ਨਿਰਮਲ ਦੱਤ ਦੇ ਦੋਹੇ ਅਤੇ ਨਜ਼ਮਾਂ

ਸ਼ਬਦ ਚਾਨਣੀ---ਨਿਰਮਲ ਦੱਤ




ਦੋਹੇ


ਦੱਸ ਮੈਨੂੰ ਕੀ ਭੇਤ ਹੈ ਲਾ ਕੇ ਜ਼ਰਾ ਕਿਆਸ

ਸਾਗਰ ਨੂੰ ਪਾਣੀ ਮਿਲੇ, ਮਾਰੂਥਲ ਨੂੰ ਪਿਆਸ.

 

ਥਲ ਪਾਣੀ ਨੂੰ ਢੂੰਡਦਾ, ਸਾਗਰ ਲੱਭਦਾ ਪਿਆਸ,

ਏਦਾਂ ਇਸ ਸੰਸਾਰ ਵਿੱਚ ਪਰਗਟ ਹੋਵੇ ਆਸ.

 

ਭਾਵੇਂ ਕੰਡੇ ਮੰਗ ਲਵੀਂ ਜਾਂ ਫੁੱਲਾਂ ਦਾ ਸੰਗ,

ਮਰਜ਼ੀ ਹੀ ਮੂਰਤ ਬਣੇਂ, ਚਾਹਤ ਉਸਦੇ ਰੰਗ.

 

ਸੁੱਤਿਆਂ ਸੰਗ ਵਹਿਸ਼ਤ ਰਹੇ ਜਾਂ ਫਿਰ ਰਹੇ ਵੈਰਾਗ,

ਵਜਦ ਰਹੇ ਸੰਗ ਓਸਦੇ ਜੋ ਜਾਂਦਾ ਹੈ ਜਾਗ.

 

'ਓਹ', 'ਆਹ', ਤੇ 'ਮੈਂ' ਇੱਕ ਹੈ, ਨਹੀਂ ਕਿਧਰੇ ਕੋਈ ਦੋਮ,

ਇਸ ਸੱਚ ਨੂੰ ਸਮਝਣ ਲਈ ਬਣਿਆਂ ਮੰਤਰ 'ਓ ਅ ਮ'.

 


ਕੋਰਾ ਕਾਗ਼ਜ਼

 

ਇਹ ਜੀਵਨ

ਇੱਕ ਕੋਰਾ ਕਾਗ਼ਜ਼

ਜਿਸਦੇ ਇੱਕ ਪਾਸੇ ਦੇ ਉੱਤੇ

ਤੁਸੀਂ ਗੀਤ ਕੋਈ ਲਿਖਣਾ ਚਾਹਿਆ,

ਪਰ ਇਹ ਪਾਸਾ

ਤੁਹਾਡੇ ਕਾਹਲਪੁਣੇ ਦੇ ਕਾਰਨ

ਜ਼ਾਇਆ ਹੋਇਆ;

 

ਜ਼ਰਾ ਸਹਿਜ ਨਾਲ਼

ਦੂਜੇ ਪਾਸੇ

ਫਿਰ ਤੋਂ ਕੋਸ਼ਿਸ਼ ਕਰ ਕੇ ਵੇਖੋ,

ਹੋ ਸਕਦਾ ਹੈ

ਅਮਰ ਗੀਤ ਕੋਈ

ਲਿਖਿਆ ਜਾਵੇ.

 

 ਸੁਪਨਾ ਤੇ ਸੱਚ

 

ਜਦੋਂ ਮੈਂ ਬਾਲ ਸਾਂ

ਮੈਂ ਸੋਚਦਾ ਸਾਂ

ਕਿ ਜਿਸਨੇ ਆਦਮੀਂ ਲਈ ਅੱਗ ਚੁਰਾਈ ਸੀ

ਉਸ ਨੇ ਕੁਝ ਨਹੀਂ ਕੀਤਾ,

ਜਦੋਂ ਮੈਂ ਜੁਆਨ ਹੋਵਾਂਗਾ

ਤਾਂ ਮੈਂ ਇਹ ਅੱਗ ਚੁਰਾਉਣੀ ਨਹੀਂ

ਸਗੋਂ ਖੋਹ ਕੇ ਲਿਆਵਾਂਗਾ;

ਹੁਣ ਜਦੋਂ ਮੈਂ ਜੁਆਨ ਹਾਂ

ਤੇ ਜਦ ਫਿਰ ਆਦਮੀਂ ਲਈ

ਅੱਗ ਚੋਰੀ ਕਰਨ ਦੀ

ਕੁਝ ਲੋਕ

ਕੋਸ਼ਿਸ਼ ਕਰ ਰਹੇ ਨੇ   

ਮੈਂ

ਬੜਾ ਹੈਰਾਨ ਹੋ ਕੇ ਵੇਖਦਾ ਹਾਂ

ਕਿ ਮੈਂ

ਸਮੇਂ ਦੀ ਝੀਲ ਵਿੱਚ

ਪੱਤਿਆਂ ਦੇ ਉੱਤੇ ਤੈਰਦੇ ਹੋਏ

ਬੌਣਿਆਂ ਦੀ ਫੌਜ ਵਿੱਚ ਹਾਂ

ਤੇ ਸਾਡਾ

ਤਿਤਲੀਆਂ ਨਾਲ਼ ਯੁੱਧ ਜਾਰੀ ਹੈ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

 

Post a Comment

0 Comments