ਸੀਪੀਆਈ ਅਤੇ ਸੀਪੀਐਮ ਵੱਲੋਂ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ

 

ਸੀ. ਪੀ. ਆਈ. ਅਤੇ ਸੀ. ਪੀ. ਐਮ. ਵੱਲੋਂ ਰੋਸ ਪ੍ਰਦਰਸ਼ਨ

ਚੰਡੀਗੜ੍ਹ, 27 ਅਪਰੈਲ (ਬਿਊਰੋ)

ਬੀਤੇ ਦਿਨ ਸੀ. ਪੀ. ਆਈ., ਸੀ. ਪੀ. ਐਮ. (ਜ਼ਿਲ੍ਹਾ ਚੰਡੀਗੜ੍ਹ ਅਤੇ ਮੋਹਾਲੀ) ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਪਹਿਲਗਾਮ ਵਿਖੇ ਨਿਰਦੋਸ਼ ਭਾਰਤੀਆਂ ਉਤੇ ਹੋਏ ਆਤੰਕੀ ਹਮਲੇ ਖਿਲਾਫ਼ ਪਲਾਜ਼ਾ, ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੋ ਮਿੰਟ ਦਾ ਮੋਨ ਧਾਰ ਕੇ ਦਹਿਸ਼ਤਗਰਦਾਂ ਵੱਲੋਂ ਮਾਰੇ ਗਏ ਨਿਰਦੋਸ਼ ਭਾਰਤੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਕਿਰਤੀਆਂ, ਵਿਦਿਆਰਥੀਆਂ, ਵਕੀਲਾਂ ਅਤੇ ਆਮ ਸ਼ਹਿਰੀਆਂ ਦੇ ਵਿਸ਼ਾਲ ਇਕੱਠ ਦੌਰਾਨ ਸਰਬਸ੍ਰੀ ਦੇਵੀ ਦਿਆਲ ਸ਼ਰਮਾ, ਐਮ ਐਸ ਗੋਰਸੀ, ਡਾ. ਸੁਲਤਾਨਾ, ਜਸਪਾਲ ਦੱਪਰ, ਡਾ. ਕੰਮਲਜੀਤ ਕੌਰ ਢਿੱਲੋਂ, ਕੁਲਦੀਪ ਸਿੰਘ, ਕਰਮ ਸਿੰਘ ਵਕੀਲ, ਰਾਜ ਕੁਮਾਰ ਅਤੇ ਦਿਨੇਸ਼ ਪ੍ਰਸ਼ਾਦ ਨੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਪਹਿਲਗਾਮ ਹਮਲੇ ਲਈ ਕੇਂਦਰ ਸਰਕਾਰ ਅਤੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਚੌਕਸ ਨਾ ਰਹਿਣ, ਦੇਸ਼ ਅਤੇ ਦੇਸ਼ ਵਾਸੀਆਂ ਦੀ ਸੁਰੱਖਿਆ ਪ੍ਰਤੀ ਅਵੇਸਲੇ ਰਹਿਣ ਲਈ ਸਿੱਧੇ ਤੌਰ ਉਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਅਜਿਹੇ ਘਿਨਾਉਣੇ ਹਮਲਿਆਂ ਨਾਲ ਅੱਤਵਾਦੀ ਤੇ ਵੱਖਵਾਦੀ ਸ਼ਕਤੀਆਂ ਦੇਸ਼ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਨਿਖੇੜ ਨਹੀਂ ਸਕਦੀਆਂ। ਦੇਸ ਵਾਸੀ ਅਸਮਾਨ ਛੂਹ ਰਹੀ ਮਹਿੰਗਾਈ, ਬਦਅਮਨੀ, ਬੇਰੁਜਗਾਰੀ ਅਤੇ ਅਰਾਜਕਤਾ ਤੋਂ ਪਰੇਸ਼ਾਨ ਹਨ ਪਰ ਸਰਕਾਰ ਅਸਰਦਾਰ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਹੈ। ਅੱਜ ਕਸ਼ਮੀਰੀ ਲੋਕਾਂ ਨੂੰ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਅਤੇ ਅੱਤਵਾਦੀ ਹਮਲੇ ਬਲਦੀ ਉਤੇ ਤੇਲ ਦਾ ਕੰਮ ਕਰ ਰਹੇ ਹਨ। ਕਸ਼ਮੀਰ ਦੇਸ਼ ਦਾ ਅਟੁੱਟ ਅੰਗ ਹੈ ਪਰ ਕੇਂਦਰ ਸਰਕਾਰ ਕਸ਼ਮੀਰ ਵਿੱਚ ਹੋਏ ਹਮਲਿਆਂ ਨੂੰ ਵੋਟਾਂ ਵਸੂਲਣ ਲਈ ਹੀ ਵਰਤਦੀ ਰਹੀ ਹੈ। ਛੋਟੇ ਦੁਕਾਨਦਾਰ ਕਸ਼ਮੀਰੀਆਂ ਲਈ ਗਰਮੀ ਦੌਰਾਨ ਕੁੱਝ ਮਹੀਨੇ ਦਾ ਵਿਉਪਾਰ ਹੀ ਆਰਥਿਕ ਮਜਬੂਤੀ ਦੇਂਦਾ ਹੈ ਪਰ ਅਜਿਹੇ ਹਮਲੇ ਗਰੀਬਾਂ ਲਈ ਘਾਤਕ ਹਨ। ਉਨ੍ਹਾਂ ਕਸ਼ਮੀਰ ਵਿੱਚ ਹਰ ਹਾਲਤ ਵਿੱਚ ਫ਼ੌਰੀ ਤੌਰ ਤੇ ਅਮਨ-ਸ਼ਾਂਤੀ ਬਹਾਲ ਕਰਨ ਉਤੇ ਜੋਰ ਦਿੱਤਾ।


Post a Comment

0 Comments