ਮਨੁੱਖੀ ਮਨ ਦੇ ਅਹਿਸਾਸ ਦੀ ਤਰਜਮਾਨੀ-ਚੁੱਪ ਦੇ ਆਰ ਪਾਰ

ਚੁੱਪ ਦੇ ਆਰ ਪਾਰ ਬਚਿੱਤਰ 'ਪਾਰਸ' ਦੀਆਂ  ਗ਼ਜ਼ਲਾਂ ਦਾ ਸੰਗ੍ਰਹਿ ਹੈ । ਇਸ  ਵਿੱਚ ਉਸ ਨੇ ਆਪਣੀਆਂ ਸਤਾਨਵੇਂ ਗ਼ਜ਼ਲਾਂ ਪਾਠਕਾਂ ਲਈ ਪਰੋਸੀਆਂ ਹਨ । ਇਸ ਪੁਸਤਕ ਵਿੱਚ ਵੱਖ ਵੱਖ ਵਿਦਵਾਨਾਂ ਅਤੇ ਸਨੇਹੀਆਂ ਨੇ ਉਸ ਦੀ ਸ਼ਾਇਰੀ ਦੇ ਨਾਲ ਨਾਲ ਉਸ ਦੀ ਜ਼ਿੰਦਗੀ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ । ਜਿਸ ਵਿੱਚੋਂ ਪਹਿਲੀ ਗੱਲ ਉਭਰ ਕੇ ਆਉਂਦੀ ਹੈ ਕਿ ਪਾਰਸ ਦੇਖਣ ਵਿੱਚ ਸ਼ਾਇਰ ਨਜ਼ਰ ਨਹੀਂ ਆਉਂਦਾ । ਇਸ ਤੋਂ ਬਾਅਦ ਉਸ ਦੀ  ਮੰਦੀ ਆਰਥਿਕ ਹਾਲਤ ਬਾਰੇ ਹਰ ਇੱਕ ਨੇ ਜ਼ਿਕਰ ਕੀਤਾ ਹੈ ।  ਅਸਲ ਵਿੱਚ ਇਨ੍ਹਾਂ ਦੋਵਾਂ ਗੱਲਾਂ ਦਾ ਪਾਰਸ ਦੀ ਸ਼ਾਇਰੀ ਨਾਲ ਕੋਈ ਸਬੰਧ ਨਹੀਂ  ਕਿਉਂਕਿ ਸ਼ਾਇਰੀ ਲਈ ਸੰਵੇਦਨਸ਼ੀਲ ਹੋਣਾ ਵੱਡੀ ਗੱਲ ਹੈ । ਲੋਕ ਹਿੱਤ ਦੀ ਗੱਲ ਸੋਨੇ ਦੀ ਕਲਮ ਨਾਲ ਨਹੀਂ ਲਿਖੀ ਜਾਂਦੀ । ਪਾਰਸ ਸੰਵੇਦਨਸ਼ੀਲ ਮਨੁੱਖ ਹੈ । ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਜ਼ਿੰਦਗੀ ਦੇ ਤਜ਼ਰਬਿਆਂ ਵਿੱਚੋਂ ਉਪਜਦੇ ਹਨ । ਉਹ ਮਨੁੱਖੀ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੀ ਸਚਾਈ ਸਮਝਦਾ ਹੈ ਤੇ ਇਨ੍ਹਾਂ ਦਾ ਮੁਕਾਬਲਾ ਵੀ ਚੁੱਪਚਾਪ ਕਰਦਾ ਹੈ ।  ਚੁੱਪ ਦੇ ਆਰ ਪਾਰ ਉਸ ਦੀ ਸ਼ਾਇਰੀ ਨਜ਼ਰ ਆਉਂਦੀ ਹੈ ਜੋ ਉਸ ਨੂੰ ਪਾਰਸ ਵਜੋਂ ਰੂਪਮਾਨ ਕਰਦੀ ਹੈ । ਇੱਕ ਸ਼ਿਅਰ ਦੇਖੋ ;
ਨਾ ਗੌਲੋਗੇ ਤਾਂ ਮੈਂ ਅੱਗੇ ਲੰਘ ਜਾਵਾਂਗਾ,
ਦੇਵੋਗੇ ਆਵਾਜ਼ ਤਾਂ ਠਹਿਰ ਜਾਵਾਂਗਾ ।

ਜ਼ਿੰਦਗੀ ਦੀਆਂ ਤਲ਼ਖ ਹਕੀਕਤਾਂ ਦਾ ਸਾਹਮਣਾ ਕਰਦਾ ਉਹ ਕਹਿੰਦਾ ਹੈ ;
' ਪਾਰਸ ' ਫੇਰ ਕਿਵੇਂ ਮੰਜ਼ਿਲ ਤੇ ਅਪੜੇਂਗਾ,
ਤੱਕ ਕੇ ਜੇ ਹਾਲਾਤ ਹੌਂਸਲੇ ਢਹਿ ਗਏ ਨੇ ।
ਪਾਰਸ ਸਮਾਜਿਕ ਅਤੇ ਰਾਜਨੀਤਕ ਤੌਰ 'ਤੇ ਪੂਰੀ ਤਰਾਂ ਸੁਚੇਤ ਹੈ । ਉਹ ਮੁਲਕ ਦੇ ਹਾਕਮਾਂ ਵੱਲੋਂ ਅਵਾਮ ਦੀ ਅਣਦਖੀ ਕੀਤੇ ਜਾਣ ਅਤੇ ਸਿਆਸਤ ਵਿਚ ਬੈਠੇ ਦੰਭੀ ਲੋਕਾਂ ਦੀ ਤਸਵੀਰ ਆਪਣੇ ਸ਼ਿਅਰਾਂ ਵਿਚ ਉਲੀਕਦਾ ਹੈ ।
ਮਾਲੀ ਹੀ ਪਾਈ ਜਾ ਰਹੇ , ਖ਼ੁਦ ਬੂਟਿਆਂ ਦੀ ਜੜ੍ਹ 'ਚ ਤੇਲ ,
ਇਹੋ ਗਵਾਹੀ ਦੇ ਰਹੀ , ਵੀਰਾਨਗੀ ਗੁਲਜ਼ਾਰ ਦੀ ।
 ਉਸ ਕੋਲ ਢੁੱਕਵੇਂ ਸ਼ਬਦਾਂ ਦਾ ਭੰਡਾਰ ਹੈ । ਪਾਰਸ ਨੇ  ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਲੋਕ ਕਹਾਵਤਾਂ ਦੀ ਵਰਤੋਂ ਬਹੁਤ ਸੁਚੱਜੇ ਰੂਪ  'ਚ ਕੀਤੀ ਹੈ । ਜਿਸ ਕਾਰਨ ਉਸ ਦੇ ਸ਼ਿਅਰ ਪਾਠਕ ਜਾਂ ਸਰੋਤੇ 'ਤੇ ਆਪਣਾ ਪ੍ਰਭਾਵ ਪਾਉਣ ਵਿੱਚ ਸਮਰੱਥ ਹੁੰਦੇ ਹਨ ।
ਹਿੰਮਤਾਂ ਅੱਗੇ ਪ੍ਰਬਤ ਝੁਕਦੇ , ਪੜ੍ਹਿਆ ਹੈ ਤੇ ਤੱਕਿਆ ਵੀ ਹੈ ,
ਹਿੰਮਤ ਹੈ ਤਾਂ ਕਣ ਮਿੱਟੀ ਦਾ , ਅੰਬਰਾਂ ਤੀਕਰ ਛਾ ਜਾਂਦਾ ਹੈ ।
ਪਾਰਸ ਦੀਆਂ ਗ਼ਜ਼ਲਾਂ ਵਿੱਚ ਗੀਤਾਂ ਵਰਗੀ ਰਵਾਨੀ ਹੈ । ਇਸ ਦਾ ਕਾਰਨ ਇਹ ਵੀ ਹੈ ਕਿ ਉਹ ਗ਼ਜ਼ਲ ਦੇ ਵਿਧੀ ਵਿਧਾਨ ਦਾ ਵਾਕਫ਼ ਤਾਂ ਹੈ ਹੀ ਨਾਲ ਹੀ ਉਹ ਗ਼ਜ਼ਲਗੋ ਵੀ ਹੈ । ਉਹ ਸਟੇਜ 'ਤੇ ਜਦੋਂ ਤਰੰਨਮ ਵਿੱਚ ਗ਼ਜ਼ਲ ਪੇਸ਼ ਕਰਦਾ ਹੈ ਤਾਂ ਸਰੋਤਿਆਂ ਨੂੰ ਕੀਲ ਲੈਂਦਾ ਹੈ । ਉਸ ਦੇ ਸ਼ਿਅਰਾਂ ਵਿੱਚ ਜੀਵਨ ਦੀਆਂ ਤਲਖ਼ ਹਕੀਕਤਾਂ ਦੀ ਤਰਜ਼ਮਾਨੀ ਤਾਂ ਹੁੰਦੀ ਹੈ ਪਰ ਉਸ ਨੇ  ਗ਼ਜ਼ਲ ਦੀ ਪ੍ਰੰਪਰਾ ਨੂੰ ਵੀ ਬਰਕਰਾਰ ਰੱਖਿਆ ਹੈ । ਇਸ਼ਕ ਮਜਾਜੀ ਦਾ ਰੰਗ ਉਸ ਦੇ ਕਈ ਸ਼ਿਅਰਾਂ ਵਿੱਚ ਪ੍ਰਗਟ ਹੁੰਦਾ ਹੈ ।
ਤੇਰੀ ਹੀ ਤਸਵੀਰ ਬਣੀ ਹੈ ਹਰ ਵਾਰੀ ,
ਜਦ ਵੀ ਕਾਗਜ਼ ਤੇ ਕੋਈ ਨਕਸ਼ ਉਕਰਦਾ ਹਾਂ ।
_______
ਮੇਰੀ ਜ਼ਿੰਦਗੀ ਫੇਰ ਮੁਕੰਮਲ ਹੋਣੀ ਏ ,
ਤੇਰੀ ਕਮੀ ਜਦੋਂ ਵੀ ਹੋਣੀ ਪੂਰੀ ਏ ।
ਖ਼ੂਬਸੂਰਤ ਗ਼ਜ਼ਲਾਂ ਦੀ ਇਸ ਪੁਸਤਕ ਨੂੰ 5 ਆਬ ਪ੍ਰਕਾਸ਼ਨ ਜਲੰਧਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ । ਜਿਸ ਦੀ ਕੀਮਤ 180 ਰੁਪਏ ਰੱਖੀ ਗਈ ਹੈ ।
                                                                                                                ਸਰਬਜੀਤ ਧੀਰ
                                                                                                                                                     + 91 8872218418
 ਬਚਿੱਤਰ ਪਾਰਸ ਦਾ ਮੋਬਈਲ ਨੰਬਰ- +919357840684 

Post a Comment

0 Comments