Moon longs always over there to stay

Where all my songs come to play.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਤੇਰਾ ਰਾਹ ਵੇਖਣ ਤਸਵੀਰਾਂ

ਤੇ ਰੰਗ ਤੇਰਾ ਦਰ ਲੱਭਦੇ.

 

ਸੁਣੇ ਰੱਬ ਵੀ ਤਾਂ ਲੁਕ-ਲੁਕ ਰੋਵੇ

ਗੀਤ ਤੇਰਾ ਕੂਕ ਵਰਗਾ.

 

ਅਸੀਂ ਮੱਥੇ 'ਤੇ ਸਜਾ ਲਏ ਸਜਦੇ

ਜਦੋਂ ਦਾ ਤੈਨੂੰ ਰੱਬ ਮੰਨਿਆਂ.

 

ਓਥੇ ਚੰਨ੍ਹ ਨੇ ਆਲ੍ਹਣਾ ਪਾਇਆ

ਜਿੱਥੇ ਮੇਰੇ ਗੀਤ ਖੇਡਦੇ.

 

ਜਿੱਥੇ ਸੁੱਕ ਗਏ ਅੱਖਾਂ 'ਚੋਂ ਸੁਪਨੇ

ਓਥੋਂ ਅੱਗੇ ਰਾਹ ਮੁੱਕ ਗਏ.

 

ਜਿੱਥੇ ਉੱਠ ਗਏ ਅੱਖਾਂ ਤੋਂ ਪਰਦੇ

ਓਥੇ ਸਾਰੇ ਰਾਹ ਮੁੱਕ ਗਏ.

ਗ਼ਜ਼ਲ

ਤੇਰੇ ਸਿਰ 'ਤੇ ਕੋਈ ਇਲਜ਼ਾਮ ਨਹੀਂ ਹੈ,

ਇਹ ਮੇਰਾ ਦਿਲ ਹੀ ਮੇਰੇ ਨਾਮ ਨਹੀਂ ਹੈ.

 

ਨਹੀਂ, ਸੂਰਜ ਨਹੀਂ ਆਦਰਸ਼ ਮੇਰਾ,

ਇਹਦੀ ਤਕਦੀਰ ਵਿੱਚ ਆਰਾਮ ਨਹੀਂ ਹੈ.

 

ਤੇਰੇ ਨੈਣਾਂ 'ਚ ਮਸਤੀ ਹੋਸ਼ ਦੀ ਹੈ,

ਤੇ ਕੋਈ ਮੈਕਦਾ ਜਾਂ ਜਾਮ ਨਹੀਂ ਹੈ.

 

ਹੈ ਵਰਜਿਤ ਸ਼ੌਕ ਲਈ ਜੋਗੀ ਦਾ ਡੇਰਾ,

ਘਰਾਂ ਵਿੱਚ ਇਹ ਜਗ੍ਹਾ ਬਦਨਾਮ ਨਹੀਂ ਹੈ.

 

ਇਹ ਰਾਹ ਰੱਬ ਦਾ ਕੋਈ ਕਾਫ਼ਿਰ ਹੀ ਜਾਣੇ,

ਇਹ ਰਸਤਾ ਮੋਮਿਨਾਂ ਲਈ ਆਮ ਨਹੀਂ ਹੈ.

 

ਗਗਨ ਕੈਨਵਸ ਤੇ ਸੂਰਜ ਇੱਕ ਮਸੱਵਰ,

ਇਹ ਇੱਕ ਤਸਵੀਰ ਹੈ ਕੋਈ ਸ਼ਾਮ ਨਹੀਂ ਹੈ.

ਨਜ਼ਮਾਂ

ਪ੍ਰਤੀਕਰਮ

ਮਿੱਤਰ ਪਿਆਰੇ,

ਤੇਰੀਆਂ ਨਜ਼ਮਾਂ ਪੜ੍ਹਦੇ-ਪੜ੍ਹਦੇ

ਇੰਝ ਲੱਗਿਆ ਹੈ:

 

ਕਈ ਸੰਖ

ਕਿੰਨੀਆਂ ਖੜਤਾਲ਼ਾਂ

ਕਿੰਨੇ ਸਾਰੇ ਤਬਲੇ, ਵਾਜੇ

ਸਾਰੇ ਰਲ਼ ਕੇ

ਸੁੱਚੇ ਰਾਗਾਂ ਨੂੰ

ਲੁੱਚੇ ਬੋਲਾਂ ਨੂੰ ਚੁੰਮਣੋਂ ਰੋਕ ਰਹੇ ਨੇ.

 

ਅੱਥਰੀ ਵਾ ਦਾ ਪਿਆਰ-ਸੁਨੇਹਾ:

ਇੱਕ ਨਿੱਕੀ ਜਿਹੀ ਰੰਗਲੀ ਕਿਸ਼ਤੀ,

ਸਾਊ ਜਿਹੇ ਦਰਿਆ ਦੇ ਦਿਲ ਵਿੱਚ

ਪਤਾ ਨਹੀਂ ਕੀ, ਕੀ ਕਰਦੀ ਹੈ!

 

ਕੂੰਜਾਂ ਦੀ ਇੱਕ ਡਾਰ

ਸ਼ਾਮ ਦੇ ਸੋਨ-ਸੁਨਹਿਰੀ ਵਰਕੇ ਉੱਤੇ

ਮੱਛੀ ਦੀ ਅੱਖ ਲੱਭਦਾ ਹੋਇਆ

ਤੀਰ ਬਣੀ ਹੈ.

 

ਰਾਤ ਚਾਨਣੀ

ਪੂਰੇ ਚੰਨ ਦੇ ਅੱਗਿਓਂ ਉੱਡਦਾ

ਹੁਣੇ-ਹੁਣੇ ਹੀ

ਦੁੱਧ-ਚਿੱਟਾ ਇੱਕ ਹੰਸ ਗਿਆ ਹੈ.

 

ਟਿਕੀ ਰਾਤ ਵਿੱਚ

ਥੋੜ੍ਹੇ-ਥੋੜ੍ਹੇ ਵਿਗੜੇ ਤਾਰੇ

ਅੰਬਰ ਤੋਂ ਧਰਤੀ 'ਤੇ ਆ ਕੇ

ਮਾਰੂਥਲ ਦੀ ਸਾਊ ਜਿਹੀ

ਸ਼ਰਮੀਲੀ ਚੁੱਪ ਨੂੰ ਛੇੜ ਰਹੇ ਨੇ.

 

ਜੇਠ-ਹਾੜ੍ਹ ਦੀ ਤਪਦੀ ਰੁੱਤ ਵਿੱਚ

ਇੱਕ ਸਾਂਵਲੀ, ਕਮਲ਼ੀ ਬੱਦਲੀ

ਖਿਝੇ-ਖਿਝੇ ਫੁੱਲਾਂ ਨੂੰ ਚੁੰਮ ਕੇ

ਮਿੰਨ੍ਹਾਂ-ਮਿੰਨ੍ਹਾਂ ਹੱਸ ਰਹੀ ਹੈ.

 

ਗਜ-ਗਜ ਲੰਮੀ ਦਾਹੜੀ ਵਾਲੇ

ਜਤੀ-ਸਤੀ ਦੀ

ਮਾਲ਼ਾ ਦੇ ਘਸ ਚੁੱਕੇ ਮਣਕੇ

ਬਣ-ਬਣ ਘੁੰਗਰੂ ਡੋਲ ਰਹੇ ਨੇ.

 

ਸੋਚਾਂ ਦੀ

ਉਲ਼ਝੀ ਹੋਈ, ਸੁੱਕੀ ਝਾੜੀ 'ਚੋਂ

ਪਤਾ ਨਹੀਂ ਕੀ

ਸਰ-ਸਰ ਕਰਦਾ ਲੰਘ ਗਿਆ ਹੈ........!

ਨਜ਼ਰ, ਸਮਝ ਵਾਲ਼ੇ

ਜਿਨ੍ਹਾਂ ਕੋਲ਼ ਨਜ਼ਰ ਹੈ

ਤੇ ਸਮਝ ਹੈ

ਉਨ੍ਹਾਂ ਨੂੰ ਖ਼ਬਰ ਹੈ

ਕਿ ਤਾਰੇ ਵਰਣਮਾਲ਼ਾ ਨੇ

ਜਿਸਦੇ ਨਾਲ

ਕੁਦਰਤ ਰਾਤ ਦੇ ਕਾਲੇ ਸਫ਼ੇ 'ਤੇ

ਪਿਆਰੇ-ਪਿਆਰੇ ਗੀਤ ਲਿਖਦੀ ਹੈ,

ਤੇ ਫੁੱਲ

ਰੰਗਾਂ 'ਚ ਢਾਲ਼ੇ

ਪਿਆਰ ਦੇ ਮਿੱਠੇ ਸੁਨੇਹੇ ਨੇ

ਜਿਨ੍ਹਾਂ 'ਤੇ ਛਿੜਕ ਕੇ ਖ਼ੁਸ਼ਬੂ

ਕੋਈ ਤੇਰੇ ਲਈ

ਮੇਰੇ ਲਈ

ਹਰ ਰੋਜ਼ ਘੱਲਦਾ ਹੈ:

ਜਿਨ੍ਹਾਂ ਕੋਲ਼ ਨਜ਼ਰ ਹੈ

ਤੇ ਸਮਝ ਹੈ

ਉਹ ਐਵੇਂ ਪੀੜ ਦਾ ਪਰਚਾਰ ਨਹੀਂ ਕਰਦੇ

ਉਹ ਐਵੇਂ ਦਰਦ ਦਾ ਵਿਓਪਾਰ ਨਹੀਂ ਕਰਦੇ

ਉਹ ਕਾਲ਼ੇ ਖ਼ੌਫ਼ ਕੋਲ਼ੋਂ

ਲਿਸ਼ਕਦੇ ਹੋਏ ਗੀਤ ਸੁਣਦੇ ਨੇ

ਤੇ ਚੁਭਦੀ ਪੀੜ ਕੋਲ਼ੋਂ

ਮਹਿਕਦੀ ਸੌਗਾਤ ਲੈਂਦੇ ਨੇ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060



Contact –

Nirmal Datt

# 3060, 47-D,

Chandigarh.

Mobile-98760-13060 

ਇਹ ਵੀ ਪਸੰਦ ਕਰੋਗੇ -

ਫਿਰੇ ਮਿੱਟੀ ਦੇ ਵੇਚਦੀ ਨਖ਼ਰੇ ਤੇ ਮੋਤੀਆਂ ਦੇ ਮੁੱਲ ਮੰਗਦੀ.