ਅਮਿਤਾਸ ਦੀਆਂ ਚਾਰ ਗ਼ਜ਼ਲਾਂ

ਅਮਿਤਾਸ ਪੰਜਾਬੀ ਬੋਲੀ ਦਾ ਨੌਜਵਾਨ ਗ਼ਜ਼ਲਕਾਰ ਹੈ । ਉਸ ਦੀਆਂ ਗ਼ਜ਼ਲਾਂ ਪੜ੍ਹਕੇ ਹੈਰਾਨੀ ਹੁੰਦੀ ਹੈ ਕਿ ਅੱਜ ਜਦੋਂ ਵੱਡੀ ਗਿਣਤੀ ਵਿੱਚ ਖੁੱਲ੍ਹੀ ਕਵਿਤਾ ਰਚੀ ਜਾ ਰਹੀ ਹੈ ਤਾਂ ਉਸ ਵਕਤ ਵੀ ਸਾਡੇ ਕੋਲ ਅਮਿਤਾਸ ਵਰਗੇ ਨੌਜਵਾਨ ਸ਼ਾਇਰ ਹਨ ਜੋ ਗ਼ਜ਼ਲ ਵਰਗੀ ਔਖੀ ਸਿਨਫ਼ ਨੂੰ ਬਾਖੂਬੀ ਨਿਭਾ ਰਹੇ ਹਨ । ਅਮਿਤਾਸ ਨੇ ਆਪਣੇ ਸ਼ਿਅਰਾਂ ਰਾਹੀਂ ਜਿੱਥੇ ਗ਼ਜ਼ਲ 'ਤੇ ਆਪਣੀ ਮੁਹਾਰਤ ਦਾ ਸਬੂਤ ਦਿੱਤਾ ਹੈ ਉੱਥੇ ਉਸ ਨੇ ਪੰਜਾਬੀ ਗ਼ਜ਼ਲ ਦੇ ਭਵਿੱਖ ਬਾਰੇ ਵੀ ਆਸ ਜਗਾਈ ਹੈ । ਉਸ ਨੇ ਆਪਣੇ ਸ਼ਿਅਰਾਂ ਵਿੱਚ ਅਜੌਕੇ ਸਮਾਜਿਕ, ਆਰਥਿਕ ,ਰਾਜਨੀਤਕ ਅਤੇ ਧਾਰਮਿਕ ਹਾਲਾਤਾਂ ਨੂੰ ਪੇਸ਼ ਕੀਤਾ ਹੈ । ਉਸ ਦੀਆਂ ਗ਼ਜ਼ਲਾਂ ਦੇ ਕਈ ਸ਼ਿਅਰ ਤਾਂ ਕਹਾਵਤਾਂ ਦਾ ਰੂਪ ਅਖਤਿਆਰ ਕਰ ਜਾਂਦੇ ਹਨ। ਉਸ ਨੇ ਆਪਣੀ ਸ਼ਾਇਰੀ ਰਾਹੀਂ ਸਾਡੇ ਸਾਹਮਣੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ । ਅਮਿਤਾਸ ਦੀ ਸ਼ਾਇਰੀ ਪੰਜਾਬੀ ਗ਼ਜ਼ਲ ਦੇ ਵਿਕਾਸ ਦੀ ਮਿਸਾਲ ਬਣ ਕੇ ਉਜਾਗਰ ਹੁੰਦੀ ਹੈ । ਇੱਥੇ ਅਸੀਂ ਉਸ ਦੀਆਂ ਚਾਰ ਗ਼ਜ਼ਲਾਂ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ ।
ਅਮਿਤਾਸ




                                                             ਅਮਿਤਾਸ ਦੀਆਂ ਗ਼ਜ਼ਲਾਂ 


ਧੁਆਂਖੇ ਸੂਰਜੋ ਉੱਠੋ, ਕਿ ਭੋਰਾ ਰੌਸ਼ਨੀ ਹੋਵੇ ।
ਹਨੇਰੇ ਸ਼ਹਿਰ ਨੂੰ ਵੀ ਹੁਣ, ਮੁਬਾਰਕ ਜ਼ਿੰਦਗੀ ਹੋਵੇ ।

ਅਸੀਂ ਤਾਂ ਉਮਰ ਭਰ ਬੈਠੇ ਰਹੇ ਹਾਂ, ਹਾਸ਼ੀਏ ਉੱਤੇ,
ਨਾ ਇਸ ਅੰਨ੍ਹੀ ਅਦਾਲਤ ਵਿੱਚ, ਅਸਾਡੀ ਪੈਰਵੀ ਹੋਵੇ ।


ਮਿਲੇਂ ਤੂੰ ਜੂਨ ਹਰ ਮੈਨੂੰ, ਕੋਈ ਬਣ ਕੇ ਨਦੀ ਸੁੱਚੀ,
ਮੇਰੇ ਹੋਠਾਂ 'ਤੇ ਹਰ ਵਾਰੀ ਹੀ ਤੇਰੀ ਤਿਸ਼ਨਗੀ ਹੋਵੇ ।

ਅਜੇਹੀ ਆਸਥਾ ਨੂੰ ਤਾਂ, ਮੈਂ ਨਾ ਮਨਜ਼ੂਰ ਕਰਦਾ ਹਾਂ,
ਖੁਦਾ ਬਾਹਰ ਮਰੇ ਭੁੱਖਾ, ਤੇ ਅੰਦਰ ਬੰਦਗੀ ਹੋਵੇ ।

ਮੈਂ ਜੀਵਾਂਗਾ ਜਦੋਂ ਤੀਕਰ, ਤਾਂ ਗਾਵਾਂਗਾ ਕਈ ਨਗਮੇ,
ਮਰਾਂ ਜਦ ਵੀ ਮੇਰੇ ਹੱਥਾਂ 'ਚ ਕੋਈ ਬੰਸਰੀ ਹੋਵੇ ।

ਮੇਰੇ ਮੌਲਾ, ਜਗਾਹ ਬਾਲਣ ਦੀ ਰੀਝਾਂ, ਫੂਕ ਹੋ ਜਾਵਣ,
ਕਿਸੇ ਚੁੱਲ੍ਹੇ ਦੀ ਨਾ ਐਨੀ, ਕਦੇ ਵੀ ਬੇਵਸੀ ਹੋਵੇ ।

ਮੇਰਾ ਅੱਖਰ ਤੋਂ ਲੈ ਕੇ, ਗ਼ਜ਼ਲ ਤਕ ਵਿਸਥਾਰ ਹੁੰਦਾ ਹੈ,
ਤੂੰ ਬੈਠੇਂ ਸਾਹਮਣੇ ਜਦ ਤਾਂ, ਮੁਕੰਮਲ ਸ਼ਾਇਰੀ ਹੋਵੇ ।

                                            (2)

ਬੜੇ ਸ਼ੀਸ਼ੇ ਲਗਾਏ ਨੇ, ਦਰੋ ਦੀਵਾਰ ਦੇ ਅੰਦਰ ।
ਕਦੇ ਨਾ ਝਾਕਿਆ ਲੇਕਿਨ, ਅਸੀਂ ਕਿਰਦਾਰ ਦੇ ਅੰਦਰ ।

ਜਦੋਂ ਰੋਟੀ ਲਈ ਹੈ ਸਿਰਜਦਾ, ਭਗਵਾਨ ਦੀ ਮੂਰਤ,
ਉਦੋਂ ਸ਼ਰਧਾ ਤੋਂ ਵਧ ਕੇ, ਲੋੜ ਹੈ, ਬੁਤਕਾਰ ਦੇ ਅੰਦਰ ।

ਬੁਝੇ ਹੋਏ ਨੇ ਚੁੱਲ੍ਹੇ ਹੁਣ, ਘਰਾਂ ਵਿੱਚ ਵੀ ਹਨੇਰਾ ਹੈ,
ਤੇ ਮੰਗਲ ਛੂਹਣ ਦਾ, ਚਰਚਾ ਹੈ ਫਿਰ ਸਰਕਾਰ ਦੇ ਅੰਦਰ ।

ਲਹੂ ਚੋਂਦੇ, ਮੇਰੇ ਜ਼ਖਮਾਂ ਨੂੰ, ਹੈ ਤੌਫ਼ੀਕ ਮਿਲ ਜਾਂਦੀ,
ਹੈ ਕੁਝ ਤਾਂ ਜ਼ਿੰਦਗੀ ਵਰਗਾ, ਤੇਰੇ ਦੀਦਾਰ ਦੇ ਅੰਦਰ ।

ਇਹ ਹੁੰਦੇ ਬੋਝ ਧੜਕਣ 'ਤੇ, ਇਨ੍ਹਾਂ ਦਾ ਲਾਭ ਨਾ ਕੋਈ,
ਬਿਨਾਂ ਗੱਲੋਂ ਹੀ ਰੱਖੋ ਨਾ, ਗਿਲੇ ਬੇਕਾਰ ਦੇ ਅੰਦਰ ।

ਬਿਨਾਂ ਅਹਿਸਾਸ ਤੋਂ, ਨਾ ਸਿਰਜਣਾ ਹੋਈ, ਤੇ ਨਾ ਹੋਣੀ,
ਜ਼ਰੂਰੀ ਵੇਦਨਾ ਹੁੰਦੀ ਹੈ, ਸਿਰਜਣਹਾਰ ਦੇ ਅੰਦਰ ।

ਰਹੀ ਹੈ ਕਬਰ ਤਕ, ਅਮਿਤਾਸ ਦੇ ਤਾਂ, ਨਾਲ ਹੀ ਪੀੜਾ,
ਕਿਵੇਂ ਆਖਾਂ ਇਕੱਲਾ ਸੀ, ਮੈਂ ਇਸ ਸੰਸਾਰ ਦੇ ਅੰਦਰ ।

                                               ( 3 )

ਅਗਰ ਬੁਝ ਵੀ ਗਿਆਂ, ਤਾਂ ਕੀ, ਹਵਾ ਦੇ ਸੰਗ ਲੜਿਆ ਹਾਂ ।
ਮੈਂ ਉਹ ਦੀਵਾ ਹਾਂ, ਜੋ ਅਪਣੇ, ਲਹੂ ਨੂੰ, ਬਾਲ਼ ਜਗਿਆ ਹਾਂ ।

ਹਠੀਲੇ ਰਸਤਿਆਂ ਉੱਤੇ, ਨੁਕੀਲੇ ਪੱਥਰਾਂ ਉੱਤੇ,
ਮੇਰੀ ਪਹਿਚਾਣ ਹੈ ਵਗਣਾ,ਵਗਾਂਗਾ, ਮੈਂ ਤੇ ਦਰਿਆ ਹਾਂ ।

ਕਰੀਂ ਕੋਸ਼ਿਸ਼, ਜਦੋਂ ਮਰਜ਼ੀ, ਮੈਂ ਤੈਥੋਂ, ਤੋੜ ਨਾ ਹੋਣਾ,
ਹੈ ਮਿੱਟੀ ਪੀੜ ਨੇ ਗੁੰਨ੍ਹੀ, ਗਮਾਂ ਹੱਥੋਂ ਹੀ ਘੜਿਆ ਹਾਂ ।

ਤੇਰੇ ਹੋਠਾਂ 'ਤੇ ਇੱਕ ਮੁਸਕਾਨ, ਮੈਥੋਂ ਨਾ ਸਜਾ ਹੋਈ,
ਐ ਮੇਰੀ ਜ਼ਿੰਦਗੀ ਤੇਰੇ ਲਈ, ਥਾਂ ਥਾਂ 'ਤੇ ਵਿਕਿਆ ਹਾਂ ।

ਮੈਂ ਉਸਦੇ ਇਸ਼ਕ ਅੰਦਰ, ਹਾਂ, ਗਗਨ ਤੋਂ ਹੋ ਗਿਆਂ ਧਰਤੀ,
ਅਜੇ ਮਨਜ਼ੂਰ ਨਾ ਉਸਨੂੰ, ਕਹੇ, ਥੋੜ੍ਹਾ ਹੀ ਝੁਕਿਆ ਹਾਂ ।

ਉਡਾਰੀ ਜਦ ਭਰੇਂਗਾ ਤੂੰ, ਮੇਰੇ ਪਰ ਯਾਦ ਆਵਣਗੇ,
ਮੈਂ ਤੇਰੇ ਮਨ ਦੇ ਅੰਬਰ 'ਤੇ, ਚਲੋ ਐਨਾ ਤਾਂ ਉਡਿਆ ਹਾਂ ।

ਜਦੋਂ ਨਿਕਲਾਂਗਾ, ਤਾਂ ਨਿਕਲਾਂਗਾ ਬਣ ਕੇ, ਮੈਂ ਖਰਾ ਸੋਨਾ,
ਤੂੰ ਮੇਰੀ ਪੀੜ 'ਤੇ ਨਾ ਜਾ, ਅਜੇ ਭੱਠੀ 'ਚ ਧਰਿਆ ਹਾਂ ।

ਇਕੱਲਾ ਹੋਣ ਨਾ ਦਿੰਦੇ, ''ਤੇਰੇ ਅਮਿਤਾਸ'' ਨੂੰ ਅੱਖਰ,
ਇਨ੍ਹਾਂ ਦਾ ਨੂਰ ਹੈ ਐਨਾ, ਕਿ ਅੰਦਰ ਤੀਕ ਭਰਿਆ ਹਾਂ ।

                                                   ( 4 )

ਰੁਤਬਿਆਂ ਦੇ ਬੋਝ ਥੱਲੇ, ਰਿਸ਼ਤਿਆਂ ਦੀ ਸਾਰ ਲੈ ।
ਫੁੱਲ ਸੁੱਕੀ ਜਾ ਰਹੇ ਨੇ, ਗਮਲਿਆਂ ਦੀ ਸਾਰ ਲੈ ।

ਕੀ ਪਤਾ ਕਿੰਨਾ ਲੜੇ ਨੇ, ਹੋਂਦ ਖਾਤਰ ਸੂਰਮੇ,
ਜੋ ਹਵਾਵਾਂ ਨੇ ਬੁਝਾਏ, ਦੀਵਿਆਂ ਦੀ ਸਾਰ ਲੈ ।

ਬੇਵਜਾ ਹੀ ਡਰ ਰਿਹਾ ਏਂ, ਖੌਫ ਕਾਹਦਾ ਹੈ ਭਲਾ ?
ਨਾ ਕਦੇ ਹੀ ਝੂਠ ਬੋਲਣ, ਸ਼ੀਸ਼ਿਆਂ ਦੀ ਸਾਰ ਲੈ ।

ਤੂੰ ਅਸਾਡੇ ਚਿਹਰਿਆਂ 'ਤੇ, ਮੁਸਕਰਾਹਟ ਦੇਖ ਨਾ,
ਹੋ ਸਕੇ ਤੈਥੋਂ ਕਦੇ ਤਾਂ, ਚੁੱਲ੍ਹਿਆਂ ਦੀ ਸਾਰ ਲੈ ।

ਤੂੰ ਖੁਦਾ ਕਾਹਦਾ, ਜੇ ਤੇਰੇ ਨਾਮ 'ਤੇ ਵੀ ਜੰਗ ਹੈ,
ਖੂਨ ਪਾਣੀ ਹੋ ਗਿਆ ਹੈ, ਬੰਦਿਆਂ ਦੀ ਸਾਰ ਲੈ ।

ਮੰਜ਼ਿਲਾਂ 'ਤੇ ਪਹੁੰਚ ਕੇ ਵੀ, ਪੀੜ ਨੂੰ ਹੀ ਦੇਖਦੈਂ,
ਚਾਲ ਹੈ ਓਹਨਾਂ ਵਧਾਈ, ਕੰਡਿਆਂ ਦੀ ਸਾਰ ਲੈ ।

ਹੋਰ ਕੋਈ ਗੁਜ਼ਰਿਆ, ਨਾ ਹੀ ਕਿਸੇ ਨੇ ਗੁਜ਼ਰਨਾ,
ਪਾਂਧੀਆ ! ਤੂੰ ਦਿਲ ਮੇਰੇ ਦੇ, ਰਸਤਿਆਂ ਦੀ ਸਾਰ ਲੈ ।

ਜੋ ਲਿਖੇ ਤੇਰੇ ਲਈ, ਦਿਨ ਰਾਤ ਹੀ ਅਮਿਤਾਸ ਨੇ,
ਅੱਖਰਾਂ ਦਾ ਹਾਲ ਸੁਣ, ਵਰਕਿਆਂ ਦੀ ਸਾਰ ਲੈ ।
                                                                        ਮੋਬਾਈਲ ਨੰਬਰ -  8528470984 

Post a Comment

0 Comments