ਸਾਂਝੀਵਾਲਤਾ ਦਾ ਮਹਾਂਕੁੰਭ-ਉਲੰਪਿੰਕ ਖੇਡਾਂ

 

ਭਾਰਤੀ ਹਾਕੀ ਦੀ ਸੁਨਿਹਰੀ ਯੁੱਗ ਵੱਲ ਵਾਪਸੀ

ਲੇਖਕ ਬਲਦੇਵ ਮਾਨ

 ਪਾ ਕੇ ਰੰਗ ਬਿਰੰਗੇ ਟਰੈਕ ਸੂਟ,ਚੋਬਰ ਫਿਰਨ ਮੇਲਦੇ

ਜਿਵੇਂ ਇੰਜਨ ਘੂਕਦੇ ਨੇ ਮਿੱਤਰੋ,ਪੰਜਾਬ ਮੇਲ ਦੇ

ਕੋਈ ਫਿਰੇ ਪਾਣੀਆਂ ਚ ਲਾਉਂਦਾ ਤਾਰੀਆਂ,ਕੋਈ ਹਾਕੀ ਖੇਡਦਾ

ਮੈਡਲਾਂ ਦੇ ਨਾਲ ਮੁੱਲ ਪੈਂਦਾ ਯਾਰੋ, ਹਰ ਚੰਗੀ ਖੇਡ ਦਾ।



ਸਾਂਝਾਂ ਦਾ ਸੁਨੇਹਾ ਦੇ ਕੇ, ਸਾਂਝਾਂ ਦਾ ਮਹਾਂਕੁੰਭ ਟੋਕੀਓ 2020 ਸਾਂਝਾਂ ਦਾ ਇਹ ਮੇਲਾ ,ਪੈਰਿਸ ਵਿੱਚ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ। ਇਸ ਮੇਲੇ ਦੀ ਇੱਕ ਖਾਸੀਅਤ ਇਹ ਰਹੀ ਕਿ ਉਲੰਪਿਕ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਖਿਡਾਰੀਆਂ ਨੂੰ ਦਰਸ਼ਕਾਂ ਤੋਂ ਬਗੈਰ ਖੇਡਣ ਦਾ ਅਨੁਭਵ ਹੋਇਆ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵਰਤੀਆਂ ਗਈਆਂ ਸਾਵਧਾਨੀਆਂ ਕਾਰਨ ਸਾਰੇ ਸਟੇਡੀਅਮ ਦਰਸ਼ਕਾਂ ਤੋਂ ਖਾਲੀ ਨਜ਼ਰ ਆਏ।ਪਰ ਵਿਲੱਖਣ ਅਤੇ ਸੁਖਦ ਅਹਿਸਾਸ ਦੇਣ ਵਾਲੀ ਗੱਲ ਇਹ ਸੀ ਕਿ ਕੋਰੋਨਾ ਮਹਾਂਮਾਰੀ ਸਮੇਂ ਦੌਰਾਨ ਇਹ ਵੀ ਪਹਿਲਾ ਮੌਕਾ ਸੀ ਜਦੋਂ ਇਸ ਧਰਤੀ ਦੇ ਹੋਣਹਾਰ ਤੇ ਜੁਝਾਰੂ ਖਿਡਾਰੀ ਪੂਰੇ ਸੰਸਾਰ ਵਿੱਚੋਂ ਆਪੋ ਆਪਣਾ ਹੁਨਰ ਦਿਖਾਉਣ ਲਈ ਇੱਕ ਜਗ੍ਹਾ ਇਕੱਠੇ ਹੋਏ ਤੇ ਇੱਕ ਦੂਜੇ ਨਾਲ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਦਿਖਾਈ ਦਿੱਤੇ।ਇਨ੍ਹਾਂ ਵਿੱਚ ਕਈ ਖਿਡਾਰੀ ਅਜਿਹੇ ਵੀ ਸਨ ਜਿਹੜੇ ਕੋਰੋਨਾ ਨੂੰ ਮਾਤ ਦੇ ਕੇ ਖੇਡਣ ਲਈ ਪੁੱਜੇ ਸਨ। ਇਹ ਮੇਲਾ ਮਹਾਂਮਾਰੀ ਨੂੰ ਭੁੱਲ ਕੇ ਨਵੀਆਂ ਆਸਾਂ ਅਤੇ ਬਿਹਤਰ ਕੱਲ ਦੀ ਉਮੀਦ ਦੇ ਜਸ਼ਨ ਮਨਾਉਣ ਦਾ ਸਬੱਬ ਸੀ।ਜਿਸ ਨੂੰ ਦੁਨੀਆਂ ਭਰ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਆਪੋ ਆਪਣੇ ਢੰਗ ਨਾਲ ਮਾਣਿਆ।ਇਹ ਖੇਡਾਂ ਹੀ ਇੱਕ ਅਜਿਹਾ ਪਾਏਦਾਰ ਜਰੀਆ ਹਨ ਜੋ ਵੱਖ ਵੱਖ ਮੁਲਕਾਂ ਅਤੇ ਨਸਲਾਂ ਦੇ ਬਸ਼ਿੰਦਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਕੇ ਸਾਂਝੀਵਾਲਤਾ ਦੇ ਸੰਦੇਸ਼ ਦਾ ਸਬੱਬ ਪ੍ਰਦਾਨ ਕਰਦੀਆਂ ਹਨ। ਜਿੱਥੇ ਵੱਖ-ਵੱਖ ਸੱਭਿਆਚਾਰਾਂ ਦੀ ਝਲਕ ਵੇਖੀ ਜਾ ਸਕਦੀ ਹੈ। ਖਿਡਾਰੀਆਂ ਕੋਲੋਂ ਸ਼ਹਿਨਸ਼ੀਲਤਾ,ਅਨੁਸਾਸ਼ਨ ਅਤੇ ਆਪਸੀ ਸਹਿਯੋਗ ਦੀ ਮਿਸਾਲ ਹੋਰ ਲੋਕ ਵੀ ਗ੍ਰਹਿਣ ਕਰਦੇ ਹਨ। ਸਾਡੇ ਆਪਣੇ ਮੁਲਕ ਦੇ ਖਿਡਾਰੀਆਂ ਵਿੱਚੋਂ ਬਹੁਤੇ ਅਜਿਹੇ ਸਨ ਜਿਨ੍ਹਾਂ ਦਾ ਸਬੰਧ ਆਮ ਸਾਧਾਰਣ ਪਰਿਵਾਰਾਂ ਨਾਲ ਸੀ। ਅਜਿਹੇ ਖਿਡਾਰੀ ਜਦੋਂ ਤੰਗੀਆਂ,ਮੁਸ਼ਕਲਾਂ ਤੇ ਕਈ ਆਰਥਿਕ ਔਕੜਾਂ ਦਾ ਮੁਕਾਬਲਾ ਕਰ ਕੇ ਦੁਨੀਆਂ ਸਾਹਮਣੇ ਆਪਣੇ ਜੌਹਰ ਵਿਖਾ ਰਹੇ ਸਨ ਤਾਂ ਉਦੋਂ ਉਹ ਲੱਖਾਂ ਉਨ੍ਹਾਂ ਲੋਕਾਂ ਲਈ ਪ੍ਰੇਰਨਾ ਬਣੇ ਜੋ ਹਿੰਮਤ ਹਾਰ ਬੈਠੇ ਸਨ। ਮੇਰਾ ਸਲਾਮ ਹੈ ਅਜਿਹੇ ਖਿਡਾਰੀਆਂ ਨੂੰ ਜਿਨ੍ਹਾਂ ਸਹੂਲਤਾਂ ਦੀ ਘਾਟ ਦੇ ਬਾਵਜੂਦ ਅਮੀਰ ਦੇ ਸਾਧਨ ਸੰਪੰਨ

ਮੁਲਕਾਂ ਦੇ ਖਿਡਾਰੀਆਂ ਨੂੰ ਚੁਣੌਤੀ ਦਿੱਤੀ। ਜਾਪਾਨ ਨੇ ਜਿਸ ਸੁਚੱਜੇ ਢੰਗ ਨਾਲ ਇਨ੍ਹਾਂ ਖੇਡਾਂ ਨੂੰ ਸਿਰੇ ਚੜ੍ਹਾਇਆ,ਉਹ ਵੀ ਕਾਬਿਲੇ ਤਾਰੀਫ਼ ਹੈ।

ਖੇਡਾਂ ਨੂੰ ਪ੍ਰਫੂਲਤ ਕਰਨ ਲਈ ਸਰਕਾਰ ਦੇ ਨਾਲ ਸਮਾਜ ਦਾ ਵੀ ਓਨਾ ਹੀ ਫ਼ਰਜ਼ ਬਣਦਾ ਕਿ ਜਿਸ ਕੋਲੋਂ ਜਿੰਨਾ ਸਰਦਾ ਹੈ,ਆਪਣਾ ਬਣਦਾ ਯੋਗਦਾਨ ਪਾਵੇ। ਸਾਨੂੰ ਆਪਣੇ ਮੁਲਕ ਵਿੱਚ ਖੇਡ ਕਲਚਰ ਪੈਦਾ ਕਰਨ ਦੀ ਲੋੜ ਹੈ। ਅਜਿਹਾ ਖੇਡ ਕਲਚਰ ਜਿਸ ਨਾਲ ਆਮ ਲੋਕ ਵੀ ਖੇਡਾਂ ਵਿੱਚ ਦਿਲਚਸਪੀ ਨਾਲ ਹਿੱਸਾ ਲੈਣ। ਤਾਂ ਹੀ ਸਾਡੇ ਖਿਡਾਰੀ ਕੌਮਾਂਤਰੀ ਪੱਧਰ ਤੇ ਵੱਡੀਆਂ ਜਿੱਤਾਂ ਹਾਸਲ ਕਰ ਸਕਣਗੇ। ਜਦੋਂ ਆਮ ਲੋਕ ਖੇਡਾਂ ਵਿੱਚ ਦਿਲਚਸਪੀ ਲੈਣਗੇ ਤਾਂ ਸਮਾਜ ਤੰਦਰੁਸਤ ਹੋਵੇਗਾ। ਕਹਾਵਤ ਵੀ ਹੈ ਕਿ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਦਿਮਾਗ ਹੁੰਦਾ ਹੈ।


 ਖਿਡਾਰੀਆਂ ਨੂੰ ਵਧਾਈ ਦੇਣ ਦੇ ਨਾਲ ਹੀ ਜੋ ਸਾਡਾ ਫ਼ਰਜ ਬਣਦਾ ਹੈ ਉਹ ਇਹ ਕਿ ਖਿਡਾਰੀਆਂ ਦੀਆਂ ਮੁੱਢਲੀਆਂ ਲੋੜਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਸਮਾਜਸੇਵੀ ਸੰਸਥਾਵਾਂ ਨੂੰ ਵੀ ਇਸ ਕਾਰਜ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਡੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪਿਛਲੇ ਕੁੱਝ ਸਾਲਾਂ ਤੋਂ  ਭਾਰਤੀ ਹਾਕੀ ਟੀਮ ਦੇ ਉਥਾਨ ਲਈ ਜੋ ਯਤਨ ਕੀਤੇ ਗਏ ਹਨ ਉਹ ਇੱਕ ਮਿਸਾਲ ਹੈ। ਦੱਸਣਯੋਗ ਹੈ ਕਿ ਉਡੀਸਾ ਇੱਕੋ ਇੱਕ ਸੂਬਾ ਹੈ ਜੋ ਭਾਰਤੀ ਹਾਕੀ ਦੀਆਂ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਨੂੰ ਸਪਾਂਸਰ ਕਰ ਰਿਹਾ ਹੈ। ਪਿਛਲੇ ਸਮੇਂ ਦੌਰਾਨ ਉਡੀਸਾ ਦੇ ਭੂਵਨੇਸ਼ਵਰ ਵਿਖੇ ਕਈ ਕਈ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ। ਉਡੀਸਾ ਸਰਕਾਰ ਦੇ ਯਤਨਾਂ ਨਾਲ ਲੋਕਾਂ ਦੀ ਹਾਕੀ ਖੇਡ ਵਿੱਚ ਦਿਲਚਸਪੀ ਵਧੀ ਹੈ।



ਭਾਰਤੀ ਖਿਡਾਰੀਆਂ ਨੇ ਜੋ ਜ਼ਜਬਾ ਟੋਕੀਓ ਵਿਖੇ ਦਿਖਾਇਆ ਹੈ ਉਸ ਤੋਂ ਨਵੀਂ ਪਨੀਰੀ ਨੂੰ ਕਾਫੀ ਪ੍ਰੇਰਨਾ ਮਿਲੇਗੀ। ਇਸ ਜ਼ਜਬੇ ਨੂੰ ਹੁਣ ਇੱਕ ਲਹਿਰ ਬਣਾਉਣ ਦੀ ਲੋੜ ਹੈ।

ਟੋਕੀਓ ਉਲੰਪਿਕ ਵਿੱਚ ਹੋਏ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ਦੌਰਾਨ ਇਹ ਵੀ ਸਿੱਧ ਹੋ ਗਿਆ ਕਿ ਖੇਡਾਂ ਨਾ ਸਿਰਫ ਅਨੁਸਾਸ਼ਨ ਅਤੇ ਤਾਲਮੇਲ ਸਿਖਾਉਂਦੀਆਂ ਹਨ ਬਲਕਿ ਰਲ ਮਿਲ ਕੇ ਖ਼ੁਸ਼ੀਆਂ ਮਾਨਣ ਦਾ ਸਲੀਕਾ ਵੀ ਸਿਖਾਉਂਦੀਆਂ ਹਨ। ਇਨ੍ਹਾਂ ਉਲੰਪਿਕ ਮੁਕਾਬਲਿਆਂ ਦੌਰਾਨ ਜਦੋਂ ਉੱਚੀ ਛਾਲ ਦੇ ਮੁਕਾਬਲੇ ਵਿੱਚ ਇਟਲੀ ਦੇ ਗਿਆਅਨਮਾਰਕੋ ਟੰਬੇਰੀ ਅਤੇ ਕਤਰ ਦੇ ਮੁਤਾਜ਼ ਬਰਸ਼ਿਮ ਨੇ ਬਰਾਬਰ ਦੀ ਛਾਲ ਲਗਾਈ ਤਾਂ ਇਸ ਦੌਗਾਨ ਇਟਲੀ ਦੇ ਅਥਲੀਟ ਟੰਬੇਰੀ ਦੇ ਸੱਟ ਲੱਗ ਗਈ। ਹਾਲਾਤ ਇਹ ਸਨ ਕਿ ਜੇਕਰ ਦੂਜਾ ਅਥਲੀਟ ਜੰਪ ਲਗਾਉਂਦਾ ਤਾਂ ਉਹ ਗੋਲਡ ਮੈਡਲ ਜਿੱਤ ਜਾਂਦਾ ਪਰ ਉਸ ਨੇ ਛਾਲ ਲਾਉਣ ਤੋਂ ਨਾਂਹ ਕਰ ਦਿੱਤੀ ਜਿਸ ਕਾਰਨ ਦੋਵਾਂ ਨੂੰ ਹੀ ਗੋਲਡ ਮੈਡਲ ਦਿੱਤਾ ਗਿਆ।

ਇਹ ਖੇਡਾਂ ਬਹੁਤ ਹੀ ਉੱਚ ਪੱਧਰ ਦੀਆਂ ਰਹੀਆਂਜਿੱਥੇ ਆਪਸੀ ਭਾਈਚਾਰਕ ਸਾਂਝ ਦੀਆਂ ਕਈ ਮਿਸਾਲਾਂ ਦੇਖਣ ਨੂੰ ਮਿਲੀਆਂ।ਸ਼ਾਲਾ ਭਾਈਚਾਰਕ ਸਾਂਝ ਦੇ ਅਜਿਹੇ ਮੇਲੇ ਲੱਗਦੇ ਰਹਿਣ ।

ਸੰਪਰਕ-ਗਲੀ ਨੰਬਰ-3

ਗੁਰੂ ਨਾਨਕ ਨਗਰ,ਗਿੱਦੜਬਾਹਾ

ਜ਼ਿਲ੍ਹਾ-ਸ੍ਰੀ ਮੁਕਤਸਰ ਸਾਹਿਬ

ਪਿੰਨ-152101

ਮੋਬਾਇਲ-94633-73846


Post a Comment

0 Comments