ਡਾ. ਗੁਰਬਖ਼ਸ਼ ਸਿੰਘ ਫਰੈਂਕ ਨਹੀਂ ਰਹੇ


ਡਾ. ਗੁਰਬਖ਼ਸ਼ ਸਿੰਘ ਫਰੈਂਕ ਦਾ ਅਕਾਲ ਚਲਾਣਾ


ਚੰਡੀਗੜ੍ਹ :ਬਿਊਰੋ

ਪੰਜਾਬੀ ਦੇ ਉਘੇ ਆਲੋਚਕ, ਸਭਿਆਚਾਰ ਵਿਗਿਆਨੀ ਅਤੇ ਅਨੁਵਾਦਕ ਡਾ. ਗੁਰਬਖ਼ਸ਼ ਸਿੰਘ ਫਰੈਂਕ ਜੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਜਨਮ ਮਾਤਾ ਕ੍ਰਿਸ਼ਨ ਕੌਰ ਤੇ ਪਿਤਾ ਪਰਤਾਪ ਸਿੰਘ ਦੇ ਘਰ 1 ਸਤੰਬਰ 1935 ਨੂੰ ਹੋਇਆ ਸੀ।  ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਪੰਜਾਬੀ ਅਧਿਅਨ ਸਕੂਲ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ  ਸਨ।  ਉਨ੍ਹਾਂ ਨੇ 'ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ', 'ਸਭਿਆਚਾਰ ਅਤੇ ਪੰਜਾਬੀ ਸਭਿਆਚਾਰ', 'ਸਾਹਿਤ ਅਤੇ ਸੰਬਾਦਕਤਾ' ਅਤੇ 'ਰੂਸੀ ਪੰਜਾਬੀ ਸ਼ਬਦ-ਕੋਸ਼' ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਨ੍ਹਾਂ ਨੇ ਰੂਸੀ ਸਾਹਿਤਕਾਰਾਂ ਲਿਓ ਟਾਲਸਤਾਏ, ਮੈਕਸਿਮ ਗੋਰਕੀ, ਬੋਰਿਸ ਪੋਲੇਵੋਈ, ਚੰਗੇਜ਼ ਆਇਤਮਾਤੋਵ, ਵੇਰਾ ਪਨੋਵ, ਰਸੂਲ ਹਮਜ਼ਾਤੋਵ ਅਤੇ ਵਬਰੋਦੋਵ ਦੇ ਸੰਸਾਰ ਪ੍ਰਸਿਧ ਸਾਹਿਤ ਦਾ ਪੰਜਾਬੀ ਅਨੁਵਾਦ ਕੀਤਾ। ਉਨ੍ਹਾਂ ਦੀਆਂ ਅਨੁਵਾਦਤ ਪੁਸਤਕਾਂ ਵਿਚੋਂ 'ਮੇਰਾ ਦਾਗਿਸਤਾਨ', 'ਅਸਲੀ ਇਨਸਾਨ ਦੀ ਕਹਾਣੀ', 'ਪਾਦਰੀ ਸੇਰਗਈ', 'ਫ਼ਿਲਾਸਫ਼ੀ ਕੀ ਹੈ?' ਅਤੇ 'ਮਨੁੱਖ ਦਾ ਜਨਮ' ਬਹੁਤ ਮਕਬੂਲ ਹੋਈਆਂ। ਉਨ੍ਹਾਂ ਨੇ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਰਚਨਾਵਾਂ ਦਾ ਵੀ ਪੰਜਾਬੀ ਅਨੁਵਾਦ ਕੀਤਾ। ਅਨੁਵਾਦਕ ਵੱਜੋਂ ਉਨ੍ਹਾਂ ਦੀ ਸਾਹਿਤਕ ਘਾਲਣਾ ਨੂੰ ਸਾਲ 2011 ਵਿਚ ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਨਮਾਨ ਦੇ ਕੇ ਨਿਵਾਜ਼ਿਆ ਗਿਆ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ.ਗੁਰਬਖ਼ਸ਼ ਸਿੰਘ ਫਰੈਂਕ   ਦੇ ਸਦੀਵੀ ਵਿਛੋੜੇ ਨਾਲ ਅਸੀਂ ਇਕ ਸੁਹਿਰਦ ਸਾਹਿਤਕਰਮੀ ਅਤੇ ਸਮਰੱਥ ਅਨੁਵਾਦਕ ਤੋਂ ਵਾਂਝੇ ਹੋ ਗਏ ਹਾਂ। ਉਨ੍ਹਾਂ ਕਿਹਾ ਕਿ ਕੇਂਦਰੀ ਸਭਾ ਦੀ ਸਮੁੱਚੀ ਕਾਰਜਕਾਰਨੀ ਡਾ. ਗੁਰਬਖ਼ਸ਼ ਸਿੰਘ ਫਰੈੰਕ ਨੂੰ ਸ਼ਰਧਾ ਸੁਮਨ ਭੇਂਟ ਕਰਦੀ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹੈ।

Post a Comment

0 Comments