ਕੁਲਵਿੰਦਰ ਕੌਸ਼ਲ ਦੀਆਂ ਪੰਜ ਮਿੰਨੀ ਕਹਾਣੀਆਂ



ਕੁਲਵਿੰਦਰ ਕੌਸ਼ਲ

ਮਨੁੱਖੀ ਮਨ ਦੀਆਂ ਕੋਮਲ ਭਾਵਨਾਵਾਂ ਦਾ ਚਿਤੇਰਾ - ਕੁਲਵਿੰਦਰ ਕੌਸ਼ਲ


ਪੰਜਾਬੀ ਮਿੰਨੀ ਕਹਾਣੀ ਹੁਣ ਉਸ ਦੌਰ ਵਿੱਚ ਦਾਖਲ ਹੋ ਗਈ ਹੈ ਜਦੋਂ ਅਸੀਂ ਇਸ 'ਤੇ ਮਾਣ ਕਰ ਸਕਦੇ ਹਾਂ । ਮੁੱਢਲੇ ਦੌਰ ਦੀਆਂ ਪੰਜਾਬੀ ਵਿੱਚ ਰਚੀਆਂ ਗਈਆਂ ਮਿੰਨੀ ਕਹਾਣੀਆਂ ਜਾਂ ਤਾਂ ਆਪਾ ਵਿਰੋਧੀ ਕਿਰਦਾਰ ਪੇਸ਼ ਕਰਨ ਤੱਕ ਸੀਮਤ ਸਨ ਜਾਂ ਚੁਟਕਲੇ ਵਰਗੀਆਂ ਪੇਸ਼ ਹੁੰਦੀਆਂ ਰਹੀਆਂ ਹਨ । ਇਸ ਲਈ ਮਿੰਨੀ ਕਹਾਣੀ ਲਿਖਣ ਵਾਲੇ ਨੂੰ ਕਈ ਲੋਕ ਤਾਂ ਲੇਖਕ ਮੰਨਣ ਨੂੰ ਹੀ ਤਿਆਰ ਨਹੀਂ ਸਨ । ਨਵੇਂ ਨਵੇਂ ਤਜਰਬਿਆਂ 'ਚੋਂ ਨਿਕਲ ਕੇ ਹੁਣ ਪੰਜਾਬੀ  ਮਿੰਨੀ ਕਹਾਣੀ ਮਾਣ ਕਰਨ ਯੋਗ ਹੋ ਗਈ ਹੈ । ਪੰਜਾਬੀ ਸਾਹਿਤ ਕੋਲ ਹੁਣ ਕਈ ਅਜਿਹੇ ਮਿੰਨੀ ਕਹਾਣੀ ਲੇਖਕ ਹਨ ਜਿਨ੍ਹਾਂ ਦੀ ਰਚੀ ਗਈ ਮਿੰਨੀ ਕਹਾਣੀ ਨਿੱਕੀ ਹੁਨਰੀ ਕਹਾਣੀ ਦੇ ਬਰਾਬਰ ਜਾ ਖੜਦੀ ਹੈ । ਕੁਲਵਿੰਦਰ ਕੌਸ਼ਲ ਵੀ ਪੰਜਾਬੀ ਵਿੱਚ ਮਿੰਨੀ ਕਹਾਣੀ ਦੀ ਰਚਨਾ ਕਰਨ ਵਾਲਾ ਅਜਿਹਾ ਨੌਜਵਾਨ ਲੇਖਕ ਹੈ ਜਿਸ ਦੀਆਂ ਕਹਾਣੀਆਂ ਪੜ੍ਹਦਿਆਂ ਇਹ ਅਹਿਸਾਸ ਨਹੀਂ ਹੁੰਦਾ ਕਿ ਤੁਸੀਂ ਮਿੰਨੀ ਕਹਾਣੀ ਪੜ੍ਹ ਰਹੇ ਹੋ ਜਾਂ ਨਿੱਕੀ ਹੁਨਰੀ ਕਹਾਣੀ । ਉਸ ਦੀ ਕਹਾਣੀ ਪਾਠਕ ਨੂੰ ਪੂਰੀ ਤਰ੍ਹਾਂ ਆਪਣੇ ਨਾਲ ਨਾਲ ਤੋਰਦੀ ਹੈ । ਖਾਸ ਗੱਲ ਇਹ ਹੈ ਕਿ ਉਹ ਕਹਾਣੀ ਦਾ ਅੰਤ ਬੜ੍ਹੇ ਪ੍ਰਭਾਵਸ਼ਾਲੀ ਢੰਗ ਨਾਲ ਕਰਦਾ ਹੈ । ਕੁਲਵਿੰਦਰ ਕੌਸ਼ਲ ਦੀਆਂ ਕਹਾਣੀਆਂ ਅਜੌਕੇ ਸਮਾਜਿਕ ਹਾਲਾਤ ਦਾ ਸਾਹਮਣਾ ਕਰਦੇ ਮਨੁੱਖ ਦੀ ਮਨੋਸਥਿਤੀ ਨੂੰ ਪੇਸ਼ ਕਰਦੀਆਂ ਹਨ । ਉਹ ਅਜੌਕੀ ਭੱਜ ਦੌੜ ਵਾਲੀ ਜਿੰਦਗੀ ਵਿੱਚ ਮਨੁੱਖੀ ਰਿਸ਼ਤਿਆਂ ਦੇ ਹੋ ਰਹੇ ਘਾਣ ਨੂੰ ਉਜਾਗਰ ਤਾਂ ਕਰਦਾ ਹੈ ਨਾਲ ਦੀ ਨਾਲ ਉਹ ਇਹ ਵੀ ਦਰਸਾ ਜਾਂਦਾ ਹੈ ਕਿ ਇਸ ਅੰਨ੍ਹੀ ਭੱਜ ਦੌੜ ਵਿੱਚ ਵੀ ਮਨੁੱਖੀ ਮਨ ਦੀਆਂ ਕੋਮਲ ਭਾਵਨਾਵਾਂ ਹਾਲੇ ਜਿੰਦਾ ਹਨ । ਕੁਲਵਿੰਦਰ ਕੌਸ਼ਲ ਦੀਆਂ ਕਹਾਣੀਆਂ ਦੇ ਪਾਤਰ ਮਾੜੇ ਤੋਂ ਮਾੜੇ ਹਾਲਾਤ ਵਿੱਚ ਵੀ ਆਸ ਦਾ ਪੱਲਾ ਨਹੀਂ ਛੱਡਦੇ । ਅਸੀਂ ਇੱਥੇ ਕੁਲਵਿੰਦਰ ਕੌਸ਼ਲ ਦੀਆਂ ਪੰਜ ਮਿੰਨੀ ਕਹਾਣੀਆਂ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ । 
 

                                                                    ਲਵ ਯੂ ਪਾਪਾ


ਉਹ ਅਣਮੰਨੇ ਜਿਹੇ ਮਨ ਨਾਲ ਕਿਸੇ ਲੇਖ ਨੂੰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦਾ ਧਿਆਨ ਵਾਰ-ਵਾਰ ਭਟਕ ਜਾਂਦਾ ।  ਦਿਮਾਗ ਸੀ ਕਿ ਘੁੰਮ ਫਿਰ ਕੇ ਆਪਣੇ ਪਰਿਵਾਰ ਵੱਲ ਚਲਿਆ ਜਾਂਦਾ । ਜਦੋਂ ਇਕਾਗਰਤਾ ਨਾ ਬਣੀ ਤਾਂ ਉਸ ਨੇ ਆਪਣਾ ਸਿਰ ਮੇਜ਼ ਉੱਪਰ ਹੀ ਸੁੱਟ ਲਿਆ ।
ਮੋਬਾਈਲ ਦੀ ਘੰਟੀ ਵੱਜਣ ਲੱਗੀ... ਉਸ ਦਾ ਦਿਲ ਨਹੀਂ ਕਰ  ਰਿਹਾ ਸੀ ਕਿ ਉਸ ਨੂੰ ਉਠਾ ਲਵੇ । ਉਹ ਦੋ ਵਾਰ ਪੂਰੀ ਵੱਜ ਕੇ ਚੁੱਪ ਹੋ ਗਈ । ਉਹ ਉਸੇ ਤਰ੍ਹਾਂ ਪਿਆ ਰਿਹਾ। 
"ਕਿਉਂ ਲੇਖਕ ਸਾਹਬ, ਤੈਨੂੰ ਕਿੰਨੇ ਵਾਰ ਫੋਨ 'ਤੇ ਸਮਝਾਇਆ ..!" ਉਸ ਦੇ ਕੰਨਾਂ ਵਿੱਚ ਆਵਾਜ਼ ਗੂੰਜੀ, ਸਿਰ ਉਠਾ ਕੇ ਆਵਾਜ਼ ਵੱਲ ਦੇਖਿਆ  ਪਰ ਉੱਥੇ ਕੋਈ ਨਹੀਂ ਸੀ। ਉਸ ਨੇ ਸਿਰ ਦੁਬਾਰਾ ਮੇਜ਼ ਉੱਤੇ ਸੁੱਟ ਲਿਆ । ਆਵਾਜ਼ ਕਿੱਥੋਂ ਆਈ ਸੀ..! ਉਸ ਨੂੰ ਥੋੜ੍ਹੀ ਜਿਹੀ ਪ੍ਰੇਸ਼ਾਨੀ ਹੋਈ।
ਲੇਖਕ

"ਬਹੁਤ ਜਿਆਦਾ ਗਰਮ ਚੱਲਦਾਂ....ਤੇਰੇ ਵਰਗੇ ਕਈ ਠੰਡੇ ਕੀਤੇ ਨੇ...। " ਆਵਾਜ਼ ਫਿਰ ਸੁਣਾਈ ਦਿੱਤੀ ,ਉਸ ਨੇ ਇੱਕ ਵਾਰ ਫਿਰ ਹਲਕਾ ਜਿਹਾ ਸਿਰ ਉਠਾਇਆ ਪਰ ਆਲੇ ਦੁਆਲੇ ਤਾਂ ਕੰਧਾਂ ਹੀ ਸਨ। 
'' ਕੀ ਸੱਚਮੁੱਚ ਮੈਂ ਪਾਗਲ ਤਾਂ ਨਹੀਂ ਹੋ ਗਿਆ..? ਨਹੀਂ ਨਹੀਂ ਮੈਂ ਐਨਾ ਕਮਜ਼ੋਰ ਨਹੀਂ... ਫਿਰ ਅੱਜ ਮੈਂ ਇਉਂ ਫਿਕਰਮੰਦ ਕਿਉਂ ਹਾਂ... ?” ਉਸ ਨੇ ਆਪਣੇ ਆਪ ਨੂੰ ਪੁੱਛਿਆ ।
ਪਿਛਲੇ ਕਈ ਦਿਨਾਂ ਤੋਂ ਉਸ ਨੂੰ ਫੋਨ 'ਤੇ ਧਮਕੀਆਂ ਮਿਲ ਰਹੀਆਂ ਸਨ । ਸੋਸ਼ਲ ਮੀਡੀਆ ਉੱਪਰ ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ । ਉਹ ਇਸ ਸਭ ਨੂੰ ਅਣਗੋਲਿਆ ਕਰਦਾ ਰਿਹਾ ਸੀ ਪਰ ਧਮਕੀ ਦੇਣ ਵਾਲਿਆਂ ਨੇ ਹੁਣ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਸੀ ।  ਉਸ ਦੇ ਬੇਟੇ ਤੇ ਪਰਿਵਾਰ ਦਾ ਪੂਰਾ ਖੁਰਾਖੋਜ ਕੱਢੀ ਫਿਰਦੇ ਸਨ । 
ਉਹ ਖੁਦ ਨੂੰ ਤਾਂ ਹਰ ਮੁਸੀਬਤ ਲਈ, ਪਹਿਲਾਂ ਹੀ ਤਿਆਰ ਕਰੀ ਬੈਠਾ ਸੀ ਪਰ ਅੱਜ ਜਦੋਂ ਗੱਲ ਪਰਿਵਾਰ ਉੱਤੇ ਵੀ ਆ ਗਈ ਤਾਂ ਉਸ ਨੂੰ ਚਿੰਤਾ ਹੋਣੀ ਸੁਭਾਵਿਕ ਸੀ। 
       ਕੀ ਗਲਤ ਨੂੰ ਗਲਤ ਕਹਿਣਾ ਗਲਤ ਹੈ..?ਕੀ ਧਾਰਮਿਕ ਅਸਹਿਣਸ਼ੀਲਤਾ ਵਿਰੁੱਧ ਚੁੱਪ ਰਹਿਣਾ ਜਾਇਜ ਹੈ? ਇਸ ਚੁੱਪ ਦਾ ਸ਼ੋਰ ਸਾਨੂੰ ਮਾਰ ਨਹੀਂ ਦੇਵੇਗਾ..? ਉਸ ਨੇ ਲੰਬਾ ਸਾਹ ਛੱਡਿਆ। 
ਇੱਕ ਤੋਂ ਬਾਅਦ ਇੱਕ ਸਵਾਲ ਉਸ ਦੇ ਅੰਦਰ ਖੌਰੂ ਪਾ ਰਹੇ ਸਨ ।
     ਇਹਨਾਂ ਸਵਾਲਾਂ ਬਾਰੇ ਸੋਚਦੇ ਹੋਏ, ਅੰਦਰਲੀ ਟੁੱਟ ਭੱਜ 'ਤੇ ਕਾਬੂ ਪਾਉਣ ਲਈ ਉਸ ਨੂੰ ਸਮਾਂ ਤਾਂ ਲੱਗਿਆ ਪਰ ਜਲਦ ਹੀ ਉਸ ਨੇ ਖੁਦ ਨੂੰ ਪੂਰੀ ਤਰ੍ਹਾਂ ਸੰਭਾਲ ਲਿਆ ।
ਉਸ ਨੇ ਸਿਰ ਚੁੱਕਿਆ..... ਤੇ ਇੱਕ ਪਾਸੇ ਪਏ ਮੋਬਾਇਲ ਨੂੰ ਉਠਾ ਲਿਆ 
'' ਜਰੂਰ ਉਨ੍ਹਾਂ ਦਾ ਹੀ ਫੋਨ ਹੋਵੇਗਾ..!'' ਸੋਚਦਿਆਂ ਉਸਨੇ ਸਕ੍ਰੀਨ ਉੱਤੇ ਨਿਗ੍ਹਾ ਮਾਰੀ ਪਰ ਬੇਟੇ ਦਾ ਨਾਮ ਦੇਖ ਉਸ ਦੇ ਅੰਦਰ ਕੰਬਣੀ ਜਿਹੀ ਛਿੜ ਗਈ।
''ਇਸ ਵੇਲੇ.... ਇਸ ਵੇਲੇ ਤਾਂ ਬੇਟੇ ਨੂੰ ਕਾਲਜ ਹੋਣਾ ਚਾਹੀਦਾ ਹੈ..!''  ਸੋਚਦਿਆਂ ਇਕ ਅਣਜਾਣੇ ਡਰ ਨਾਲ ਉਸ ਨੇ ਬੇਟੇ ਦਾ ਨੰਬਰ ਲਾਉਣ ਲਈ ਬਟਨ ਦੱਬ ਦਿੱਤਾ। ਰਿੰਗ ਜਾਣ ਦੀ ਆਵਾਜ਼ ਦੇ ਨਾਲ ਨਾਲ ਉਸ ਦੇ ਦਿਲ ਦੀ ਧੜਕਣ ਵੀ ਉਸ ਨੂੰ ਸੁਣਾਈ ਦੇ ਰਹੀ ਸੀ। 
ਉਧਰੋਂ ਮੋਬਾਇਲ ਚੱਕਣਸਾਰ ਬੇਟੇ ਦੀ ਕਾਹਲ ਭਰੀ ਆਵਾਜ਼ ਆਈ
"ਪਾਪਾ ਤੁਸੀਂ ਕਿੱਥੇ ਹੋ..? ਕਦੋਂ ਦਾ ਮੋਬਾਈਲ ਟਰਾਈ ਕਰ ਰਿਹਾ ਹਾਂ, ਤੁਸੀਂ ਪਿੱਕ ਹੀ ਨਹੀਂ ਕੀਤਾ।”
ਉਹ ਕੋਈ ਜਵਾਬ ਦੇਣ ਲਈ ਬੋਲਣ ਹੀ ਲੱਗਾ ਸੀ ਕਿ ਬੇਟੇ ਦੀ ਫਿਰ ਆਵਾਜ਼ ਆਈ
“ ਚਲੋ ਛੱਡੋ ਪਾਪਾ... ਤੁਹਾਨੂੰ ਪਤਾ..! ਅੱਜ ਕਲਾਸ 'ਚ ਪ੍ਰਿੰਸੀਪਲ ਸਰ ਇੰਟਰੋ ਲੈ ਰਹੇ ਸੀ... ਜਦੋਂ ਉਹਨਾਂ ਨੂੰ ਪਤਾ ਚੱਲਿਆ, ਮੈਂ ਤੁਹਾਡਾ ਬੇਟਾ ਹਾਂ ਤਾਂ ਬਹੁਤ ਖੁਸ਼ ਹੋਏ... ਸਾਰਿਆਂ ਨੂੰ ਤੁਹਾਡੀਆਂ ਲਿਖਤਾਂ ਬਾਰੇ ਦੱਸਿਆ..ਉਹਨਾਂ ਨੇ ਤੁਹਾਡੀ ਬੇਬਾਕੀ ਤੇ ਨਿਧੜਕਪਨ ਦੀ ਪਰੇਜ਼ ਕੀਤੀ..ਆਈ ਰੀਅਲੀ ਪਰਾਊਡ ਆਫ ਯੂ ਪਾਪਾ.. ਲਵ ਯੂ ਪਾਪਾ।”
ਇਹ ਪਹਿਲੀ ਵਾਰ ਸੀ ਜਦੋਂ ਮਾਣ ਨਾਲ ਭਰੇ ਬੇਟੇ ਦੇ ਮੂੰਹੋਂ ਆਪਣੇ ਬਾਰੇ ਸੁਣ ਰਿਹਾ ਸੀ। ਉਹ ਅੰਦਰੋਂ ਉਤਸਾਹ ਨਾਲ ਭਰ ਗਿਆ ਤੇ ਉਸ ਦੇ ਹੱਥ ਨੇ ਪੈੱਨ ਨੂੰ ਹੋਰ ਮਜਬੂਤੀ ਨਾਲ ਫੜ ਲਿਆ ।

                                    
                         ( 2)

                                                                      ਚੱਕਰਵਿਊ


ਪਿਛਲੇ ਕਈ ਘੰਟਿਆਂ ਤੋਂ ਉਹ ਲਗਾਤਾਰ ਕੰਪਿਊਟਰ ਮੂਹਰੇ ਬੈਠਾ ਇੱਕ ਪ੍ਰੋਜੇਕਟ ਦੀ ਫਾਈਲ ਤਿਆਰ ਕਰ ਰਿਹਾ ਸੀ ਜੋ ਉਸ ਨੇ ਹਰ ਹਾਲਤ 'ਚ ਪਰਸੋਂ ਤੱਕ ਆਪਣੀ ਕੰਪਨੀ ਨੂੰ ਪੇਸ਼ ਕਰਨੀ ਸੀ । ਸਮਾਂ ਦੇਖਿਆ, ਰਾਤ ਦੇ ਦੋ ਵੱਜ ਚੁੱਕੇ ਸਨ । ਕੰਪਿਊਟਰ ਬੰਦ ਕਰ ਉਹ ਬੈੱਡਰੂਮ 'ਚ ਆ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਪਰ ਨੀਂਦ ਸੀ ਕਿ ਆਉਣ ਦਾ ਨਾਂ ਹੀ ਨਹੀਂ ਲੈ ਰਹੀ ਸੀ । ਉਹ ਬਸ ਅੱਖਾਂ ਮੀਚ ਕੇ ਪਿਆ ਰਿਹਾ । ਦਿਮਾਗ ਹੁਣ ਵੀ ਪ੍ਰੋਜੈਕਟ ਵੱਲ ਹੀ ਸੀ ।
ਇਸ ਪ੍ਰੋਜੈਕਟ 'ਤੇ ਹੀ ਉਸ ਦੀ ਹੋਣ ਵਾਲੀ ਤਰੱਕੀ ਦਾ ਸਾਰਾ ਦਾਰੋਮਦਾਰ ਟਿਕਿਆ ਹੋਇਆ ਸੀ। ਉਸ ਦੇ ਮੁਕਾਬਲੇ 'ਚ ਉਸ ਦੇ ਦੋ ਹੋਰ ਕੁਲੀਗ ਵੀ ਸਨ ਪਤਾ ਨਹੀਂ ਕੌਣ ਬਾਜੀ ਮਾਰ ਜਾਵੇ । ਇਸ ਬੈਚੇਨੀ ਵਿੱਚ ਜਦੋਂ ਕਾਫੀ ਸਮਾਂ ਉਸ ਨੂੰ ਨੀਂਦ ਨਾ ਆਈ ਤਾਂ ਅੰਤ ਨੂੰ ਉਹ ਉੱਠ ਕੇ ਬੈਠ ਗਿਆ ।
ਬੱਲਬ ਦੀ ਹਲਕੀ ਹਲਕੀ ਰੌਸ਼ਨੀ 'ਚ ਉਸ ਦੀ ਨਿਗਾਹ ਸੁੱਤੇ ਪਏ ਬੇਟੇ ਅਤੇ ਪਤਨੀ ਦੇ ਚਿਹਰਿਆਂ 'ਤੇ ਪਈ । ਉਹ ਇੱਕ ਟੱਕ ਉਹਨਾਂ ਦੇ ਚਿਹਰਿਆਂ ਨੂੰ ਨਿਹਾਰਦਾ ਰਿਹਾ । ਇੱਕ ਅਜੀਬ ਜਿਹਾ ਅਨੰਦ ਅੰਦਰ ਪੈਦਾ ਹੋਣ ਲੱਗਾ । ਉਸ ਦੇ ਯਾਦ ਨਹੀਂ ਆ ਰਿਹਾ ਸੀ ਕਿ ਇਸ ਤਰ੍ਹਾਂ ਇਹਨਾ ਚਿਹਰਿਆਂ ਨੂੰ ਦੇਖਿਆਂ ਕਿੰਨਾ ਕੁ ਸਮਾਂ ਹੋ ਗਿਆ । ਮੋਹ ਦਾ ਇੱਕ ਉਬਾਲ ਉਸ ਦੇ ਅੰਦਰੋਂ ਉੱਠਿਆ,ਉਹ ਪਿਆਰ ਨਾਲ ਬੇਟੇ ਦੇ ਵਾਲਾਂ 'ਚ ਹੱਥ ਫੇਰਨ ਲੱਗਾ…..ਹਲਕਾ ਹਲਕਾ ਫੇਰਦਾ ਉਂਗਲਾਂ ਉਸ ਦੇ ਚਿਹਰੇ 'ਤੇ ਲੈ ਗਿਆ । ਸੁੱਤੇ ਬੱਚੇ ਦੇ ਚਿਹਰੇ 'ਤੇ ਮੁਸਕਾਨ ਫੈਲ ਗਈ ਅਤੇ ਇਹ ਦੇਖ ਉਹ ਵੀ ਹਲਕਾ ਜਿਹਾ ਮੁਸਕਰਾ ਪਿਆ । ਅਚਾਨਕ ਬੱਚੇ ਨੇ ਪਾਸਾ ਪਰਤਕੇ ਮਾਂ ਨੂੰ ਜੱਫੀ ਪਾ ਲਈ । ਬੱਚੇ ਦੇ ਨਾਲ ਹੀ ਉਸ ਦਾ ਧਿਆਨ ਵੀ ਪਤਨੀ ਵੱਲ ਚਲਿਆ ਗਿਆ ।
ਉਸ ਦਾ ਦਿਲ ਕੀਤਾ ਕਿ ਪਤਨੀ ਕੋਈ ਗੱਲ ਕਰੇ ਪਿਆਰ ਮੁਹੱਬਤ ਦੀ ਪਰ ਪਤਨੀ ਦੀਆਂ ਅੱਖਾਂ 'ਚ ਤਾਂ ਹਮੇਸ਼ਾ ਹੀ ਅਜਿਹੀ ਤੜਪ ਨੂੰ ਅਣਦੇਖਿਆ ਕਰ ਉਹ ਕੰਮ 'ਚ ਰੁੱਝਾ ਰਹਿੰਦਾ ਹੈ । ਫਿਰ ਕੁੱਝ ਦਿਨ ਪਹਿਲਾਂ ਦੀਆਂ ਗੱਲਾਂ ਉਸ ਦੇ ਦਿਮਾਗ 'ਚ ਘੁੰਮਣਘੇਰੀ ਪਾਉਣ ਲੱਗੀਆਂ । ਉਹ ਮਨ ਹੀ ਮਨ ਖੁਦ ਨਾਲ ਸੰਵਾਦ ਕਰਦਾ ਸੋਚਣ ਲੱਗਾ
'ਠੀਕ ਹੀ ਤਾਂ ਕਹਿੰਦੀ ਹੈ ਕਿ ਕੁੱਝ ਸਮਾਂ ਸਾਡੇ ਲਈ ਵੀ ਕੱਢਿਆ ਕਰੋ…..ਦਫਤਰ ਨੂੰ ਦਫਤਰ 'ਚ ਹੀ ਛੱਡ ਆਇਆ ਕਰੋ ਘਰੇ ਨਾ ਚੱਕ ਲਿਆਇਆ ਕਰੋ…ਪਰ ਮੈਂ ਕੀ ਕਰਾਂ…ਦਫਤਰ ਤਾਂ ਹਰ ਵੇਲੇ ਮੋਢਿਆਂ 'ਤੇ ਚੜਿਆ ਰਹਿੰਦਾ ਹੈ । ਕਦੇ ਕਦੇ ਲੱਗਦਾ ਸਿਰ ਦੀ ਜਗ੍ਹਾ ਫਾਈਲਾਂ ਉੱਗੀਆਂ ਹੋਣ…ਅੱਜ-ਕੱਲ੍ਹ ਮਲਟੀਨੇਸ਼ਨਲ ਕੰਪਨੀ  'ਚ ਬਣਿਆ ਰਹਿਣਾ ਕਿਹੜਾ ਸੌਖੈ ?... ਹਰ ਵੇਲੇ ਆਪਣਾ ਸੌ ਪਰਸੈਂਟ ਝੋਕਣਾ ਪੈਂਦੈ ,ਨਹੀਂ ਤਾਂ ਤੁਹਾਡੀ ਜਗ੍ਹਾ ਲੇਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅਤੇ  ਕੀ ਪਤਾ ਕਦੋਂ ਡਾਊਨ ਆ ਜਾਵੇ ਤੇ ਤੁਹਾਡੇ 'ਤੇ ਛਾਂਟੀ ਦੀ ਤਲਵਾਰ ਲਟਕ ਜਾਵੇ... .ਇੱਕ ਵਾਰ ਸੜਕ 'ਤੇ ਆ ਗਏ ਫਿਰ ਕਾਰ.. ਫਲੈਟ…ਇੰਸਟਾਲਮੈਂਟ…ਭਵਿੱਖ..ਉਫ' ਉਸ ਨੇ ਦੋਵਾਂ ਹੱਥਾਂ ਨਾਲ ਆਪਣਾ ਸਿਰ ਫੜ੍ਹ ਲਿਆ ਤੇ ਪਸੀਨੇ ਦੀਆਂ ਬੂੰਦਾਂ ਮੱਥੇ ਉੱਤੇ ਚਮਕਣ ਲੱਗੀਆਂ ।

                                         
                               ( 3 )
                                         

                                                                                        ਸੰਤਾਪ


ਜਦੋਂ ਉਹ ਬਹੁਮੰਜਲੇ  ਮਾਲ ਅੰਦਰ ਦਾਖਲ ਹੋਈ ਤਾਂ ਉਸ ਨੂੰ ਲੱਗਿਆ ਜਿਵੇਂ ਹਰ ਨਿਗ੍ਹਾ ਘੂਰ ਰਹੀ ਹੋਵੇ ।  ਉਹ ਬਹੁਤ ਹੀ ਸੰਭਲ-ਸੰਭਲ ਉੱਥੇ ਤੁਰ ਫਿਰ ਰਹੀ ਸੀ ਕਿ ਕਿਤੇ ਉਸ ਦੇ ਵਿਵਹਾਰ ਤੋਂ ਉਸ ਦੀ ਅਸਲੀਅਤ ਨਾ ਉਜਾਗਰ ਹੋ ਜਾਵੇ ਪਰ ਜਲਦ ਹੀ ਉਸ ਨੂੰ ਜਾਪਿਆ ਕਿ ਇਹ ਸਾਰਾ ਉਸਦਾ ਵਹਿਮ ਹੀ ਹੈ । 
     ਸਾਰੇ ਉਸ ਨੂੰ  ਰੇਸ਼ਮਾ ਹਿਜੜਾ ਦੇ ਨਾਂ ਨਾਲ ਜਾਣਦੇ ਸਨ ।  ਉੱਚੀ ਲੰਮੀ, ਤਿੱਖੇ ਨੈਣ- ਨਕਸ, ਰੱਬ ਨੇ ਉਸ ਨੂੰ ਰੱਜ ਕੇ ਰੂਪ ਦਿੱਤਾ ਸੀ । ਬਸ ਦਿੱਤਾ ਨਹੀਂ ਸੀ ਤਾਂ ਔਰਤ ਦੇ ਸਰੀਰ 'ਚ ਔਰਤਾਂ ਵਾਲੇ ਜਣਨ ਅੰਗ । ਕਦੇ-ਕਦੇ ਉਸ ਦੇ ਅੰਦਰ ਤੜਫ ਉੱਠਦੀ  ਕਿ ਲੋਕ ਉਸ ਨੂੰ ਵੀ ਆਮ ਔਰਤ ਵਾਂਗ ਸਮਝਣ । ਉਹ ਵੀ ਬਿਨਾਂ ਕਿਸੇ ਉਚੇਚ ਦੇ ਲੋਕਾਂ ਵਿਚ ਘੁੰਮਦੀ ਫਿਰੇ । ਇਹੋ ਅਹਿਸਾਸ ਹੰਢਾਉਣ ਲਈ ਉਹ ਅੱਜ ਡੇਰੇ ਦੇ ਵੱਡੇ ਮਹੰਤ ਦੀ ਮਿੰਨਤ ਤਰਲਾ ਕਰਕੇ ਇੱਥੇ ਆਈ ਸੀ। 
        ਮਾਲ ਅੰਦਰਲੀਆਂ ਦੁਕਾਨਾਂ ਚ ਘੁੰਮਦੀ ਉਹ ਔਰਤਾਂ ਦੀ ਸੁੰਦਰਤਾ ਨੂੰ ਨਿਖਾਰਨ ਵਾਲੇ ਸਾਮਾਨ  ਨੂੰ ਦੇਖਣ ਲੱਗੀ । ਦੁਕਾਨਾਂ 'ਚ ਖਰੀਦਦਾਰੀ ਕਰਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਦੇਖ ਦੇਖ ਉਸ ਨੂੰ ਲੱਗਿਆ ਜਿਵੇਂ ਉਹ ਵੀ ਉਨ੍ਹਾਂ ਦਾ ਹੀ ਹਿੱਸਾ ਹੋਵੇ। 
ਇੱਕ ਦੁਕਾਨ 'ਚ ਰੇਸ਼ਮਾ ਦੀ ਨਿਗ੍ਹਾ ਇੱਕ ਨੌਜਵਾਨ 'ਤੇ ਅਟਕ ਕੇ ਰਹਿ ਗਈ । ਪਹਿਲੀ ਨਜ਼ਰ 'ਚ ਹੀ ਉਹ ਰੇਸ਼ਮਾ ਨੂੰ ਚੰਗਾ ਚੰਗਾ ਲੱਗਣ ਲੱਗਾ । ਉਹ ਚੋਰ ਅੱਖ ਨਾਲ ਉਹਦੇ  ਵੱਲ ਦੇਖਣ ਲੱਗੀ । 
                ਅਚਾਨਕ ਉਹ ਨੌਜਵਾਨ ਖਰੀਦਦਾਰੀ ਕਰਦਾ ਉਸ ਦੇ ਬਿਲਕੁੱਲ ਨੇੜੇ ਆ ਕੇ ਖੜ੍ਹਾ ਹੋ ਗਿਆ ਤਾਂ ਰੇਸ਼ਮਾ ਦਾ ਚਿਹਰਾ ਸ਼ਰਮ ਨਾਲ ਇਕਦਮ ਲਾਲ ਹੋ ਗਿਆ । ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਹੋ ਕੀ ਰਿਹੈ ? ਉਹ ਤਾਂ ਵਧਾਈ ਲੈਣ ਗਈ ਲੋਕਾਂ 'ਚ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਜਾਂਦੀ ਸੀ ਤੇ ਅੱਜ...!!! 
ਅੱਜ ਉਸ ਦਾ ਦਿਲ ਮਚਲ ਉੱਠਿਆ । ਉਸ ਅੰਦਰ ਕਈ ਤਰ੍ਹਾਂ ਦੇ ਖਿਆਲ ਅੰਗੜਾਈ ਲੈਣ ਲੱਗੇ । ਜਿਨ੍ਹਾਂ ਨਾਲ ਉਹ ਸਵਾਦ-ਸਵਾਦ ਹੋ ਰਹੀ ਸੀ ਤੇ ਹੋਰ ਹੀ ਦੁਨੀਆ 'ਚ ਪਹੁੰਚ ਗਈ ਸੀ । 
' ਕਾਸ਼.... ਇਹੋ ਜਿਹੇ ਨੌਜਵਾਨ ਨਾਲ ਮੇਰਾ ਵਿਆਹ ਹੋ ਜਾਵੇ, ਮੇਰਾ ਵੀ ਘਰ ਹੋਵੇ....ਮੈਂ  ਵੀ  ਮਾਣ ਇੱਜਤ ਨਾਲ ਰਹਾਂ.....' ਉਸ ਦੇ ਅੰਦਰ ਕੁਤਕਤਾੜੀਆਂ ਹੋਣ ਲੱਗੀਆਂ । ਸਰੀਰ 'ਚੋਂ ਭਾਫਾਂ ਨਿਕਲਣ ਲੱਗੀਆਂ । ਫਿਰ ਸੋਚਣ ਲੱਗੀ ' ਨਾ-- ਨਾ ਏਨਾ ਹੀ ਬਹੁਤ ਹੈ ਇਹ ਮੈਨੂੰ ਬੁਲਾ ਹੀ ਲਵੇ ! ਮੈਂ ਤਾਂ ਆਸਮਾਨ ਚ ਉੱਡਦੀ ਫਿਰਾਂ... '
ਤੇ ਸੱਚਮੁੱਚ ਉਸ ਨੌਜਵਾਨ ਨੇ ਉਸ ਨੂੰ ਬੁਲਾ ਲਿਆ 
“ ਮੈਡਮ... ਮੈਡਮ ਤੁਹਾਡੇ ਫੋਨ ਦੀ ਰਿੰਗ ਵੱਜ ਰਹੀ ਹੈ "। 
' ਮੈਡਮ... ' ਰੇਸ਼ਮਾ ਨੂੰ ਯਕੀਨ ਨਾ ਆਇਆ ਕਿ ਰੱਬ ਏਨੀ ਨੇੜੇ ਤੋਂ ਸੁਣ ਰਿਹਾ ਸੀ  ਫਿਰ ਤਾਂ ਇਹਨੂੰ ਹੀ ਮੰਗ ਲੈਂਦੀ।
ਉਹ ਨੌਜਵਾਨ ਦੇ ਮੂੰਹ ਵੱਲ ਦੇਖਦੀ-ਦੇਖਦੀ ਬੁੱਲ੍ਹਾਂ 'ਚ ਹੱਸਦੀ ਹੋਈ ਫੋਨ ਸੁਣਨ ਲੱਗੀ
“ ਨੀ ਕੰਜਰੀਏ ਆਜਾ ਹੁਣ, ਕਿੱਧਰ ਮਰ ਗਈ । ਸਾਰੇ ਉਡੀਕਦੇ ਨੇ.... ਵਧਾਈ ਲੈਣ ਨੀ ਜਾਣਾ ।" 
ਆਵਾਜ਼  ਸੁਣ ਰੇਸ਼ਮਾ ਸੁਪਨਿਆਂ ਦੀ ਦੁਨੀਆਂ 'ਚੋਂ ਹਕੀਕਤ ਦੀ ਧਰਤੀ 'ਤੇ ਆ ਡਿੱਗੀ ਅਤੇ ਉਸ ਦੇ ਹੱਥੋਂ ਫੋਨ ਡਿਗ ਕੇ ਕਈ  ਹਿੱਸਿਆਂ ਵਿੱਚ ਵੰਡਿਆ ਗਿਆ ।

 
                            ( 4 )

                                                                                    ਮੋਢਾ

 
ਸਰਕਾਰੀ ਹਸਪਤਾਲ ਦੇ ਜਨਰਲ ਵਾਰਡ ਵਿੱਚ ਪਿਆ ਹਾਂ । ਪਰਸੋੰ ਹੀ ਮੇਰਾ ਹਰਨੀਆ ਦਾ ਓਪਰੇਸ਼ਨ ਹੋਇਆ ਸੀ । ਕੱਲ੍ਹ ਤਾਂ ਭੋਰਾ ਸੁਰਤ ਨਹੀਂ ਰਹੀ । ਅੱਜ ਥੋੜ੍ਹਾ ਜਿਹਾ ਠੀਕ ਮਹਿਸੂਸ ਕਰ ਰਿਹਾ ਹਾਂ ।
ਦੋ ਦਿਨ ਸਿੱਧਾ ਪਏ ਰਹੇ ਕਾਰਨ ਢੂਹੀ ਥੋੜ੍ਹੀ ਆਕੜ ਜਿਹੀ ਗਈ ਏ । ਪਤਨੀ ਨੇ ਸਹਾਰਾ ਦੇ ਕੇ ਮੈਨੂੰ ਬਿਠਾਇਆ । ਹੁਣ ਆਪ ਉਹ ਭਾਂਡੇ ਧੋਣ ਲਈ ਬਾਹਰ ਚਲੀ ਗਈ ਹੈ । ਵੈਸੇ ਮੈਂ ਜਾਣਦਾ ਹਾਂ ਕਿ ਭਾਂਡੇ ਧੋਣ ਦਾ ਤਾਂ ਬਹਾਨਾ ਹੀ ਹੈ । ਬਾਹਰ ਕਿਤੇ ਜਾਕੇ ਉਹ ਇਕਾਂਤ ਭਾਲੂ ਤੇ ਖੁੱਲ੍ਹ ਕੇ ਰੋਊਗੀ । ਪਰਸੋਂ ਦੀ ਵਾਰ ਵਾਰ ਰੋਣ ਲੱਗ ਪੈਂਦੀ ਹੈ । ਮੇਰੇ ਸਾਹਮਣੇ ਨਹੀਂ ਰੋਂਦੀ ਪਰ ਮੈਨੂੰ ਉਹਦਾ ਚਿਹਰਾ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ।
ਬਥੇਰਾ ਸਮਝਾਉੰਦਾ ਹਾਂ ਕਿ ਮੈਂ ਠੀਕ ਠਾਕ ਹਾਂ.. ਇਹ ਕੋਈ ਵੱਡਾ ਓਪਰੇਸ਼ਨ ਵੀ ਨਹੀਂ.. ਪਰ ਮੇਰੇ ਕਹਿੰਦੇ ਕਹਿੰਦੇ ਅੱਖਾਂ ਭਰ ਲੈਂਦੀ ਹੈ ।
ਵਾਰਡ ਵਿੱਚ ਇੱਕ ਅਧੇੜ ਉਮਰ ਦੀ ਨਰਸ ਮਰੀਜ਼ਾਂ ਨੂੰ ਦੇਖਦੀ ਫਿਰ ਰਹੀ ਹੈ । ਛੋਟਾ ਹਸਪਤਾਲ ਹੋਣ ਕਾਰਨ ਔਰਤ ਮਰਦ ਇੱਕ ਵਾਰਡ 'ਚ ਹੀ ਭਰੇ ਪਏ ਹਨ । ਸਾਹਮਣੇ ਵਾਲੇ ਬੈੱਡ ਉੱਪਰ ਜੋ ਮਰੀਜ਼ ਔਰਤ ਹੈ, ਉਸ ਦੀ ਪੱਟੀ ਕਰਨ ਲਈ ਉਹ ਰੁਕ ਜਾਂਦੀ ਹੈ । ਪੱਟੀ ਔਰਤ ਦੇ ਹੇਠਲੇ ਹਿੱਸੇ ਵਿੱਚ ਕਰਨੀ ਹੈ । ਮੈਂ ਹੇਠਾਂ ਸਰਕ ਕੇ ਲੰਬਾ ਪੈਣਾ ਚਾਹੁੰਦਾ ਹਾਂ ਪਰ ਟਾਂਕੇ ਹਿੱਲਣ ਦੇ ਡਰੋਂ ਉਸੇ ਤਰ੍ਹਾਂ ਬੈਠਾ ਰਹਿੰਦਾ ਹਾਂ । ਦਰਵਾਜ਼ੇ ਵੱਲ ਨਿਗ੍ਹਾ ਮਾਰਦਾ ਹਾਂ ਪਰ ਪਤਨੀ ਕਿਤੇ ਦਿਖਾਈ ਨਹੀਂ ਦਿੰਦੀ । ਹਾਰ ਕੇ ਮੈਂ ਅੱਖਾਂ ਬੰਦ ਕਰਕੇ ਮੂੰਹ ਇੱਕ ਪਾਸੇ ਘੁਮਾ ਲੈਂਦਾ ਹਾਂ । 
"ਸ਼ਰਮ ਕਰ.... ਕੋਈ ਕੱਪੜਾ ਹੀ ਉੱਪਰ ਲੈ ਲਾ.. ਹੇਠਾਂ ਲੇਟ ਜਾ... ਕਦੇ ਦੇਖਿਆ ਨਹੀਂ ਕੁੱਝ.. ।" 
ਆਵਾਜ਼ ਮੇਰੇ ਕੋਲੋਂ ਹੀ ਆਉਂਦੀ ਹੈ । ਅੱਖਾਂ ਖੋਲ੍ਹ ਕੇ ਦੇਖਦਾ ਹਾਂ , ਉਹ ਨਰਸ ਇਹ ਸਾਰਾ ਕੁੱਝ ਮੈਨੂੰ ਹੀ ਕਹਿ ਰਹੀ ਹੈ । ਮੈਂ ਸੁੰਨ ਹੋ ਗਿਆ, ਇਹੋ ਜਿਹਾ ਮੈਂ ਕੀ ਕਰ ਦਿੱਤਾ ਹੈ ? ਦਰਦ ਦੇ ਬਾਵਜੂਦ ਮੈਂ ਥੋੜ੍ਹੀ ਉੱਚੀ ਆਵਾਜ਼ ਵਿੱਚ ਪੁੱਛਦਾ ਹਾਂ , " ਮੈਂ ਕੀ ਕੀਤਾ...!! "
" ਮੈਂ ਜਾਣਦੀ ਹਾਂ ਤੇਰੇ ਵਰਗਿਆਂ ਨੂੰ... ਸਾਹਮਣੇ ਕੀ ਦੇਖਦਾ ਹੈਂ ।" ਉਹ ਸਾਰੇ ਵਾਰਡ ਨੂੰ ਸੁਣਾ ਕੇ ਕਹਿੰਦੀ ਹੈ। 
ਮੇਰੇ ਨਾਲ ਦੇ ਬੈੱਡ ਵਾਲਾ ਮਰੀਜ਼ ਦਬੀ ਜਿਹੀ ਆਵਾਜ਼ ਵਿੱਚ ਕੁੱਝ ਕਹਿਣ ਲੱਗਦਾ ਹੈ ਪਰ ਉਹ ਉਸ ਨੂੰ ਵੀ ਘੂਰੀ ਵੱਟਦੀ ਬਾਹਰ ਨੂੰ ਨਿਕਲ ਗਈ ਹੈ । 
ਮੈਨੂੰ ਲੱਗਿਆ ਮੈਂ ਬਿਨਾਂ ਕਸੂਰ ਤੋਂ ਹੀ ਸਾਰਿਆਂ ਸਾਹਮਣੇ ਨੰਗਾ ਹੋ ਗਿਆ ਹਾਂ । ਹਰ ਇੱਕ ਦੀ ਨਿਗ੍ਹਾ ਜਿਵੇਂ ਮੈਨੂੰ ਹੀ ਘੂਰਦੀ ਹੋਵੇ । ਟਾਂਕਿਆਂ ਦੀ ਪ੍ਰਵਾਹ ਕੀਤੇ ਬਿਨਾਂ ਮੈਂ ਖੁਦ ਨੂੰ ਬੈੱਡ ਉੱਪਰੋਂ ਹੇਠਾਂ ਨੂੰ ਖਿਸਕਾ ਲਿਆ ਅਤੇ ਉੱਪਰ ਚਾਦਰ ਲੈ ਲਈ ਹੈ । 
ਮੇਰੀਆਂ ਅੱਖਾਂ ਵਿੱਚੋਂ ਹੰਝੂ ਲਗਾਤਾਰ ਬਹਿ ਰਹੇ ਹਨ । ਪਤਨੀ ਬਾਹਰੋਂ ਆ ਕੇ ਜਦੋਂ ਮੇਰੀ ਹਾਲਤ ਦੇਖਦੀ ਹੈ ਘਬਰਾ ਜਾਂਦੀ ਹੈ । 
"ਕੀ ਹੋਇਆ ਤੁਹਾਨੂੰ..." 
   "  ................ "
" ਮੈਂ ਪੁੱਛਦੀ ਹਾਂ ਦੱਸੋ ਤਾਂ ਸਹੀ ਕੁੱਝ ?" 
ਉਸ ਦੀ ਆਵਾਜ਼ ਵੀ ਰੋਣ ਹੱਕੀ ਹੋ ਜਾਂਦੀ ਹੈ । ਮੈਂ ਫਿਰ ਵੀ ਕੁੱਝ ਨਹੀਂ ਬੋਲਦਾ । ਨਾਲ ਦੇ ਮਰੀਜ਼ ਕੋਲ ਬੈਠੀ ਬਜੁਰਗ ਔਰਤ, ਪਤਨੀ ਨੂੰ ਸਾਰੀ ਗੱਲ ਦੱਸਦੀ ਹੈ । ਗੱਲ ਸੁਣ ਪਤਨੀ ਗੁੱਸੇ ਨਾਲ ਇਕਦਮ ਬਾਹਰ ਨਿਕਲ ਜਾਂਦੀ ਹੈ ਅਤੇ ਕੁੱਝ ਦੇਰ ਬਾਅਦ ਉੱਚੀ ਉੱਚੀ ਬੋਲਦੀ ਡਾਕਟਰ ਅਤੇ ਉਸ ਨਰਸ ਨੂੰ ਮੇਰੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੰਦੀ ਹੈ । ਮੈਂ ਚਿਹਰੇ ਤੋਂ ਚਾਦਰ ਇੱਕ ਪਾਸੇ ਕਰਦਾ ਹਾਂ। 
" ਲੈ ਹੁਣ ਕਹਿ... ਕੀ ਕਹਿੰਦੀ ਸੀ.... ਹੁਣ ਫੁੱਟ ਮੂੰਹੋਂ.. ਪਰਸੋਂ ਇਹਨਾਂ ਦਾ ਓਪਰੇਸ਼ਨ ਹੋਇਆ, ਸੁਰਤ ਇਹਨਾਂ ਨੂੰ ਆਪਣੀ ਨਹੀਂ... ਨਾ ਇਹ ਹੋਰ ਪਾਸੇ ਝਾਤੀਆਂ ਮਾਰਨਗੇ... ਪੱਟੀ ਕਰਨੀ ਆ ਤਾਂ ਮੂਹਰੇ ਪਰਦਾ ਲਾ...ਨਾ ਤੈਨੂੰ ਚੱਜ ਸਿਖਾਇਆ ਨਹੀਂ ਕਿਸੇ ਨੇ...... ।" 
ਪਤਨੀ ਗੁੱਸੇ ਨਾਲ ਬੋਲਦੀ ਕੰਬ ਰਹੀ ਹੈ । ਮੈਂ ਉਸ ਦਾ ਇਹ ਰੂਪ ਦੇਖ ਹੈਰਾਨ ਰਹਿ ਗਿਆ ਹਾਂ । ਨਰਸ ਸਾਰੇ ਵਾਰਡ ਵਾਲਿਆਂ ਤੇ ਡਾਕਟਰ ਸਾਹਮਣੇ ਮੈਥੋਂ ਮਾਫ਼ੀ ਮੰਗ, ਮਸਾਂ ਆਪਣਾ ਖਹਿੜਾ ਛੁਡਾ ਕੇ ਨਿਕਲਦੀ ਹੈ। 
ਮੈਨੂੰ ਵੀ ਲੱਗਿਆ ਕਿ ਬਹੁਤ ਵੱਡਾ ਭਾਰ ਲਹਿ ਗਿਆ । ਨਹੀਂ ਤਾਂ ਸਾਰਿਆਂ ਸਾਹਮਣੇ ਖੁਦ ਨੂੰ ਅਪਰਾਧੀ ਮਹਿਸੂਸ ਕਰੀ ਜਾਂਦਾ। 
" ਅੱਜ ਤਾਂ ਤੂੰ ਕਮਾਲ ਕਰ ਦਿੱਤੀ  ।" ਮੈਂ ਚਿਹਰੇ ਤੇ ਦਰਦ ਦੇ ਬਾਵਜੂਦ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ। 
"ਕਮਾਲ ਦੀ ਕੀ ਗੱਲ ਆ..... ਮੈਥੋਂ ਥੋਡੀ ਤਕਲੀਫ ਦੇਖੀ ਨਹੀਂ ਜਾਂਦੀ ।" ਕਹਿੰਦੇ ਹੋਏ  ਪਤਨੀ ਨੇ ਫਿਰ ਅੱਖਾਂ ਭਰ ਲਈਆਂ ਅਤੇ ਮੇਰੀ ਬਾਂਹ ਥੱਲੇ ਆਪਣਾ ਮੋਢਾ ਦੇ ਕੇ ਸਹਾਰੇ ਨਾਲ ਮੈਨੂੰ ਬਿਠਾਉਣ ਲੱਗੀ ।

 

                                  ( 5 )

                                                                                             ਖ਼ੂਬਸੂਰਤ



''ਮਾਂ-ਮਾਂ ਮੇਰੇ ਚਿਹਰੇ ਨੂੰ ਕੀ ਹੋਇਆ ? ਇਹ ਤੁਹਾਡੇ ਵਰਗਾ ਕਿਉਂ ਨਹੀਂ ?''
ਉਸ ਨੂੰ ਆਪਣੀ ਬੱਚੀ ਦੇ ਕਹੇ ਇਹ ਸ਼ਬਦ ਯਾਦ ਆ ਰਹੇ ਸਨ । ਚਾਰ ਸਾਲ ਦੀ ਬੱਚੀ ਦੇ ਦਿਮਾਗ ਵਿੱਚ ਰਸੌਲੀ ਸੀ । ਤਿੰਨ ਸਾਲ ਤਾਂ ਸਭ ਠੀਕ ਰਿਹਾ ਪਰ ਚੌਥਾ ਸਾਲ ਸ਼ੁਰੂ ਹੁੰਦੇ ਹੀ ਉਸ ਦੇ ਸਿਰ ਚ ਦਰਦ ਰਹਿਣ ਲੱਗਾ । ਚੱਕਰ ਆਉਣ ਲੱਗੇ ਅਤੇ ਫਿਰ ਸਿਰ ਨੂੰ ਸੋਜ਼ਿਸ਼ ਆਉਣੀ ਸ਼ੁਰੂ ਹੋ ਗਈ ਅਤੇ ਚਿਹਰਾ ਵਿਗੜ ਗਿਆ । ਬੱਚੀ ਸ਼ੀਸ਼ੇ ਅੱਗੇ ਖੜ੍ਹੀ ਹੋ ਕੇ ਹਮੇਸ਼ਾਂ ਮਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਦੀ ਜਿਨ੍ਹਾਂ ਦਾ ਮਾਂ ਕੋਲ ਹੰਝੂਆਂ ਤੋਂ ਬਿਨਾਂ ਕੋਈ ਜਵਾਬ ਨਾ ਹੁੰਦਾ ਅਤੇ ਫਿਰ ਇੱਕ ਦਿਨ ਬੱਚੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ । ਡਾਕਟਰਾਂ ਦੀ ਪ੍ਰੇਰਣਾ ਸਦਕਾ ਮਾਂ-ਬਾਪ ਨੇ ਬੱਚੀ ਦੇ ਅੰਗ ਲੋੜਵੰਦਾਂ ਲਈ ਦਾਨ ਕਰ ਦਿੱਤੇ । ਬੱਚੀ ਦੀ ਮੌਤ ਨੂੰ ਕਾਫ਼ੀ ਦਿਨ ਹੋ ਗਏ ਸਨ ਪਰ ਮਾਂ ਹਾਲੇ ਵੀ ਸਦਮੇ 'ਚ ਸੀ।
'' ਮਾਂ ਮੈਂ ਤੇਰੇ ਵਾਂਗ ਖ਼ੂਬਸੂਰਤ ਕਿਉਂ ਨਹੀਂ ?''
ਮਾਂ ਨੂੰ ਲੱਗਿਆ ਜਿਵੇਂ ਸਾਹਮਣੇ ਕੰਧ 'ਤੇ ਲੱਗੀ ਬੱਚੀ ਦੀ ਤਸਵੀਰ ਨੇ ਫਿਰ ਸਵਾਲ ਪੁੱਛਿਆ ਹੋਵੇ ਪਰ ਅੱਜ ਉਹ ਰੋਈ ਨਹੀਂ । ਉਹ ਉੱਠੀ ਅਤੇ ਤਸਵੀਰ ਉਤਾਰ ਕੇ ਸੀਨੇ ਨਾਲ ਲਾ ਲਈ ਤੇ ਮਨ ਹੀ ਮਨ ਬੋਲੀ, ''ਤੂੰ ਦੁਨੀਆਂ ਦੀ ਸਭ ਤੋਂ ਖ਼ੂਬਸੂਰਤ ਬੱਚੀ ਹੈਂ ਮੇਰੀਏ ਧੀਏ ! ਜਿਸ ਨੇ ਪੰਜ ਲੋਕਾਂ ਦੀ ਜ਼ਿੰਦਗੀ ਨੂੰ ਰੌਸ਼ਨ ਕੀਤਾ ਹੈ ।"

                                                           ਪਿੰਡ ਤੇ ਡਾਕ ਪੰਜਗਰਾਈਆਂ ਤਹਿ ਧੂਰੀ (ਸੰਗਰੂਰ)
                                                                            ਮੋਬਾਈਲ 9417636255

Post a Comment

0 Comments