ਸਾਹਿਤਕ ਸੱਥ ਖਰੜ ਵੱਲੋਂ ਪੁਸਤਕ ‘ਗੀਤਾਂ ਦਾ ਬਗੀਚਾ’ ਲੋਕ ਅਰਪਣ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ

ਖਰੜ,22 ਮਾਰਚ (ਬਿਊਰੋ)

ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੁਸ਼ੀ ਰਾਮ ਨਿਮਾਣਾ ਦੀ ਕਾਵਿ-ਪੁਸਤਕ “ਗੀਤਾਂ ਦਾ ਬਗੀਚਾ”(ਗੀਤ-ਸੰਗ੍ਰਹਿ) ਲੋਕ ਅਰਪਣ ਕੀਤੀ ਗਈ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਾਇਰ ਜਸਪਾਲ ਸਿੰਘ ਦੇਸੂਵੀ ਸਨ। ਸਮਾਗਮ ਦੀ ਪ੍ਰਧਾਨਗੀ ਡਾ. ਦਵਿੰਦਰ ਸਿੰਘ ਬੋਹਾ, ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਪਿਆਰਾ ਸਿੰਘ ਰਾਹੀ ਅਤੇ ਖੁਸ਼ੀ ਰਾਮ ਨਿਮਾਣਾ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕਰਨ ਉਪਰੰਤ ਪਿਆਰਾ ਸਿੰਘ ਰਾਹੀ ਵੱਲੋਂ ਪੁਸਤਕ ‘ਤੇ ਪੇਪਰ ਪੜ੍ਹਦਿਆਂ ਕਿਹਾ ਕਿ ਇਹ ਗੀਤ ਜਿੱਥੇ ਪਰਿਵਾਰਿਕ ਰਿਸ਼ਤਿਆਂ ਦੀ ਆਪਸੀ ਸਾਂਝ,ਪਿਆਰ, ਉਨ੍ਹਾਂ ਵਿੱਚ ਆਏ ਬਦਲਾਵਾਂ ਤੇ ਟੁੱਟ-ਭੱਜ ਦੀ ਚੀਸ ਦੀ ਗੱਲ ਕਰਦੇ ਹਨ ਉੱਥੇ ਰਾਜਨੀਤਕ,ਆਰਥਿਕ ਮੁੱਦਿਆਂ ਤੇ ਸਮਾਜਿਕ ਬੁਰਾਈਆਂ ਦੀ ਗੱਲ ਵੀ ਕਰਦੇ ਹਨ। ਪੁਸਤਕ ਤੇ ਵਿਚਾਰ-ਚਰਚਾ ਕਰਦਿਆਂ ਜਸਵਿੰਦਰ ਸਿੰਘ ਕਾਈਨੌਰ ਨੇ ਕਿਹਾ ਕਿ ਲੇਖਕ ਨੇ ਆਪਣੀ ਕਲਮ ਰਾਹੀਂ ਪੁਰਾਤਨ ਵਿਰਸੇ ਅਤੇ ਨਵੀਂ ਸੋਚ ਦੇ ਦਰਮਿਆਨ ਇਕ ਪੁਲ ਉਸਾਰਨ ਦੀ ਕੋਸ਼ਿਸ਼ ਕੀਤੀ ਹੈ। ਜਲੌਰ ਸਿੰਘ ਖੀਵਾ ਨੇ ਕਿਹਾ ਕਿ ਇਹ ਗੀਤ ਲੇਖਕ ਦੇ ਮਨੋਭਾਵਾਂ ਦੀ ਸਧਾਰਨ ਸ਼ਬਦਾਂ ਵਿਚ ਸੋਹਣੀ ਤਰਜ਼ਮਾਨੀ ਕਰਦੇ ਹਨ। ਤਕਨੀਕ ਪੱਖੋਂ ਸਾਰੇ ਗੀਤ ਲੈਅ ਤਾਲ ਵਿੱਚ ਹਨ। ਸੁਰੀਲੇ ਗਾਇਕ ਗੁਰਵਿੰਦਰ ਗੁਰੀ, ਰਤਨ ਸਿੰਘ ਬਾਬਕਵਾਲਾ ਆਦਿ ਨੇ ਪੁਸਤਕ ਵਿੱਚੋਂ ਗੀਤ ਪੇਸ਼ ਕੀਤੇ।

ਪੁਸਤਕ ਦੇ ਲੇਖਕ ਨਿਮਾਣਾ ਨੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਸਭ ਦਾ ਧੰਨਵਾਦ ਕੀਤਾ ਅਤੇ ਪੁਸਤਕ ਵਿੱਚੋਂ ਆਪਣੀਆਂ ਰਚਨਾਵਾਂ ਵੀ ਸੁਣਾਈਆਂ। ਸਰਬਜੀਤ ਸਿੰਘ ਦੇ ਧਾਰਮਿਕ ਗੀਤ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਮਨਜੀਤ ਪਾਲ ਸਿੰਘ, ਪਿਆਰਾ ਸਿੰਘ ਰਾਹੀ, ਜਸਵਿੰਦਰ ਸਿੰਘ ਕਾਈਨੌਰ, ਤਰਸੇਮ ਸਿੰਘ ਕਾਲੇਵਾਲ, ਬਲਵਿੰਦਰ ਸਿੰਘ ਢਿੱਲੋਂ, ਦਲਬੀਰ ਸਿੰਘ ਸਰੋਆ, ਬੰਤ ਸਿੰਘ ਦੀਪ, ਜਸਮਿੰਦਰ ਸਿੰਘ ਰਾਉ, ਕੇਸਰ ਸਿੰਘ ਇੰਸਪੈਕਟਰ, ਡਾ.ਰੁਪਿੰਦਰ ਕੌਰ, ਅਮਨਦੀਪ ਕੌਰ ਭੱਟੀ, ਰਾਜਵਿੰਦਰ ਸਿੰਘ ਗੱਡੂ, ਬਾਬੂ ਰਾਮ ਦੀਵਾਨਾ, ਜਲੌਰ ਸਿੰਘ ਖੀਵਾ, ਧਿਆਨ ਸਿੰਘ ਕਾਹਲੋਂ, ਹਿੱਤ ਅਭਿਲਾਸ਼ੀ ਹਿੱਤ, ਮਹਿੰਦਰ ਸਿੰਘ ਗੋਸਲਾਂ, ਮਾਸਟਰ ਮਲਕੀਤ ਸਿੰਘ, ਅਨੰਤ ਮਿਹਰ, ਵੇਦਾਂਸ ਸਿੰਘ, ਨਵਨੀਤ ਕੁਮਾਰ ਅਤੇ ਸਿੰਮੀ ਮੋਹਾਲੀ ਆਦਿ ਨੇ ਆਪਣੀਆਂ ਵੱਖ-ਵੱਖ ਕਾਵਿ-ਰਚਨਾਵਾਂ ਰਾਹੀਂ ਖੂਬ ਰੰਗ ਬੰਨਿਆਂ। ਸੱਥ ਵੱਲੋਂ ਪੁਸਤਕ ਦੇ ਲੇਖਕ ਖੁਸ਼ੀ ਰਾਮ ਨਿਮਾਣਾ, ਡਾ.ਦਵਿੰਦਰ ਸਿੰਘ ਬੋਹਾ, ਜਸਪਾਲ ਸਿੰਘ ਦੇਸੂਵੀ ਅਤੇ ਸੀਨੀਅਰ ਪੱਤਰਕਾਰ ਤਰਸੇਮ ਸਿੰਘ ਜੰਡਪੁਰੀ ਨੂੰ ਮੋਮੈਂਟੋ/ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਰਣਜੀਤ ਕੌਰ ਕਾਈਨੌਰ, ਭਾਗ ਸਿੰਘ ਸ਼ਾਹਪੁਰ, ਅਮਨਪ੍ਰੀਤ ਸਿੰਘ, ਮਨਪ੍ਰੀਤ ਕੌਰ, ਡਾ. ਸ਼ੁਭਮ ਮਹਿਰਾ, ਰਾਜ ਰਾਣੀ, ਐਡਵੋਕੇਟ ਨਰਿੰਦਰ ਸਿੰਘ, ਗੁਰਮੀਤ ਸਿੰਗਲ, ਦਰਸ਼ਨ ਪਾਲ, ਕਰਮਜੀਤ ਘੁੰਮਣ ਆਦਿ ਵੀ ਹਾਜ਼ਿਰ ਹੋਏ। ਮੰਚ ਸੰਚਾਲਨ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਕੀਤਾ ਗਿਆ। ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ। ਮੁੱਖ ਮਹਿਮਾਨ ਜਸਪਾਲ ਸਿੰਘ ਦੇਸੂਵੀ ਨੇ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਧ ਤੋਂ ਵੱਧ ਯਤਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਪੁਸਤਕ ਬਾਰੇ ਬੋਲਦਿਆਂ ਗੀਤਾਂ ਦੀ ਪ੍ਰਸੰਸਾ ਕੀਤੀ ਅਤੇ ਲੇਖਕ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸੱਥ ਨੂੰ 5100/- ਰੁਪਏ ਦਾ ਵਿੱਤੀ ਸਹਿਯੋਗ ਵੀ ਦਿੱਤਾ। ਸਮਾਗਮ ਵਿਚ ਪੱਤਰਕਾਰ ਤਰਸੇਮ ਸਿੰਘ ਜੰਡਪੁਰੀ ਨੇ ਬੋਲਦਿਆਂ ਲੇਖਕਾਂ ਨੂੰ ਪੰਜਾਬ ਵਿਚ ਚੱਲ ਰਹੇ ਨਸ਼ਿਆਂ ‘ਤੇ ਹੋਰ ਬੁਰਾਈਆਂ ਬਾਰੇ ਲਿਖਣ ਲਈ ਪ੍ਰੇਰਤ ਕੀਤਾ ਅਤੇ ਸੱਥ ਦੀਆਂ ਪੰਜਾਬੀ ਮਾਂ-ਬੋਲੀ ਪ੍ਰਤੀ ਗਤੀਵਿਧੀਆਂ ਤੋਂ ਖੁਸ਼ ਹੋ ਕੇ 2100/- ਰੁਪਏ ਦਾ ਵਿੱਤੀ ਸਹਿਯੋਗ ਵੀ ਦਿੱਤਾ। ਡਾ. ਦਵਿੰਦਰ ਸਿੰਘ ਬੋਹਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੁਸਤਕ ਬਾਰੇ ਬੋਲਦਿਆਂ ਗੀਤਾਂ ਬਾਰੇ ਮੱਧ-ਕਾਲ ਤੋਂ ਲੈਕੇ ਹੁਣ ਤੱਕ ਹੋਏ ਗੀਤਾਂ ਦੇ ਵਿਕਾਸ ਅਤੇ ਗੀਤਾਂ ਰਾਹੀਂ ਪੰਜਾਬੀ ਮਾਂ-ਬੋਲੀ ਦੇ ਹੋਏ ਪ੍ਰਸਾਰ ਬਾਰੇ ਵਿਸਥਾਰਪੂਰਵਕ ਗੱਲ ਕਰਦਿਆਂ ਪੁਸਤਕ ਵਿਚਲੇ ਗੀਤਾਂ ਦੇ ਵਿਸ਼ਿਆਂ ਬਾਰੇ ਪ੍ਰਸੰਸਾ ਕੀਤੀ ਅਤੇ ਭਵਿੱਖ ਵਿੱਚ ਹੋਰ ਵਧੀਆ ਸਮਾਜਿਕ ਗੀਤ ਲਿਖਣ ਲਈ ਕੁੱਝ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਕਵੀ ਦਰਬਾਰ ਵਿੱਚ ਪੇਸ਼ ਰਚਨਾਵਾਂ ਦੀ ਸ਼ਲਾਘਾ ਕੀਤੀ ਅਤੇ ਸੱਥ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ।