ਕੁੱਤੇ ਦੇ ਵੱਢਿਓ

ਸਿਸਟਰ ਨੇ ਹੱਸਦਿਆਂ ਇੱਕ ਮੇਰੇ ਵਰਗੇ ਮਰੀਜ਼ ਬਾਰੇ ਜਾਣਕਾਰੀ ਦਿੱਤੀ।"ਜਦੋਂ ਉਸਦਾ ਕੋਰਸ ਪੂਰਾ ਹੁੰਦਾ ਹੈ,ਉਹਨੂੰ ਕੁਝ ਦਿਨਾਂ ਬਾਅਦ ਫੇਰ ਕੁੱਤਾ ਵੱਢ ਲੈਂਦਾ ਹੈ। ਉਹ ਵਿਚਾਰਾ ਅਕਸਰ ਇੱਥੇ ਆਉਂਦਾ ਰਹਿੰਦਾ ਹੈ

ਵਿਅੰਗ

ਕੁੱਤੇ ਦੇ ਵੱਢਿਓ/ ਗੁਰਮਾਨ ਸੈਣੀ

ਮੈਂ ਇੱਕ ਘਰ ਵਿੱਚ ਅਖ਼ਬਾਰ ਸੁੱਟਣ ਲਈ ਵਗਾਹ ਕੇ ਮਾਰਿਆ। ਜਿੰਨੀ ਸਪੀਡ ਨਾਲ ਅਖ਼ਬਾਰ ਘਰ ਵੱਲ ਗਿਆ ਘਰ ਦੇ ਬਾਹਰ ਬੈਠਾ ਕੁੱਤਾ ਉਨੀਂ ਸਪੀਡ ਨਾਲ ਮੇਰੇ ਵੱਲ।

"ਅੱਜ ਕੱਲ੍ਹ ਮੈਂ ਕੁੱਤੇ ਦਾ ਵੱਢਿਆ ਕਹਾਉਂਦਾ ਹਾਂ।"

ਹਲਕ ਵੀ ਸਕਦਾ ਹਾਂ, ਭਾਈ ਬਚ ਕੇ ਰਿਹੋ।

ਅਖ਼ਬਾਰਾਂ ਦਾ ਕੰਮ ਨਬੇੜ ਕੇ ਪਿੰਡ ਦੀ ਡਿਸਪੈਂਸਰੀ ਪਹੁੰਚਿਆ। ਸੋਚਿਆ, ਕੁੱਤੇ ਦੀ ਮਾਂ ਦੀ...। ਪੰਜ ਰੁਪਏ ਦੀ ਪਰਚੀ ਨਾਲ ਕੰਮ ਚੱਲ ਜਾਣਾ।

 ਲਾਈਨ ਵਾਲੀ ਚੌਰਾਸੀ ਭੁਗਤ ਕੇ ਪਰਚੀ ਬਣਾਉਣ ਤੋਂ ਬਾਅਦ ਸਬੰਧਤ ਡਾਕਟਰ ਨੂੰ ਦਿਖਾਇਆ।  ਪੁੱਛ ਪੁਛਾ ਕੇ ਡਾਕਟਰ ਨੇ ਨੁਕਤਾ ਤੇ  ਟੀਕਾ ਲਿਖ ਦਿੱਤਾ। ...ਕੁੱਤੇ ਦੇ ਵੱਢੇ ਦਾ ਟੀਕਾ।

ਟੀਕੇ ਵਾਲੇ ਪੰਦਰਾਂ ਨੰਬਰ ਕਾਉੰਟਰ ਤੇ, ' ਜੀ , ਕੁੱਤੇ ਦੇ ਵੱਢੇ ਦਾ ਟੀਕਾ ਲਿਖਿਆ ਡਾਕਟਰ ਸਾਹਿਬ ਨੇ।'

"ਪਰਚੀ ?

"ਕਾਰਡ ਆ ਜੀ, ਇਹਦੇ 'ਤੇ ਹੀ ਲਿਖਿਆ।"

'ਇੱਕ ਨੰਬਰ 'ਤੇ ਸੌ ਰੁਪਏ ਦੀ ਪਰਚੀ ਕਟਾ ਕੇ ਆਓ। '

ਪੰਜ ਤੋਂ ਇੱਕ ਸੌ ਪੰਜ ਰੁਪਏ ਹੋ ਗਏ।

ਡਿਸਪੈਂਸਰੀ ਵਾਲਾ ਭਰਮ ਟੁੱਟਦਾ ਲੱਗਿਆ।

ਟੀਕਾ ਲੁਆਉਣ ਤੋਂ ਬਾਅਦ ਸਿਸਟਰ ਨੂੰ ਪੁੱਛਿਆ ਫੇਰ ਕਦੋਂ ਲੱਗਣਾ ?

ਚਾਰ ਹੋਰ ਲੱਗਣਗੇ...

ਤਿੰਨ ਦਿਨ ਬਾਅਦ..

ਸੱਤ ਦਿਨ ਬਾਅਦ...

ਚੌਦਾਂ ਦਿਨਾਂ ਬਾਅਦ...

ਅਠਾਈ ਦਿਨਾਂ ਬਾਅਦ..।

ਲੈ ਸਾਲਾ ਕੁੱਤੇ ਦਾ ਵੱਢਣਾ ਨਾ ਹੋਇਆ ਕੈਂਸਰ ਦਾ ਕੇਸ ਹੋ ਗਿਆ !

ਤਿੰਨ ਦਿਨ ਬਾਅਦ...

ਟੀਕਾ ਲੱਗਣਾ ਸੀ ਜੀ, ਕੁੱਤੇ ਦੇ ਵੱਢੇ ਦਾ।

ਪਰਚੀ ਕਟਾ ਕੇ ਲਿਆਓ ਇੱਕ ਨੰਬਰ ਤੋਂ ਸੌ ਰੁਪਏ ਦੀ।

ਹਰ ਵਾਰ ਦੀ ਲੱਗਣੀ ਜੀ ਸੌ ਰੁਪਏ ਦੀ ?

ਆਹੋ..!

ਪੰਜ ਰੁਪਏ ਦੀ ਪਰਚੀ ਵਾਲਾ ਨਸ਼ਾ ਕਾਫੂਰ ਹੋ ਗਿਆ।

ਸੋਚਿਆ ਜੇ ਪੰਜ ਸੌ ਰੁਪਏ ਦੇ ਬਿਸਕੁਟ ਹੀ ਖਵਾ ਦਿੰਦਾ ਕੁੱਤਿਆਂ ਨੂੰ ਤਾਂ ਸ਼ਾਇਦ ਭਾਈਬੰਦ ਸਮਝ ਕੇ ਨਾ ਵੱਢਦੇ।

ਤੀਜੇ ਟੀਕੇ ਤੋਂ ਬਾਅਦ ਸੈਕਟਰ ਦੇ ਐਮ. ਸੀ. ਨੂੰ ਫੋਨ ਕੀਤਾ।

"ਜੀ ! ਕੁੱਤੇ ਬਹੁਤ ਹੋ ਗਏ ਸੈਕਟਰ ਵਿੱਚ।"

ਐਮ. ਸੀ. , "ਜੀ ਸੈਕਟਰ ਵਿੱਚ ਕੀ, ਸਾਰੇ ਸ਼ਹਿਰ ਦਾ ਇਹੋ ਹਾਲ ਹੈ।"

 "ਜੀ ਕਹੋ ਕੁਝ ਦਫ਼ਤਰ ਵਾਲਿਆਂ ਨੂੰ।"

ਐਮ. ਸੀ. "ਲੈ ! ਉੱਥੇ ਤਾਂ ਇਹਦੇ ਨਾਲੋਂ ਵੀ ਜ਼ਿਆਦਾ ਭਰੇ ਪਏ ਆ।"

ਜਿਹਨੂੰ ਕਹੋ ਬਿਸਕੁਟ ਮੰਗਦੇ ਆ। ਚਾਹ ਪਾਣੀ ਤਾਂ ਪਹਿਲਾਂ  ਚੱਲਦਾ ਹੀ ਹੈ।

ਤੀਜੇ ਟੀਕੇ ਵੇਲੇ ਮੈਂ ਸਿਸਟਰ ਨੂੰ ਹੱਸਦਿਆਂ ਕਿਹਾ, " ਮੇਰੀ ਹੋਈ ਜੀ ਫੇਰ ਉਹਦੇ ਨਾਲ ਮੁਲਾਕਾਤ, ਇੱਕ ਦੋ ਵਾਰੀ। ਉਹ ਤਾਂ ਭੌਂਕਦਾ ਫਿਰਦਾ ਜੀ ਮਾਰਕੀਟ ਤੇ ਕੋਠੀਆਂ ਵਿਚਕਾਰ। ਸਾਲਾ ਮੈਨੂੰ ਇੱਥੇ ਦਿਆਂ ਚੱਕਰਾਂ ਵਿੱਚ ਪਾ ਗਿਆ।"

ਸਿਸਟਰ ਨੇ ਹੱਸਦਿਆਂ ਇੱਕ ਮੇਰੇ ਵਰਗੇ ਮਰੀਜ਼ ਬਾਰੇ ਜਾਣਕਾਰੀ ਦਿੱਤੀ।

"ਜੀ, ਜਦੋਂ ਉਸਦਾ ਕੋਰਸ ਪੂਰਾ ਹੁੰਦਾ ਹੈ, ਉਹਨੂੰ ਕੁਝ ਦਿਨਾਂ ਬਾਅਦ ਫੇਰ ਕੁੱਤਾ ਵੱਢ ਲੈਂਦਾ ਹੈ। ਉਹ ਵਿਚਾਰਾ ਅਕਸਰ ਇੱਥੇ ਆਉਂਦਾ ਰਹਿੰਦਾ ਹੈ।

ਮੈਂਨੂੰ ਲੱਗਿਆ ਸਾਡੀ ਅਫਸਰ ਸ਼ਾਹੀ ਤੇ ਸਾਡੇ ਚੁਣੇ ਹੋਏ ਨੁਮਾਇੰਦੇ ਕੁੱਤਿਆਂ ਹਾਰ ਸਾਨੂੰ ਵੱਢਣ 'ਤੇ ਲੱਗੇ ਹੋਏ ਹਨ। ਤੇ ਅਸੀਂ ਜਾਨ ਬਚਾਉਣ ਲਈ ਟੀਕੇ ਲਗਵਾਉਣ ਲਈ ਭੱਜ ਰਹੇ ਹਾਂ। ਉਹ ਵੀ ਵੋਟ ਪਾ ਕੇ। ਟੈਕਸ ਦੇ ਕੇ। ਹੱਥ ਜੋੜ ਕੇ।

"ਲੱਗਦਾ ਨਹੀਂ ਕਿ ਹੁਣ ਕੁੱਤਿਆਂ ਦਾ ਕੋਈ ਸਥਾਈ ਹੱਲ ਹੋਣਾ ਚਾਹੀਦਾ ਹੈ ? ਜ਼ਿਆਦਾ ਨਹੀਂ ਤਾਂ ਪਰਿਵਾਰ ਵਧਣ ਤੋਂ ਬਚਾਓ ਲਈ ਨਸਬੰਦੀ ਹੀ ਸਹੀ।"

ਕਰੋ ਫਿਰ ਤਿਆਰੀ।

ਨਹੀਂ ਤਾਂ ਲੈ!

ਕੁੱਤੇ ਨੇ ਵੱਢਿਆ ਕਿ ਵੱਢਿਆ।

ਗੁਰਮਾਨ ਸੈਣੀ

ਪਿੰਡ ਜੈ ਸਿੰਘ ਪੁਰਾ

ਸੈਕਟਰ -27,ਪੰਚਕੂਲਾ

ਹਰਿਆਣਾ

ਮੋਬਾਈਲ – 8360487488


ਇਹ ਵੀ ਪਸੰਦ ਕਰੋਗੇ -

ਦੰਦਾਂ ਦੇ ਇਲਾਜ਼ ਬਹਾਨੇ

 

Post a Comment

0 Comments