ਅਮਨ ਸ਼ਾਂਤੀ ਦੀਆਂ ਕਵਿਤਾਵਾਂ


ਜੰਗਾਂ ਹਮੇਸ਼ਾ ਤੋਂ ਹੀ ਮਨੁੱਖੀ ਤਬਾਹੀ ਦਾ ਕਾਰਨ ਬਣਦੀਆਂ ਰਹੀਆਂ ਹਨ । ਜੰਗ ਮਨੁੱਖੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਨਾਲ ਜੀਵਨ ਅਤੇ ਸੰਪਤੀ ਦਾ ਘਾਣ ਕਰਦੀ ਹੈ। ਜਿੱਥੇ ਸ਼ਾ
ਕ ਜੰਗਾਂ ਸਿਰਜਦੇ ਹਨ ਉੱਥੇ ਸ਼ਾਂਤੀ ਪਸੰਦ ਲੋਕ ਇਨ੍ਹਾਂ ਦੀ ਮੁਖਾਲਫ਼ਤ ਕਰਦੇ ਆਏ ਹਨ। ਸ਼ਾਇਰਾਂ ਨੇ ਜੰਗ ਦੇ ਖਿਲਾਫ ਅਮਨ ਸ਼ਾਂਤੀ ਦੇ ਸੁਨੇਹੇ ਵਾਲੀਆਂ ਕਵਿਤਾਵਾਂ ਲਿਖੀਆਂ ਹਨ। ਅਦਾਰਾ “ ਸਾਹਿਤਕ ਸਾਂਝ '' ਰੂਸ ਅਤੇ ਯੂਕ੍ਰੇਨ ਦੀ ਜੰਗ ਵਿਚਾਲੇ ਮਾਰੇ ਗਏ ਲੋਕਾਂ ਦੇ ਨਾਮ ਅਮਨ ਲਹਿਰ ਦੇ ਕਵੀਆਂ ਨੂੰ ਯਾਦ ਕਰ ਰਿਹਾ ਹੈ। ਜਿਨ੍ਹਾਂ ਨੇ ਜੰਗਬਾਜ਼ਾਂ ਖਿਲਾਫ਼ ਆਪਣਾ ਝੰਡਾ ਬੁਲੰਦ ਕੀਤਾ ਅਤੇ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੱਤਾ। ਇੱਥੇ ਅਸੀਂ ਪ੍ਰੋਫੈਸਰ ਮੋਹਨ ਸਿੰਘਸਾਹਿਰ ਲੁਧਿਆਣਵੀਬਾਵਾ ਬਲਵੰਤ ਅਤੇ ਡਾ.ਦੀਵਾਨ ਸਿੰਘ ਕਾਲੇਪਾਣੀ ਦੀਆਂ ਅਮਨ ਸ਼ਾਂਤੀ ਦੀਆਂ ਕੁੱਝ ਕਾਵਿ ਰਚਨਾਵਾਂ ਦੇ ਰਹੇ ਹਾਂ। 

-ਸਰਬਜੀਤ ਧੀਰ


 

======================== 


ਪ੍ਰੋਫੈਸਰ ਮੋਹਨ ਸਿੰਘ

ਜਨਮ 20 ਸਤੰਬਰ 1905

ਮਰਦਾਨ (ਪਾਕਿਸਤਾਨ )

ਦੇਹਾਂਤ : 3 ਮਈ, 1978

ਲੁਧਿਆਣਾ (ਭਾਰਤੀ ,ਪੰਜਾਬ)

 

 

ਪ੍ਰੋਫ਼ੈਸਰ ਮੋਹਨ ਸਿੰਘ ਦੇ 2 ਅਮਨ ਗੀਤ

 

(1)

 ਤੁਰਿਆ ਅਮਨ ਦਾ ਕਾਫ਼ਲਾ

ਜਹਾਨ ਨਾਲ ਹੈ,

ਕਾਮਗਰ ਨਾਲ ਹੈ,

ਕਿਸਾਨ ਨਾਲ ਹੈ ।

 

ਹੋਇਆ ਕੀ ਜੰਗਬਾਜ਼ ਜੇ

ਖੌਰੂ ਨੇ ਪਾ ਰਹੇ,

ਭਾਂਬੜ ਮਚਾ ਰਹੇ,

ਲੋਕਾਂ ਦੇ ਹੜ੍ਹ ਵੀ ਜ਼ੋਰਾਂ ਵਿਚ

ਵਧਦੇ ਨੇ ਆ ਰਹੇ ।

ਅੱਗਾਂ ਬੁਝਾ ਰਹੇ ਨੇ ਤੇ

ਕਿਲ੍ਹਿਆਂ ਨੂੰ ਢਾ ਰਹੇ,

ਕੈਸਾ ਕਮਾਲ ਹੈ !

ਦੈਂਤਾਂ ਤੇ ਪੁੱਠੀ ਪੈ ਗਈ

ਦੈਂਤਾਂ ਦੀ ਚਾਲ ਹੈ,

ਤੁਰਿਆ ਅਮਨ ਦਾ ਕਾਫ਼ਲਾ

ਇਕ ਤਾਰ ਹਿੱਲਿਆ,

ਇਕ ਤਾਰ ਹਿੱਲਿਆ ਅਜੇ

ਅਮਨਾਂ ਦੇ ਸਾਜ਼ ਦਾ,

ਜਨਤਕ ਅਵਾਜ਼ ਦਾ,

ਪੂਣੀ ਦੇ ਵਾਂਗ ਹੋ ਗਿਆ

ਰੰਗ ਜੰਗਬਾਜ਼ ਦਾ,

ਭਾਂਡਾ ਚੁਰਾਹੇ ਭੱਜਿਆ,

ਐਟਮ ਦੇ ਰਾਜ਼ ਦਾ,

ਕੈਸਾ ਕਮਾਲ ਹੈ !

ਲੋਕਾਂ ਦੀ ਜਿਤ ਬਣ ਰਹੀ,

ਦੈਂਤਾਂ ਦਾ ਕਾਲ ਹੈ,

ਤੁਰਿਆ ਅਮਨ ਦਾ ਕਾਫ਼ਲਾ ……

 


(2)

ਝਟ ਅਮਨ ਦੇ ਝੰਡੇ ਹੇਠ ਜੁੜੋ

ਨਹੀਂ ਬਚਣਾ ਇਹ ਸੰਸਾਰ ਨਹੀਂ ।

ਕਦ ਦਰ ਦੋਜ਼ਖ਼ ਦੇ ਖੋਲ੍ਹ ਦੇਣ

ਜੰਗਬਾਜ਼ਾਂ ਦਾ ਇਤਬਾਰ ਨਹੀਂ ।

 

ਸਭ ਅੰਨ ਅਨਾਜ ਗ਼ਰੀਬਾਂ ਦਾ,

ਗੋਦਾਮਾਂ ਦੇ ਵਿਚ ਦਫ਼ਨ ਪਿਆ ।

ਸਭ ਦੁਨੀਆਂ ਦਾ ਲੋਹਾ ਕੋਇਲਾ,

ਹਥਿਆਰਾਂ ਦੇ ਵਿਚ ਬਦਲ ਗਿਆ ।

ਦੈਂਤਾਂ ਦੀਆਂ ਭੱਠੀਆਂ ਗਰਮ ਸਦਾ

ਲੋਕਾਂ ਚੁਲ੍ਹੇ ਅੰਗਿਆਰ ਨਹੀਂ ।

 

ਲੱਖ ਰੱਤੇ ਚੂੜੇ ਕੜਕ ਗਏ,

ਲਖ ਵਹੁਟੀਆਂ ਦੇ ਸੁਹਾਗ ਲੁਟੇ,

ਫੁਲ ਹਸਦੇ ਬਾਲਾਂ ਬੱਚਿਆਂ ਦੇ,

ਦੋਹਾਂ ਜੰਗਾਂ ਨੇ ਸਾੜ ਸੁਟੇ ।

ਮੁੜ ਤੀਜੇ ਜੰਗ ਦੀ ਭੱਠੀ ਵਿਚ,

ਅਸਾਂ ਲੂਹਣਾ ਇਹ ਗੁਲਜ਼ਾਰ ਨਹੀਂ ।

 

ਸੌਂਹ ਕਲਾ ਸੰਗੀਤ ਤੇ ਕਵਿਤਾ ਦੀ,

ਸੌਂਹ ਇਸ਼ਕ ਹੁਸਨ ਤੇ ਖੇੜਿਆਂ ਦੀ,

ਸੌਂਹ ਖੁਰਲੀ ਬੱਧੇ ਡੰਗਰਾਂ ਦੀ,

ਸੌਂਹ ਵਸਦੇ ਰਸਦੇ ਵੇਹੜਿਆਂ ਦੀ,

ਅਸਾਂ ਬਣਨਾ ਧੋਖੇ ਵਿਚ ਆ ਕੇ

ਜੰਗਬਾਜ਼ਾਂ ਦਾ ਹਥਿਆਰ ਨਹੀਂ ।

 

=======================

 

ਸਾਹਿਰ ਲੁਧਿਆਣਵੀ

ਜਨਮ : 8 ਮਾਰਚ1921

ਲੁਧਿਆਣਾ

ਦੇਹਾਂਤ : 25 ਅਕਤੂਬਰ1980

ਮੁੰਬਈ

 

 

ਖ਼ੂਨ ਅਪਨਾ ਹੋ ਯਾ ਪਰਾਯਾ ਹੋ

 

ਖ਼ੂਨ ਅਪਨਾ ਹੋ ਯਾ ਪਰਾਯਾ ਹੋ

ਨਸਲੇ ਆਦਮ ਕਾ ਖ਼ੂਨ ਹੈ ਆਖ਼ਿਰ

ਜੰਗ ਮਗ਼ਰਿਬ ਮੇਂ ਹੋ ਕਿ ਮਸ਼ਰਿਕ ਮੇਂ

ਅਮਨੇ ਆਲਮ ਕਾ ਖ਼ੂਨ ਹੈ ਆਖ਼ਿਰ

ਬਮ ਘਰੋਂ ਪਰ ਗਿਰੇਂ ਕਿ ਸਰਹਦ ਪਰ

ਰੂਹੇ-ਤਾਮੀਰ ਜ਼ਖ਼ਮ ਖਾਤੀ ਹੈ

ਖੇਤ ਅਪਨੇ ਜਲੇਂ ਯਾ ਔਰੋਂ ਕੇ

ਜ਼ੀਸਤ ਫ਼ਾਕੋਂ ਸੇ ਤਿਲਮਿਲਾਤੀ ਹੈ

 

ਟੈਂਕ ਆਗੇ ਬੜ੍ਹੇਂ ਕਿ ਪੀਛੇ ਹਟੇਂ

ਕੋਖ ਧਰਤੀ ਕੀ ਬਾਂਝ ਹੋਤੀ ਹੈ

ਫ਼ਤਹ ਕਾ ਜਸ਼ਨ ਹੋ ਕਿ ਹਾਰ ਕਾ ਸੋਗ

ਜਿੰਦਗੀ ਮੱਯਤੋਂ ਪੇ ਰੋਤੀ ਹੈ

 

ਇਸਲੀਏ ਐ ਸ਼ਰੀਫ ਇੰਸਾਨੋਂ

ਜੰਗ ਟਲਤੀ ਰਹੇ ਤੋ ਬੇਹਤਰ ਹੈ

ਆਪ ਔਰ ਹਮ ਸਭੀ ਕੇ ਆਂਗਨ ਮੇਂ

ਸ਼ਮਾ ਜਲਤੀ ਰਹੇ ਤੋ ਬੇਹਤਰ ਹੈ।

 

(ਮਗ਼ਰਿਬ=ਪੱਛਮਮਸ਼ਰਿਕ=ਪੂਰਬ,

ਆਲਮ=ਦੁਨੀਆਂਜ਼ੀਸਤ=ਜ਼ਿੰਦਗੀ,

ਮੱਯਤ=ਜਨਾਜਾ)


======================== 

 

ਬਾਵਾ ਬਲਵੰਤ

ਜਨਮ : ਅਗਸਤ 1915

ਅੰਮ੍ਰਿਤਸਰ

ਦੇਹਾਂਤ : ਜੂਨ 1972

ਨਵੀਂ ਦਿੱਲੀ

 

 ਦੇਸ਼-ਭਗਤੀ

 

ਇਹ ਸਦਾ ਖ਼ੁਸ਼ਕ ਰਹੀ ਖ਼ੂਨ ਦੇ ਦਰਿਆ ਪੀ ਕੇ,

ਹਾਂਅਸੀਂ ਅਪਣੀ ਹਕੂਮਤ 'ਚ ਭੀ ਬਰਬਾਦ ਰਹੇ;

ਆਦਮੀਅਤ ਸਦਾ ਮੁਰਦਾ ਹੀ ਰਹੀ ਹੈ ਜੀ ਕੇ ।

 

ਹੈ ਗ਼ਰੀਬਾਂ ਦੀਆਂ ਲਾਸ਼ਾਂ ਤੇ ਗੁਜ਼ਾਰਾ ਇਸ ਦਾ,

ਨਾ ਬੁਝੀ ਇਸ ਦੀ ਕਦੀ ਬੇਵਾ ਦੇ ਰੋਣੇ ਤੋਂ ਪਿਆਸ,

ਭੁੱਖੇ ਬੱਚਿਆਂ ਦੀਆਂ ਸਿਰੀਆਂ ਨੇ ਸਹਾਰਾ ਇਸ ਦਾ ।

 

ਕੁਝ ਬਣੀ ਹੈ ਤਾਂ ਅਮੀਰਾਂ ਦੀ ਹੀ ਇਹ ਜਿੰਦ ਬਣੀ,

ਕਦੀ ਦਿੱਲੀਕਦੀ ਚਿੱਤੌੜਕਦੀ ਹਿੰਦ ਬਣੀ ।

 

ਸੈਂਕੜੇ ਵਾਰ ਹਰੇ ਖੇਤ ਜਲਾਏ ਇਸ ਨੇ,

ਤਖ਼ਤ ਲੋਕਾਂ ਦੀਆਂ ਹੱਡੀਆਂ ਦੇ ਬਣਾਏ ਇਸ ਨੇ ।

 

ਰਹਿਮ ਆਇਆ ਤਾਂ ਕਦੀ ਵੰਡੇ ਸ਼ਹੀਦਾਂ ਦੇ ਖ਼ਿਤਾਬ,

ਕਾਸ਼ ! ਉਲਟੇ ਕੋਈ ਇਸ ਵਤਨ-ਪ੍ਰਸਤੀ ਦਾ ਨਕਾਬ !

 

ਖ਼ੂਨ ਕਿਰਤੀ ਦਾ ਰਿਹਾ ਸ਼ਾਹਾਂ ਦੀ ਮਸਤੀ ਦੇ ਲਈ,

ਕੌਮ ਮਰਵਾਈ ਗਈ ਐਸ਼-ਪ੍ਰਸਤੀ ਦੇ ਲਈ ।

 

ਸਦਾ ਹੋਈ ਏ ਮਨੁੱਖਤਾ ਦੀ ਤਬਾਹੀ ਇਸ ਤੋਂ,

ਸਦਾ ਦੁਨੀਆਂ 'ਚ ਰਹੂ ਜੰਗ-ਲੜਾਈ ਇਸ ਤੋਂ ।

 


ਅੱਜ ਤਹਿਜ਼ੀਬ ਦਾ ਯੁਗ ਇਸ ਦੀਆਂ ਚਾਲਾਂ ਦਾ ਸ਼ਿਕਾਰ ।

ਦੇਸ਼-ਭਗਤੀ ਕੀ ਜੋ ਹੋਰਾਂ ਦੀ ਤਬਾਹੀ ਹੋਵੇ ?

ਦੇਸ਼-ਭਗਤੀਤੂੰ ਸਰਵ-ਸਾਂਝਤਾ ਨੂੰ ਮੋੜ ਮੁਹਾਰ !

 

ਦੇਸ਼-ਭਗਤੀ ਕੀ ਜੇ ਕਲ੍ਹ ਆਪ ਭੀ ਹੋਣਾ ਹੈ ਗ਼ੁਲਾਮ,

ਦੂਸਰੇ ਭੀ ਤਾਂ ਉਲਟ ਸਕਦੇ ਨੇ ਦੁਨੀਆਂ ਦਾ ਨਜ਼ਾਮ ।

 

ਦੇਸ਼ ਦੀ ਸੇਵਾ ਸਿਰਫ਼ ਪੌੜੀ ਸੀਮੰਜ਼ਲ ਤਾਂ ਨਹੀਂ;

ਇਹ ਮਨੁੱਖਤਾ ਦੀ ਕੋਈ ਆਖ਼ਰੀ ਮਹਿਫ਼ਲ ਤਾਂ ਨਹੀਂ ।

 

ਅਪਣੇ ਕੁਨਬੇ ਲਈ ਦੁਨੀਆਂ ਤੇ ਹੈ ਕਬਜ਼ਾ ਲਾਹਨਤ !

ਅਪਣੀ ਬੇੜੀ ਲਈ ਸਾਗਰ ਤੇ ਹੈ ਘੇਰਾਤੋਬਾ !

ਦੇਸ਼-ਭਗਤੀ 'ਚ ਜ਼ਰੂਰਤ ਹੈ ਪਰੀਵਰਤਨ ਦੀ,

ਏਸ ਪਿੰਜਰ ਨੂੰ ਜ਼ਰੂਰਤ ਹੈ ਨਵੇਂ ਜੀਵਨ ਦੀ ।

 

ਦੇਸ ਦੇ ਨਾਂ ਤੇ ਮਨੁੱਖਤਾ ਨੂੰ ਕਦੇ ਚੂਰ ਨਾ ਕਰ,

ਤੂੰ ਕਦੀ ਅਪਣੀ ਹਕੂਮਤ ਨੂੰ ਭੀ ਮਨਜ਼ੂਰ ਨਾ ਕਰ ।

ਅਪਣੀ ਸ਼ਾਹੀ 'ਚ ਭੀ ਮੁਰਦਾ ਹੀ ਰਹੇ ਹਾਂ ਜੀ ਕੇ,

ਇਹ ਸਦਾ ਖ਼ੁਸ਼ਕ ਰਹੀ ਖ਼ੂਨ ਦੇ ਦਰਿਆ ਪੀ ਕੇ ।

 

ਦੇਸ਼-ਭਗਤੀ ਦਾ ਹੀ ਦੁਨੀਆਂ 'ਚ ਨਸ਼ਾ ਹੈ ਜਦ ਤੱਕ,

ਖ਼ੂਬ ਹੋਵੇਗੀ ਗ਼ਰੀਬਾਂ ਦੀ ਤਬਾਹੀ ਤਦ ਤੱਕ।

 

======================== 

 

ਡਾ. ਦੀਵਾਨ ਸਿੰਘ ਕਾਲੇਪਾਣੀ

ਜਨਮ : 22 ਮਈ 1897

ਸਿਆਲਕੋਟ (ਪਾਕਿਸਤਾਨ)

ਮੌਤ : 1944

(ਕਾਲੇਪਾਣੀ)

 

ਕਮਜ਼ੋਰੀ ਮੇਰੀ ਤਾਕਤ ਹੈ


ਠੇਡਾ ਲਗਿਆਂ ਡਿਗ ਜਾਨਾਂ ਹਾਂ,

ਤੇ ਮਾਰ ਪਿਆਂ ਕੁਰਲਾਨਾ ਹਾਂ,

ਲਿਫ ਜਾਂਦਾ ਹਾਂਉੜ ਜਾਂਦਾ ਹਾਂ,

ਘਬਰਾਂਦਾ ਗ਼ਮ ਪਿਆ ਖਾਂਦਾ ਹਾਂ ।

 

ਦਿਲਗੀਰੀਆਂ ਅੰਦਰ ਰਹਿੰਦਾ ਹਾਂ,

ਮੂੰਹ ਪਾੜ ਕੇ ਗੱਲ ਨਾ ਕਹਿੰਦਾ ਹਾਂ,

'ਚੁਪਆਖਿਆਂਚੁਪ ਕਰ ਜਾਂਦਾ ਹਾਂ,

'ਮਰ ਜਾਸੁਣ ਕੇ ਮਰ ਜਾਂਦਾ ਹਾਂ ।

 

ਹੱਥ ਜੋੜਦਾ ਮਾਫ਼ੀਆਂ ਮੰਗਦਾ ਹਾਂ,

ਲਿਟ ਜਾਣੋਂ ਭੀ ਨਹੀਂ ਸੰਗਦਾ ਹਾਂ,

ਯਈਂ ਯਈਂ ਕਰਕੇ ਸਭ ਸਹਿੰਦਾ ਹਾਂ,

ਲਿਫ਼ਤਾ ਬਣ ਬਣ ਕੇ ਰਹਿੰਦਾ ਹਾਂ ।

 

ਕਮਜ਼ੋਰ ਜਿਹਾ ਮੈਂ ਬੰਦਾ ਹਾਂ,


ਕਮਜ਼ੋਰੀ ਮੇਰੀ ਤਾਕਤ ਹੈ,

ਇਸ ਤਾਕਤ ਦਾ ਇਹ ਚਾਰਾ ਹੈ,

ਇਸ ਚਾਰੇ ਨਾਲ ਗੁਜ਼ਾਰਾ ਹੈ ।

 

ਕਮਜ਼ੋਰਾਂ ਅੰਦਰ ਘਿਰਿਆ ਹਾਂ,

ਕਮਜ਼ੋਰੀਆਂ ਸੰਗ ਲਿਤੜਿਆ ਹਾਂ,

ਦਿਸਦਾ ਤੇ ਮਾੜਾ ਕੱਚਾ ਹਾਂ,

ਪਰ ਤਗੜਾ ਹਾਂ ਤੇ ਸੱਚਾ ਹਾਂ ।

 

ਸੱਚ ਸੁਣਨੋਂ ਦੁਨੀਆਂ ਡਰਦੀ ਹੈ,

ਬਲ ਤਾਕਤ ਵੇਖ ਕੇ ਮਰਦੀ ਹੈ;

ਇਉਂ ਕੱਚ ਹੈ ਉੱਚਾ ਪੱਕ ਨਾਲੋਂ,

ਤੇ ਕੁਫ਼ਰ ਹੈ ਉੱਚਾ ਹੱਕ ਨਾਲੋਂ ।

 

ਪਰ ਅਸਲੋਂ ਵੱਡਾ ਮਰਦ ਹਾਂ ਮੈਂ,

ਕਮਜ਼ੋਰਾਂ ਲਈ ਪੁਰ ਦਰਦ ਹਾਂ ਮੈਂ,

ਕਮਜ਼ੋਰ ਤੇਜ ਸਹ ਸਕਦੇ ਨਹੀਂ,

ਮਰ ਜਾਂਦੇ ਨੇ ਤੇ ਪਕਦੇ ਨਹੀਂ ।

 

ਕਮਜ਼ੋਰੀ ਮੇਰੀ ਵਰਦੀ ਹੈ,

ਕਰ ਤਰਸ ਦੁਨੀਂ ਲਈ ਧਾਰੀ ਹੈ ।

ਹਾਂਹੌਲੇ ਹੌਲੇਸਣੇ ਸਣੇ,

ਤੇ ਹੁੰਦੇ ਹੁੰਦੇ ਕਦੀ ਕਦੇ;

 

ਕਮਜ਼ੋਰ ਭੀ ਤਕੜੇ ਹੋ ਜਾਸਣ,

ਤਕੜੇ ਹੋ ਤਕ ਮੇਰੀ ਪਾਸਣ ।

ਕੱਚੇ ਸਭ ਪੱਕੇ ਹੋ ਰਹਸਣ,

ਝੂਠੇ ਸਭ ਸੱਚੇ ਹੋ ਵਹਸਣ;

 

ਸੱਚ-ਸੂਰਜ ਨੂੰ ਫਿਰ ਤਕ ਸਕਸਣ,

ਵਲ ਤਾਕਤ ਵੇਖ ਨਾ ਝੁਕ ਸਕਸਣ ।

ਤਦ ਫਿਰ ਮੈਂ ਪਰਦੇ ਲਾਹ ਦੇਸਾਂ,

ਸੱਚ ਤਾਕਤ ਕੁੱਲ ਦਿਖਾ ਦੇਸਾਂ ।

 

ਨੰਗਾ ਹੋ ਫਿਰ ਮੈਂ ਨੱਚਾਂਗਾ,

ਅੱਗ-ਸੂਰਜ ਹੋ ਕੇ ਮੱਚਾਂਗਾ ।

ਤਦ ਦੂਰ ਅਨ੍ਹੇਰੇ ਸਭ ਹੋਸਣ,

ਤੇ ਕੂੜ ਕੁਫ਼ਰ ਸਭ ਜਲ ਵਹਸਣ ।

 

ਕਮਜ਼ੋਰੀ ਪੱਕੀ ਫਸਲ ਨਹੀਂ,

ਪਰਛਾਵਾਂ ਹੈ ਇਹ ਅਸਲ ਨਹੀਂ ।

 

======================== 


Post a Comment

0 Comments