕੰਬਲ ਸੁੱਟ ਕੇ ਅਸੀਂ ਕੁਝ ਖਾਣ ਲਈ ਨਿਕਲੇ। ਤੈਨਾਤ ਟੀਮ ਨੇ ਦੱਸਿਆ ਕਿ ਇੱਥੇ ਰੋਟੀ ਨਹੀਂ ਪੱਕਦੀ। ਸਿਰਫ਼ ਦਾਲ ਤੇ ਚੌਲ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਮਰਦਾ ਕੀ ਨਾ ਕਰਦਾ। ਹਰ ਇੱਕ ਨੇ ਚੁੱਪ ਕਰਕੇ ਠੰਡੇ ਸੀਤ ਦਾਲ ਚੌਲ ਫ਼ੜ ਕੇ ਦਬਾਸੱਟ ਅੰਦਰ ਸੁੱਟ ਲਏ।

ਖਾ ਪੀ ਕੇ ਕਮਰੇ ਵਿੱਚ ਪਹੁੰਚੇ ਤਾਂ ਉੱਥੇ ਨਜ਼ਾਰਾ ਹੀ ਕੁਝ ਹੋਰ ਸੀ। ਹਿਮਾਚਲ ਦੇ ਚਾਰ ਮੁੰਡੇ ਤੇ ਚਾਰ ਕੁੜੀਆਂ ਕਮਰੇ ਵਿੱਚ ਸਾਥੋਂ ਪਹਿਲਾਂ ਥਾਂ ਮੱਲ ਕਬਜ਼ਾ ਕਰਕੇ ਬੈਠੇ ਸਨ। ਦਸ ਬਾਏ ਬਾਰਾਂ ਦਾ ਕਮਰਾ ਹੋਵੇਗਾ। ਇੱਕ ਪਾਸੇ ਚਾਰ ਕੁੜੀਆਂ ਤੇ ਦੂਜੇ ਪਾਸੇ ਚਾਰ ਮੁੰਡੇ ਕੰਬਲਾਂ ਵਿੱਚ ਲਿਪਟੇ ਗੱਲੀਂ ਲੱਗੇ ਹੋਏ ਸਨ। ਵਿਚਕਾਰ ਅਧ ਜਲੀਆਂ ਲੱਕੜਾਂ ਧੂਣੇ ਵਿੱਚ ਸੁਲਗ ਰਹੀਆਂ ਸਨ। ਇਹ ਧੂਣਾ ਸਾਨੂੰ ਛੇਤੀ ਛੇਤੀ  ਵਿੱਚ ਕੰਬਲ ਸੁੱਟ ਕੇ ਜਾਣ ਵੇਲੇ ਨਜ਼ਰ ਹੀ ਨਹੀਂ ਸੀ ਪਿਆ। ਨਾ ਅਸੀਂ ਕਿਆਸ ਹੀ ਕੀਤਾ ਸੀ। ਇਸ ਤਰ੍ਹਾਂ ਦਾ ਸਾਨੂੰ ਪਹਿਲਾਂ ਤੋਂ ਕੋਈ ਅਨੁਭਵ ਵੀ ਨਹੀਂ ਸੀ।

                ਹੁਣ ਕਮਰੇ ਵਿੱਚ ਸੋਲਾਂ ਜਣੇ ਹੋ ਗਏ ਸਨ ਤੇ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ । ਗੱਲ ਇਹ ਵੀ ਸੀ ਕਿ ਅਸੀਂ ਇੱਕ ਦੂਜੇ ਦੇ ਸਭਿਆਚਾਰ ਤੋਂ ਵਾਕਿਫ਼ ਵੀ ਨਹੀਂ ਸੀ। ਪਹਿਲਾਂ ਅਸੀਂ ਆਏ, ਪਹਿਲਾਂ ਅਸੀਂ ਆਏ ਕਰਦਿਆਂ ਅੱਧਾ ਪੌਣਾ ਘੰਟਾ ਇੰਝ ਹੀ ਬੀਤ ਗਿਆ।

           ਸਾਰੀ ਗੱਲਬਾਤ ਦਾ ਨਿਚੋੜ ਕੱਢਣ ਤੋਂ ਬਾਅਦ ਤੇ ਹਾਲਾਤ ਦੇ ਮੱਦੇਨਜ਼ਰ ਹਰਵਿੰਦਰ ਨੇ ਮੋਰਚਾ ਸੰਭਾਲਿਆ। ਉਸਨੇ ਸਭ ਨੂੰ ਸ਼ਾਂਤ ਤੇ ਚੁੱਪ ਰਹਿਣ ਦੀ ਬੇਨਤੀ ਕਰਦਿਆਂ ਫੈਸਲਾ ਸੁਣਾਇਆ। ਦੇਖੋ- ਇਹ ਥਾਂ ਨਾ ਤਾਂ ਤੁਹਾਡੀ,  ਨਾ ਸਾਡੀ। ਨਾ ਤੁਸੀਂ ਕੱਲ੍ਹ ਇੱਥੇ ਰਹਿਣਾ। ਨਾ ਅਸਾਂ ਨੇ ਰੁਕਣਾ। ਰਾਤ ਹੀ ਕੱਟਣੀ ਹੈ, ਮਿਲ ਬੈਠ ਕੇ ਕੱਟ ਲੈਂਦੇ ਹਾਂ। ਹੁਕਮ ਸਿਰ ਮੱਥੇ। ਮੁੰਡੇ ਉੱਠ ਕੇ ਕੁੜੀਆਂ ਵਾਲੀ ਸਾਈਡ ਵਿੱਚ ਚਲੇ ਗਏ। ਹੁਣ ਧੂਣੀ ਦੇ ਦੋਵੀਂ ਪਾਸੀਂ ਅੱਠ ਅੱਠ ਜੀਅ ਸਨ। ਹਿਮਾਚਲ ਬਨਾਮ ਪੰਜਾਬ। ਸਵਾਲ ਪੈਦਾ ਹੋਇਆ ਕਿ ਆਖਿਰ ਰਾਤ ਕਿਵੇਂ ਗੁਜ਼ਾਰੀ ਜਾਵੇ। ਫੈਸਲਾ ਹੋਇਆ- ਮਿਲ ਕੇ ਗੁਜਾਰਾਂਗੇ ਰਾਤ, ਅੱਲਾ ਕਰੇ ਦਿਨ ਨਾ ਚੜ੍ਹੇ।

      ਜਾਨੀ ਹਰ ਕਿਸੇ ਨੇ ਜੋ ਵੀ ਕਿਸੇ ਨੂੰ ਕੁਝ ਆਉਂਦਾ ਹੈ ਜ਼ਰੂਰ ਪੇਸ਼ ਕਰਨਾ ਹੈ। ਪਹਿਲਾ ਦੌਰ ਕਵਿਤਾ, ਗ਼ਜ਼ਲ, ਗੀਤ ਤੇ ਟੱਪਿਆਂ ਦਾ ਸ਼ੁਰੂ ਹੋਇਆ। ਜਿਸਦਾ ਨਬੇੜਾ ਤਕਰੀਬਨ ਤਕਰੀਬਨ ਦੋਵੇਂ ਧਿਰਾਂ ਬਰੋਬਰ ਛੁਟੀਆਂ। ਅਗਲਾ ਪੜਾਅ ਨੱਚਣ ਕੁੱਦਣ ਜਾਨੀ ਭੰਗੜੇ, ਗਿੱਧੇ ਦਾ ਸੀ। ਫੇਰ ਕੀ ਸੀ ਪੰਜਾਬੀਆਂ ਨੇ ਜਿੰਨੀ ਕੁ ਥਾਂ ਦਸ ਬਾਏ ਬਾਰਾਂ ਦੇ ਕਮਰੇ ਵਿੱਚ ਇੱਕ ਧੂਣੀ ਤੇ ਸੋਲਾਂ ਬੰਦਿਆਂ ਤੋਂ ਬਾਅਦ ਬਚੀ ਸੀ ਉੱਤੇ ਮੰਚ ਸਜ਼ਾ ਲਿਆ। ਪੰਜਾਬੀਆਂ ਕੋਲ ਇੰਨੀ ਕੁ ਥਾਂ ਵਿੱਚ ਭਲਾ ਕੀ ਪਰਫੌਰਮੈਂਸ ਹੌਣੀ ਸੀ। ਦੂਜਾ ਸਾਡਾ ਗੀਤ ਸੰਗੀਤ ਸਾਡੇ ਖਾਣ ਪੀਣ ਵਾਂਗ ਤੇਜ਼ ਅਤੇ ਮਟਕਵਾਂ ਹੋਣ‌ ਕਾਰਨ ਛੇਤੀ ਹੀ ਥੱਕ ਕੇ ਬੈਠ ਜਾਂਦੇ। ਉਨ੍ਹਾਂ ਦਾ ਗਿੱਧਾ ਤੇ ਪਹਾੜੀ ਗੀਤ ਸੰਗੀਤ ਮੱਠੀ ਮੱਠੀ ਰੁਮਕਦੀ ਹਵਾ ਵਰਗਾ ਕੂਲਾ ਤੇ ਸਾਵਾਂ। ਉਹ ਇੱਕ ਥਾਂ ਉੱਤੇ ਖੜ੍ਹੇ ਹੋ ਕੇ ਹੀ ਲੱਕ ਤੋਂ ਉਤਲਾ ਹਿੱਸਾ ਹਿਲਾਉਂਦੇ ਤੇ ਗਾਉਂਦੇ ਰਹਿੰਦੇ।

ਪਹਾੜੀ ਚੋਟੀ ਦੀ ਠਰੀ ਹੋਈ ਰਾਤ ਦਾ ਕੋਈ ਦੋ‌ ਵਜੇ ਤੋਂ ਉੱਤੇ ਦਾ ਸਮਾਂ ਹੋਵੇਗਾ ਜਦੋਂ ਨਾਲ ਵਾਲੇ ਕਮਰੇ ਵਿੱਚੋਂ ਇਸ ਕਮਰੇ ਵਿੱਚ ਬਣੀ ਚਾਰ ਇੱਟਾਂ ਦੀ ਮੋਰੀ ਜਿੰਨੇ ਰਖਨੇ ਵਿਚੋਂ ਸਾਨੂੰ ਉੱਧਰਲੇ ਕਮਰੇ ਵਿੱਚ ਰਾਤ ਕੱਟ ਰਹੇ ਕੁਝ ਧਾਰਮਿਕ ਯਾਤਰੂਆਂ ਦੀ ਧਮਕੀ ਮਿਲੀ - ਸੌਂਦੇ ਹੋ ਚੁਪ ਕਰਕੇ ਕਿ ਹੁਣੇ ਬੁਲਾਈਏ ਮਹੰਤ ਜੀ ਨੂੰ। ਧਮਕੀ ਵਾਲੀ ਤਾਂ ਉਂਝ ਕੋਈ ਪਰਵਾਹ ਨਹੀਂ ਸੀ ਪਰ ਬਲ ਰਹੀ ਧੂਣੀ ਦੇ ਆਸਰੇ ਨੇ ਸਾਨੂੰ ਬਾਹਰ ਪੈ‌ ਰਹੇ ਕੱਕਰ ਵਿੱਚੋਂ  ਕੋਈ ਇੱਕ ਚੁਣਨ ਲਈ ਸਲਾਹ ਦਿੱਤੀ ਤਾਂ ਅਸੀਂ ਸਾਰੇ ਚੁੱਪ ਕਰਕੇ ਧੂਣੀ ਦੇ ਚੁਫੇਰੇ ਗੋਡੇ ਕੱਠੇ ਕਰਕੇ ਲਾਸ਼ਾਂ ਵਾਂਗੂੰ ਲੁੜਕ ਗਏ।

            ਰਾਤ ਵਾਲੀ ਤੂੰ ਤੂੰ ਤੇ ਮੈਂ ਮੈਂ ਤੋਂ ਸ਼ੁਰੂ ਹੋਈ ਇਹ ਮੁਲਾਕਾਤ ਸਵੇਰੇ ਸੂਰਜ ਚੜ੍ਹਦੇ ਤੀਕ ਮਿੱਤਰਤਾ ਵਿੱਚ ਬਦਲ ਚੁੱਕੀ ਸੀ। ਸਾਨੂੰ ਸਾਰਿਆਂ ਨੂੰ ਸਮਝ ਆਈ ਕਿ ਦੇਸ਼ ਪਰਦੇਸ਼ ਘੁੰਮਣ ਨਾਲ ਕਿਵੇਂ ਬੰਦੇ ਵਿੱਚ ਔਖੇ ਸਮੇਂ ਨੂੰ ਸੌਖੇ ਸਮੇਂ ਵਿੱਚ ਬਦਲ ਲੈਣ ਦੀ ਸਮਝ ਵਧਦੀ ਹੈ ਤੇ ਕਿਵੇਂ ਇੱਕ ਲੈਵਲ ਉੱਤੇ ਆ ਕੇ ਹਊਮੈ ਨੂੰ ਤਿਆਗ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਸਵੇਰ ਦੇ ਸੂਰਜ ਦੀ ਟਿੱਕੀ ਆਪਣੀ  ਕੋਸੀ ਕੋਸੀ ਰੋਸ਼ਨੀ ਨਾਲ ਸਾਨੂੰ ਸਭ ਨੂੰ ਦੁਲਾਰ ਰਹੀ ਸੀ। ਸਭ ਨੇ ਇੱਕਠੇ ਬਹਿ ਕੇ ਚਾਹ ਪੀਤੀਬਿਸਕੁਟ ਤੇ ਹੋਰ ਨਿੱਕ ਸੁੱਕ ਖਾਧਾ। ਇੱਕਠਿਆਂ ਹੋ ਕੇ ਗਰੁੱਪ ਫੋਟੋ ਖਿੱਚੀ ਗਈ। ਇਲਾਕੇ ਇਲਾਕੇ ਦਾ ਭੇਦ ਭਾਵ ਜਾਂਦਾ ਰਿਹਾ। ਅਸੀਂ ਤਾਂ ਉਂਜ ਵੀ ਇੱਕ ਹੀ ਪ੍ਰਦੇਸ਼ ਦੇ ਵਾਸੀ ਸਾਂ ਜਿਸਨੂੰ ਕੁੱਝ ਸੌੜੀ ਸੋਚ ਦੇ ਰਾਜਨੀਤਕ ਲੋਕਾਂ ਨੇ ਵੰਡ ਕੇ ਧਰ ਦਿੱਤਾ ਸੀ। ਰੀਲਾਂ ਦੇ ਜ਼ਮਾਨੇ ਵਾਲੇ ਉਨ੍ਹਾਂ ਕੈਮਰਿਆਂ ਨਾਲ ਖਿੱਚੀਆਂ ਤਸਵੀਰਾਂ ਤਾਂ ਅੱਜ ਪਤਾ ਨਹੀਂ ਕਿੱਥੇ ਗੁਆਚ ਗਈਆਂ ਹਨ। ਪਰ ਮਨ ਦੇ ਸਾਦ ਮੁਰਾਦੇ ਸ਼ੀਸ਼ੇ ਉੱਤੇ ਸਦੀ ਦੇ ਚੌਥੇ ਹਿੱਸੇ ਤੋਂ ਵੀ ਵੱਧ ਸਮਾਂ ਗੁਜ਼ਰ ਜਾਣ ਬਾਅਦ ਵੀ ਜਿਉਂ ਦੀ ਤਿਉਂ ਉੱਕਰੀਆਂ ਪਈਆਂ ਹਨ।

ਸੰਪਰਕ -

ਗੁਰਮਾਨ ਸੈਣੀ

ਪਿੰਡ ਜੈ ਸਿੰਘ ਪੁਰਾ

ਸੈਕਟਰ -27,ਪੰਚਕੂਲਾ

ਹਰਿਆਣਾ

ਮੋਬਾਈਲ 9256346906


 Contact -

Gurman Saini

Village Jai Singh Pura

Sector-27, Panchkula

Haryana

Mobile – 9256346906

ਪਿਛਲੀ ਕਿਸ਼ਤ ਪੜ੍ਹਨ ਲਈ ਕਲਿਕ ਕਰੋ -

ਚੂਹੜਧਾਰ ਦੀ ਫ਼ਤਿਹ -2



Post a Comment

0 Comments